ਪੰਚਾਇਤੀ ਚੋਣਾਂ 'ਚ ਗੈਂਗਸਟਰ ਲੈ ਰਹੇ ਨੇ ਹਿੱਸਾ- ਸੁਖਜਿੰਦਰ ਰੰਧਾਵਾ ਦਾ ਵੱਡਾ ਇਲਜ਼ਾਮ
ਪੰਜਾਬ ਦੇ ਵਿੱਚ ਇੱਸ ਸਮੇਂ ਗੈਂਗਸਟਰ ਰਾਜ ਤੇ ਗੁੰਡਿਆਂ ਦੇ ਸਿਰ ਤੇ ਸਰਪੰਚੀ ਦਾ ਤਾਜ ਚੱਲ ਰਿਹਾ ਹੈ-ਰੰਧਾਵਾ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 2 ਅਕਤੂਬਰ 2024-ਗੁਰਦਾਸਪੁਰ ਦੇ ਵਿੱਚ ਕਾਂਗਰਸੀ ਐਮਐਲਏ ਤੇ ਕਾਂਗਰਸੀ ਐਮਪੀ ਸੁਖਜਿੰਦਰ ਰੰਧਾਵਾ ਦੀ ਡੀਸੀ ਦਫਤਰ ਵਿੱਚ ਹੋਈ ਬਹਿਸਬਾਜ਼ੀ ਤੋਂ ਬਾਅਦ ਅੰਮ੍ਰਿਤਸਰ ਵਿੱਚ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਚਾਇਤੀ ਚੋਣਾਂ ਵਿੱਚ ਸ਼ਰੇਆਮ ਗੁੰਡਾਗਰਦੀ ਹੁੰਦੀ ਦਿਖਾਈ ਦੇ ਰਹੀ ਹੈ ਅਤੇ ਗੈਂਗਸਟਰ ਇਹਨਾਂ ਪੰਚਾਇਤੀ ਚੋਣਾਂ ਦੇ ਵਿੱਚ ਹਿੱਸਾ ਲੈ ਰਹੇ ਹਨ।
ਇਸ ਬਾਰੇ ਗੱਲਬਾਤ ਕਰਦੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਗੈਂਗਸਟਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਨ ਤੇ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਪਰਿਵਾਰਿਕ ਮੈਂਬਰ ਸਰਪੰਚੀ ਚੋਣਾਂ ਵਿੱਚ ਸ਼ਾਮਿਲ ਹੋ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸ਼ਰੇਆਮ ਗੋਲੀਆਂ ਚੱਲ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਨੇਤਾ ਤੇ ਮੁੱਖ ਮੰਤਰੀ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੇ। ਉਹਨਾਂ ਕਿਹਾ ਕਿ ਉਹਨਾਂ ਦੇ ਹਲਕੇ ਦੇ ਵਿੱਚ ਇੱਕ ਗੋਪੀ ਗੋਲੀ ਨਾਮ ਦਾ ਗੈਂਗਸਟਰ ਹੈ ਜੋ ਕਿ ਸ਼ਰੇਆਮ ਮੇਰੇ ਲਾਗੇ ਆ ਗਿਆ ਅਤੇ ਇਸ ਬਾਰੇ ਪੁਲਿਸ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ।
ਰੰਧਾਵਾ ਨੇ ਕਿਹਾ ਕਿ ਉਹ ਇਸ ਮਾਮਲੇ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਦਾ ਸਮਾਂ ਮੰਗਦੇ ਹਨ ਕਿ ਅਗਰ ਪੰਜਾਬ ਦੇ ਵਿੱਚ ਜੱਗੂ ਭਗਵਾਨਪੁਰੀਆ ਦੀ ਮਾਤਾ ਅਗਰ ਸਰਪੰਚ ਬਣ ਸਕਦੀਆਂ ਤੇ ਪੰਜਾਬ ਚ ਕਾਨੂੰਨ ਵਿਵਸਥਾ ਕਿੱਥੇ ਖੜੀ ਹੈ ਤੇ ਨਾਲ ਹੀ ਉਹਨਾਂ ਨੇ ਤਸਵੀਰਾਂ ਦਿਖਾਉਂਦੇ ਹੋਏ ਕਿਹਾ ਕਿ ਕੱਲ ਕਾਂਗਰਸੀ ਨੇਤਾ ਕੁਲਬੀਰ ਜੀਰਾ ਦੇ ਉੱਪਰ ਵੀ ਹਮਲਾ ਹੋਇਆ ਹੈ। ਕੀ ਭਗਵੰਤ ਮਾਨ ਦੀ ਸਰਕਾਰ ਦਾ ਇਹੀ ਬਦਲਾਵ ਹੈ। ਉਹਨਾਂ ਕਿਹਾ ਕਿ ਅੱਜ ਵੀ ਜੇਲ ਦੇ ਅੰਦਰੋਂ ਵੀਡੀਓ ਕਾਲਾਂ ਆ ਰਹੀਆਂ ਹਨ। ਉਹਨਾਂ ਕਿਹਾ ਇਸ ਸਬੰਧੀ ਉਹਨਾਂ ਵੱਲੋਂ ਡੀਜੀਪੀ ਗੌਰਵ ਯਾਦਵ ਨੂੰ ਵੀ ਮੈਸੇਜ ਲਿਖਿਆ ਤੇ ਉਹਨਾਂ ਵੱਲੋਂ ਇਸ ਮੁੱਦੇ ਦੇ ਉੱਪਰ ਜਾਂਚ ਕੀਤੀ ਜਾ ਰਹੀ ਹੈ।
ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਰੋਜ਼ਾਨਾ ਹੀ ਬਾਰਡਰ ਦੇ ਉੱਪਰ ਡਰੋਨ ਆ ਰਹੇ ਹਨ ਤੇ ਹੈਰੋਇਨ ਦੀਆਂ ਵੱਡੀਆਂ ਖੇਪਾ ਪੰਜਾਬ ਚ ਆ ਰਹੀਆਂ ਹਨ ਤੇ ਪੰਜਾਬ ਸਰਕਾਰ ਹੀ ਨਹੀਂ ਬਲਕਿ ਭਾਰਤ ਸਰਕਾਰ ਦੀਆਂ ਏਜੰਸੀਆਂ ਵੀ ਇਸ ਦੇ ਲਈ ਜਿੰਮੇਵਾਰ ਹਨ। ਉਹਨਾਂ ਨੇ ਕਿਹਾ ਕਿ ਇਹ ਸਰਪੰਚੀ ਚੁਣਾਵ ਨਹੀਂ ਹੈ ਇਹ ਬਦਲਾਵ ਦੇ ਨਾਂ ਤੇ ਭਗਵੰਤ ਮਾਨ ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਬੀਤੇ ਦਿਨੀ ਗੁਰਦਾਸਪੁਰ ਡੀਸੀ ਦਫਤਰ ਤੋਂ ਇੱਕ ਵੀਡੀਓ ਸਾਹਮਣੇ ਆ ਰਹੀ ਹੈ। ਜਿਸ ਵਿੱਚ ਉਹ ਖੁਦ ਤੇ ਉਹਨਾਂ ਦੇ ਨਾਲ ਕੁਝ ਕਾਂਗਰਸੀ ਨੇਤਾ ਤੇ ਐਮਐਲਏ ਡੀਸੀ ਦਫਤਰ ਵਿੱਚ ਪੰਚਾਇਤੀ ਚੋਣਾਂ ਸੰਬੰਧੀ ਗੱਲਬਾਤ ਕਰਨਗੇ ਸਨ ਤਾਂ ਡੀਸੀ ਵੱਲੋਂ ਉਹਨਾਂ ਦੇ ਨਾਲ ਬੇਰੁਖੀ ਵਰਤਾਈ ਗਈ ਤੇ ਉਹਨਾਂ ਨੂੰ ਦਫਤਰ ਚੋਂ ਬਾਹਰ ਜਾਣ ਲਈ ਕਿਹਾ ਗਿਆ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰੀ ਸੀ।