ਕਿਸਾਨਾਂ ਅਤੇ ਖੇਤੀਬਾੜੀ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿਚਕਾਰ ਮੀਟਿੰਗ ਹੋਈ
ਦੀਪਕ ਜੈਨ
ਜਗਰਾਓਂ, 04 ਅਕਤੂਬਰ, 2022: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਵਫਦ ਅੱਜ ਸਥਾਨਕ ਅਨਾਜ ਮੰਡੀ ਚ ਕਿਸਾਨ ਮੇਲੇ ਤੇ ਪੰਹੁਚੇ ਪੰਜਾਬ ਸਰਕਾਰ ਦੇ ਖੇਤੀਬਾੜੀ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮਿਲਿਆ। ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ 'ਚ ਯੂਨੀਅਨ ਵਲੋਂ ਪੇਸ਼ ਕੀਤੇ ਗਏ ਲਿਖਤੀ ਮੰਗਪੱਤਰ ਰਾਹੀਂ ਮੰਗ ਕੀਤੀ ਗਈ ਕਿ ਬੀਤੇ ਸਮੇਂ 'ਚ ਭਾਰੀ ਬਾਰਸ਼ ਕਾਰਨ ਹੋਏ ਫਸਲਾਂ ਦੇ ਵਿਸ਼ੇਸ਼ਕਰ ਆਲੂਆਂ ਦੇ ਨੁਕਸਾਨ ਦਾ ਮੁਆਵਜਾ ਪਹਿਲ ਦੇ ਆਧਾਰ ਤੇ ਜਾਰੀ ਕੀਤਾ ਜਾਵੇ। ਇਸ ਮੌਕੇ ਆਗੂਆਂ ਨੇ ਮੰਤਰੀ ਨੂੰ ਦੱਸਿਆ ਗਿਆ ਕਿ ਪਿੰਡ ਲੱਖਾ ਦੇ ਕਿਸਾਨ ਬਹਾਦਰ ਸਿੰਘ ਦੀ ਚਾਲੀ ਕਿੱਲੇ ਆਲੂ ਦੀ ਫਸਲ ਤਬਾਹ ਹੋਈ ਹੈ ਤੇ ਇਸੇ ਤਰਾਂ ਦੋ ਦਰਜਨ ਪਿੰਡਾਂ ਚ ਫਸਲਾਂ ਨਸ਼ਟ ਹੋਈਆਂ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਪੰਜਾਬ ਸਰਕਾਰ ਕਿਸਾਨਾਂ ਨਾਲ ਡਟ ਕੇ ਖੜੀ ਹੈ:- Kuldip Dhaliwal (ਵੀਡੀਓ ਵੀ ਦੇਖੋ)
ਇਲਾਕੇ ਦੇ ਪਿੰਡਾਂ ਹੇਰਾਂ, ਛੱਜਾਵਾਲ, ਚੱਕ ਛੱਜਾਵਾਲ ਚ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਹੋਏ ਨੁਕਸਾਨ ਦਾ ਯੋਗ ਮੁਆਵਜਾ ਅਦਾ ਅਜੇ ਤਕ ਨਹੀਂ ਮਿਲਿਆ ਅਦਾ ਕਰਾਇਆ ਜਾਵੇ। ਮੰਤਰੀ ਨੇ ਡੀ ਸੀ ਲੁਧਿਆਣਾ ਨੂੰ ਤੁਰਤ ਮਾਮਲੇ ਚ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਮੂੰਗੀ ਫਸਲ ਘੱਟ ਰੇਟ ਤੇ ਖਰੀਦ ਦੇ ਮਾਮਲੇ ਚ ਨੁਕਸਾਨ ਪੂਰਤੀ ਦੇ ਇਕ ਹਜਾਰ ਰੁਪਏ ਪ੍ਰਤੀ ਕੁਇੰਟਲ ਜਾਰੀ ਕਰਨ ਦੀ ਮੰਗ ਤੇ ਮੰਤਰੀ ਨੇ ਕਿਹਾ ਕਿ ਇਹ ਰਕਮ ਅੱਜ ਤੋ ਹੀ ਸਬੰਧਤ ਕਿਸਾਨਾਂ ਦੇ ਖਾਤਿਆਂ ਚ ਪੈਣੀ ਸ਼ੁਰੂ ਹੋ ਚੁੱਕੀ ਹੈ।
ਕਿਸਾਨ ਅੰਦੋਲਨ ਦੋਰਾਨ ਸ਼ਹੀਦ ਕਿਸਾਨਾਂ ਬਲਕਰਨ ਸਿੰਘ ਲੋਧੀਵਾਲ, ਸੁਖਵਿੰਦਰ ਸਿੰਘ ਕਾਓਂਕੇ, ਗੁਰਪ੍ਰੀਤ ਸਿੰਘ ਜਗਰਾਂਓ, ਹਰਦੀਪ ਸਿੰਘ ਗਾਲਬ ਦੇ ਵਾਰਸਾਂ ਨੂੰ ਮੁਆਵਜਾ ਅਤੇ ਸਰਕਾਰੀ ਨੌਕਰੀ ਅਜੇ ਤੱਕ ਨਾ ਦੇਣ ਸਬੰਧੀ ਵੀ ਰੋਸ ਦਾ ਪ੍ਰਗਟਾਵਾ ਕਰਨ ਤੇ ਇਸ ਸਬੰਧੀ ਜਲਦੀ ਢੁੱਕਵੀਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਬਿਨਾਂ ਲਾਵਾਰਿਸ ਪਸ਼ੂਆਂ ਦਾ ਬੇਹੱਦ ਸੰਗੀਨ ਮਸਲਾ ਸਾਰੇ ਸੂਬੇ ਚ ਹੱਲ ਕਰਨ, ਝੋਨੇ ਦੀ ਆਖਰੀ ਪਾਣੀ ਦੀ ਲੋੜ ਦੇ ਚਲਦਿਆਂ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਅੱਠ ਘੰਟੇ 20 ਅਕਤੂਬਰ ਤਕ ਜਾਰੀ ਰੱਖਣ, ਰੇਤੇ ਬਜਰੀ ਦੀ ਸਪਲਾਈ ਸਰਕਾਰੀ ਰੇਟ ਤੇ ਬੇਰੋਕ ਟੋਕ ਸ਼ੁਰੂ ਕਰਨ, ਨਕਲੀ ਦੁੱਧ ਦੀ ਵਿਕਰੀ ਤੇ ਪਾਬੰਦੀ ਲਗਾਉਣ, ਝੋਨੇ ਦੀ ਪਰਾਲੀ ਸਬੰਧੀ ਕਿਸਾਨ ਮੋਰਚੇ ਦੀ ਮੰਗ ਮੁਤਾਬਕ ਅਮਲ ਕਰਨ ਆਦਿ ਮੰਗਾਂ ਤੇ ਮੰਤਰੀ ਨਾਲ ਵਿਸਥਾਰਤ ਗਲਬਾਤ ਹੋਈ।
ਇਸ ਸਮੇਂ ਡਿਪਟੀ ਕਮਿਸ਼ਨਰ ਲੁਧਿਆਣਾ, ਐੱਸ ਡੀ ਐੱਮ ਜਗਰਾਂਓ ਤੋਂ ਬਿਨਾਂ ਜਥੇਬੰਦੀ ਵਲੋਂ ਇੰਦਰਜੀਤ ਸਿੰਘ ਧਾਲੀਵਾਲ, ਤਾਰਾ ਸਿੰਘ ਅੱਚਰਵਾਲ, ਰਣਧੀਰ ਸਿੰਘ ਬੱਸੀਆਂ, ਜਗਤਾਰ ਸਿੰਘ ਦੇਹੜਕਾ, ਸਰਬਜੀਤ ਸਿੰਘ ਸੁਧਾਰ, ਕਮਲਪ੍ਰੀਤ ਸਿੰਘ ਹੈਪੀ, ਦੇਵਿੰਦਰ ਸਿੰਘ ਕਾਓਂਕੇ , ਹਰਦੀਪ ਸਿੰਘ ਟੂਸੇ ਆਦਿ ਆਗੂ ਹਾਜ਼ਰ ਸਨ।
ਇਸੇ ਦੌਰਾਨ ਗੱਲਾ ਮਜ਼ਦੂਰ ਯੂਨੀਅਨ ਪੰਜਾਬ ਦਾ ਵਫਦ ਕੰਵਲਜੀਤ ਖੰਨਾ, ਰਾਜਪਾਲ ਬਾਬਾ, ਦੇਵਰਾਜ ਦੀ ਅਗਵਾਈ 'ਚ ਕੈਬਿਨਟ ਮੰਤਰੀ ਨੂੰ ਮਿਲਿਆ। ਲਿਖਤੀ ਮੰਗ ਪੱਤਰ ਰਾਹੀਂ ਮੰਡੀ ਕਾਮਿਆਂ ਨੇ ਹੋਰਨਾਂ ਮੰਗਾਂ ਦੇ ਨਾਲ ਨਾਲ ਮਜਦੂਰੀ ਰੇਟਾਂ ਚ ਪੱਚੀ ਪ੍ਰਤੀਸ਼ਤ ਵਾਧੇ ਦੀ ਮੰਗ ਕਰਦਿਆਂ ਕਿਹਾ ਕਿ ਮੰਤਰੀ ਨੇ ਬੀਤੀ ਤਿੰਨ ਤਾਰੀਖ ਤੱਕ ਮਜਦੂਰ ਮੰਗਾਂ ਲਾਗੂ ਕਰਨ ਦਾ ਪਿਛਲੀ ਮੀਟਿੰਗ ਚ ਭਰੋਸਾ ਦਿੱਤਾ ਸੀ ਜੋ ਕਿ ਅਜੇ ਤਕ ਵਫ਼ਾ ਨਹੀਂ ਹੋਇਆ।
ਮਜਦੂਰ ਆਗੂਆਂ ਨੇ ਦੱਸਿਆ ਕਿ ਜੇਕਰ ਮੰਗਾਂ ਦੀ ਪੂਰਤੀ ਨਾ ਹੋਈ ਤਾਂ ਛੇ ਅਕਤੂਬਰ ਤੋਂ ਗੱਲਾ ਮਜਦੂਰ ਮੁੜ ਹੜਤਾਲ ਤੇ ਜਾਣ ਲਈ ਮਜਬੂਰ ਹੋਣਗੇ। ਇਸ ਸਮੇਂ ਜਗਤਾਰ ਸਿੰਘ ਤਾਰੀ, ਸੋਨੂ ਸਹੋਤਾ ਆਦਿ ਆਗੂ ਹਾਜ਼ਰ ਸਨ। ਮੰਤਰੀ ਨੇ ਜਲਦ ਮੰਗਾਂ ਮੰਨਣ ਦਾ ਭਰੋਸਾ ਦਿੱਤਾ।