ਨਵੀਂ ਦਿੱਲੀ, 6 ਅਗਸਤ 2019 -ਕਾਂਗਰਸ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਅੱਜ ਲੋਕ ਸਭਾ 'ਚ ਧਾਰਾ 370 ਦੇ ਮਸਲੇ 'ਤੇ ਬੋਲਦਿਆਂ ਕਿਹਾ ਕਿ ਜਿਸ ਆਰਟੀਕਲ ਨਾਲ ਸਰਕਾਰ ਨੇ ਧਾਰਾ 370 ਨੂੰ ਖਤਮ ਕੀਤਾ ਹੈ ਉਹ ਸੰਵਿਧਾਨ ਦੀ ਧਾਰਾ 3 ਦੀ ਪੂਰੀ ਤਰ੍ਹਾਂ ਉਲੰਘਣਾ ਹੈ।
ਉਨ੍ਹਾਂ ਕਿਹਾ ਕਿ ਸੰਵਿਧਾਨ ਦਾ ਆਰਟੀਕਲ 3 ਦੱਸਦਾ ਹੈ ਕਿ ਕਿਸੇ ਵੀ ਸੂਬੇ ਦੀ ਹੱਦਬੰਦੀ ਨੂੰ ਬਦਲਣ ਦੀ ਸਿਫਾਰਸ਼ ਤੋਂ ਪਹਿਲਾਂ ਉਸ ਸੂਬੇ ਦੀ ਵਿਧਾਨ ਸਭਾ ਦੇ ਵਿਚਾਰ ਰਾਸ਼ਟਰਪਤੀ ਦੁਆਰਾ ਲਏ ਜਾਣਾ ਜਰੂਰੀ ਹਨ।
ਤਿਵਾੜੀ ਨੇ ਇਸ਼ਾਰਾ ਕੀਤਾ ਕਿ, "ਸਰਕਾਰ ਪਹਿਲਾਂ ਹੀ ਤੈਅ ਕਰ ਚੁੱਕੀ ਸੀ ਕਿਉਂਕਿ ਸੂਬੇ ਦੀ ਵਿਧਾਨ ਸਭਾ ਭੰਗ ਹੋ ਗਈ ਸੀ ਅਤੇ ਰਾਜਪਾਲ ਰਾਜ ਅਧੀਨ ਸੀ ਅਤੇ ਜਿਸ ਤੋਂ ਬਾਅਦ ਸਰਕਾਰ ਨੇ ਆਪਣੇ ਆਪ ਨਾਲ ਸਹਿਮਤੀ ਕੀਤੀ ਅਤੇ ਖੁਦ ਫੈਸਲਾ ਕਰ ਲਿਆ। ਇਹ ਧਾਰਾ 3 ਦੀ ਭਾਵਨਾ 'ਤੇ ਹਮਲਾ ਹੈ। "
ਉਨ੍ਹਾਂ ਕਿਹਾ ਕਿ ਹੁਣ ਤੱਕ ਯੂਨੀਅਨ ਟੈਰੇਟਰੀਆਂ ਨੂੰ ਪ੍ਰਦੇਸ਼ 'ਚ ਸ਼ਾਮਲ ਕੀਤੇ ਜਾਣ ਦੀਆਂ ਮੰਗਾਂ ਬਹੁਤ ਸੁਣੀਆਂ ਸਨ, ਪਰ ਭਾਰਤ ਦੀ ਅਜ਼ਾਦੀ ਦੇ 70 ਸਾਲਾਂ 'ਚ ਪਹਿਲੀ ਵਾਰ ਹੋਇਆ ਕਿ ਕਿਸੇ ਸੂਬੇ ਨੂੰ ਖਤਮ ਕਰਕੇ ਯੂਨੀਅਨ ਟੈਰੇਟਰੀ ਬਣਾ ਦਿੱਤਾ ਗਿਆ ਹੋਏ। ਉਨ੍ਹਾਂ ਕਿਹਾ ਕਿ ਫੈਡਰਲ ਢਾਂਚੇ ਦਾ ਇਸ ਤੋਂ ਵੱਡਾ ਘਾਣ ਹੋਰ ਕੋਈ ਨਹੀਂ ਹੋ ਸਕਦਾ।