ਬੀਕੇਯੂ ਉਗਰਾਹਾਂ ਵੱਲੋਂ ਕਿਸਾਨ ਧਰਨਿਆਂ ਵਿੱਚ ਸ਼ਹੀਦ ਸ਼ੁਭਕਰਨ ਸਿੰਘ ਨੂੰ ਸੰਗਰਾਮੀ ਸ਼ਰਧਾਂਜਲੀਆਂ ਭੇਂਟ
- ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਚਾਲੂ ਧਰਨੇ ਮੁਲਤਵੀ ਕਰਕੇ ਭਲਕੇ ਅਮਿਤ ਸ਼ਾਹ, ਖੱਟੜ ਅਤੇ ਡੀ ਜੀ ਪੀ ਹਰਿਆਣਾ ਦੇ ਪੁਤਲੇ ਸਾੜਨ ਅਤੇ ਸੰਘਰਸ਼ ਦੇ ਅਗਲੇ ਪੜਾਵਾਂ ਦਾ ਐਲਾਨ
ਦਲਜੀਤ ਕੌਰ
ਚੰਡੀਗੜ੍ਹ, 22 ਫਰਵਰੀ, 2024: ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਲਾਏ ਗਏ 27 ਧਰਨਿਆਂ ਵਿੱਚ ਬੀਤੇ ਦਿਨ ਖਨੌਰੀ ਬਾਡਰ ਤੋਂ ਦਿੱਲੀ ਵੱਲ ਵਧ ਰਹੇ ਕਿਸਾਨਾਂ ਉੱਤੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਗੋਲੀ ਮਾਰ ਕੇ ਸ਼ਹੀਦ ਕੀਤੇ ਗਏ ਬੱਲ੍ਹੋ ਪਿੰਡ ਦੇ 21 ਸਾਲਾ ਨੌਜਵਾਨ ਸ਼ੁਭਕਰਨ ਸਿੰਘ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸੰਗਰਾਮੀ ਸ਼ਰਧਾਂਜਲੀ ਭੇਂਟ ਕਰਦਿਆਂ ਉਸਦੀ ਕੁਰਬਾਨੀ ਦੀ ਜੈਜੈਕਾਰ ਕੀਤੀ ਗਈ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅੱਜ ਵੀ ਇਨ੍ਹਾਂ ਧਰਨਿਆਂ ਵਿੱਚ ਕੁੱਲ ਮਿਲਾ ਕੇ ਸੈਂਕੜਿਆਂ ਦੀ ਤਾਦਾਦ ਵਿੱਚ ਔਰਤਾਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਸ਼ਾਮਲ ਹੋਏ। ਬੁਲਾਰਿਆਂ ਵੱਲੋਂ ਸ਼ਹੀਦ ਦੇ ਪਰਿਵਾਰ ਨਾਲ਼ ਗਹਿਰਾ ਅਫਸੋਸ ਸਾਂਝਾ ਕੀਤਾ ਗਿਆ ਅਤੇ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਤਾਜ਼ਾ ਫ਼ੈਸਲੇ ਮੁਤਾਬਕ ਚੱਲ ਰਹੇ ਧਰਨੇ ਮੁਲਤਵੀ ਕਰ ਕੇ ਕਿਸਾਨਾਂ ਨੂੰ ਸਿੱਧੀਆਂ ਗੋਲੀਆਂ ਮਾਰਨ ਦੇ ਫੌਰੀ ਜ਼ਿੰਮੇਵਾਰ ਕੇਂਦਰੀ ਮੰਤਰੀ ਅਮਿਤ ਸ਼ਾਹ ਸਮੇਤ ਹਰਿਆਣੇ ਦੇ ਮੁੱਖ ਮੰਤਰੀ ਖੱਟੜ ਤੇ ਡੀ ਜੀ ਪੀ ਦੇ ਪੁਤਲੇ ਪੂਰੇ ਦੇਸ਼ ਅੰਦਰ ਵੱਧ ਤੋਂ ਵੱਧ ਸ਼ਹਿਰਾਂ ਵਿੱਚ ਫੂਕੇ ਜਾਣਗੇ ਅਗਲੇ ਪੜਾਅ 'ਤੇ 26 ਫਰਵਰੀ ਨੂੰ ਮੁੱਖ ਹਾਈਵੇਅ ਮਾਰਗਾਂ ਉੱਤੇ ਲਾਈਨਾਂ ਵਿੱਚ ਮੀਲਾਂ ਬੱਧੀ ਟਰੈਕਟਰ ਖੜ੍ਹਾ ਕੇ ਢੁਕਵੀਂਆਂ ਥਾਂਵਾਂ 'ਤੇ ਡਬਲਯੂ ਟੀ ਓ ਦੇ ਦਿਓ ਕੱਦ ਪੁਤਲੇ ਫੂਕੇ ਜਾਣਗੇ।ਉਸ ਤੋਂ ਅਗਲੇ ਪੜਾਅ 'ਤੇ 14 ਮਾਰਚ ਨੂੰ ਰਾਮਲੀਲਾ ਮੈਦਾਨ ਦਿੱਲੀ ਵਿਖੇ ਕਿਸਾਨ ਮਜ਼ਦੂਰ ਮਹਾਂ ਪੰਚਾਇਤ ਕਰਨ ਲਈ ਕਿਸਾਨ ਮਜ਼ਦੂਰ ਕਾਫ਼ਲੇ ਸੈਂਕੜੇ ਮੀਲਾਂ ਦੀ ਪੈਦਲ ਯਾਤਰਾ ਰਾਹੀਂ ਦਿੱਲੀ ਪਹੁੰਚਣਗੇ।
ਅੱਜ ਦੇ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਸ਼ਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ ਅਤੇ ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ, ਕਮਲਜੀਤ ਕੌਰ ਬਰਨਾਲਾ ਤੇ ਦਵਿੰਦਰ ਕੌਰ ਛਾਲਾਂ ਤੋਂ ਇਲਾਵਾ ਜ਼ਿਲ੍ਹਾ/ਬਲਾਕ ਪੱਧਰੇ ਅਤੇ ਸਥਾਨਕ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਊਕਤ ਫੈਸਲਿਆਂ ਬਾਰੇ ਧਰਨਾਕਾਰੀਆਂ ਨੂੰ ਜਾਣਕਾਰੀ ਦਿੰਦੇ ਹੋਏ ਮੌਜੂਦਾ ਸੰਘਰਸ਼ ਦੀਆਂ ਹੋਰ ਭਖਦੀਆਂ ਮੰਗਾਂ ਜਿਵੇਂ ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ ਮਜ਼ਦੂਰਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ, ਲਖੀਮਪੁਰ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ਼, ਸਰਬਵਿਆਪੀ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ, ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਯੋਜਨਾ, ਕਿਸਾਨ ਘੋਲ਼ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਨੌਕਰੀਆਂ ਤੇ ਇਨ੍ਹਾਂ ਸ਼ਹੀਦਾਂ ਦੀ ਕੌਮੀ ਯਾਦਗਾਰ ਬਣਾਉਣ ਉੱਤੇ ਜ਼ੋਰ ਦਿੱਤਾ। ਇਸ ਮੰਗ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਸਾਮਰਾਜ ਪੱਖੀ ਤੇ ਲੋਕ ਵਿਰੋਧੀ ਨੀਤੀਆਂ ਦੀ ਪੈਰੋਕਾਰ ਸੰਸਾਰ ਵਪਾਰ ਸੰਸਥਾ ਵਿੱਚੋਂ ਭਾਰਤ ਬਾਹਰ ਆਵੇ। ਉਨ੍ਹਾਂ ਵਲੋਂ ਇਹ ਨੀਤੀਆਂ ਲਾਗੂ ਕਰ ਰਹੀਆਂ ਭਾਜਪਾ ਦੀਆਂ ਕੇਂਦਰੀ ਅਤੇ ਹਰਿਆਣਾ ਸਰਕਾਰਾਂ ਵੱਲੋਂ ਕਿਸਾਨਾਂ ਦਾ ਸੰਘਰਸ਼ ਕਰਨ ਦਾ ਸੰਵਿਧਾਨਕ ਜਮਹੂਰੀ ਹੱਕ ਕੁਚਲਣ ਲਈ ਸਿੱਧੀਆਂ ਗੋਲੀਆਂ ਮਾਰ ਕੇ ਚੜ੍ਹਦੀ ਉਮਰ ਦੇ ਨੌਜਵਾਨ ਦੀ ਜਾਨ ਲੈਣ ਅਤੇ ਦਰਜਨਾਂ ਕਿਸਾਨਾਂ ਨੂੰ ਸਖ਼ਤ ਜ਼ਖ਼ਮੀ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ।
ਇਨ੍ਹਾਂ ਨੀਤੀਆਂ ਤਹਿਤ ਹੀ ਜਨਤਕ ਖੇਤਰ ਦੇ ਸਿਹਤ, ਸਿੱਖਿਆ, ਬਿਜਲੀ ਵਰਗੇ ਸਾਰੇ ਜਨਤਕ ਅਦਾਰੇ ਅਡਾਨੀ ਅੰਬਾਨੀ ਵਰਗੇ ਦੇਸੀ ਬਦੇਸ਼ੀ ਸਾਮਰਾਜੀ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਨੂੰ ਕਿਸਾਨਾਂ ਦੇ ਕੁਰਬਾਨੀਆਂ ਭਰੇ ਜੁਝਾਰੂ ਸੰਘਰਸ਼ਾਂ ਦੁਆਰਾ ਕੰਧ 'ਤੇ ਲਿਖਿਆ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ ਕਿ ਹਕੂਮਤੀ ਜਬਰ ਸੰਘਰਸ਼ ਕਰਨ ਵਾਲੇ ਕਾਫ਼ਲਿਆਂ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦਾ, ਸਗੋਂ ਇਹ ਜਬਰ ਤਾਂ ਸੰਘਰਸ਼ਾਂ ਦੀ ਖ਼ੁਰਾਕ ਬਣ ਜਾਇਆ ਕਰਦਾ ਹੈ। ਆਗੂਆਂ ਨੇ ਕਿਹਾ ਕਿ ਸਾਡਾ ਸੰਘਰਸ਼ ਹਰ ਕਿਸਮ ਦੀ ਕੁਰਬਾਨੀ ਦੇ ਕੇ ਵੀ ਜਾਰੀ ਰਹੇਗਾ ਅਤੇ ਮੋਦੀ ਹਕੂਮਤ ਨੂੰ ਕਿਸਾਨਾਂ-ਮਜਦੂਰਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਮਜਬੂਰ ਕਰੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਵੀ ਧਰਨਿਆਂ ਵਿੱਚ ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ, ਮੁਲਾਜ਼ਮਾਂ, ਟੀਚਰਾਂ, ਠੇਕਾ ਕਾਮਿਆਂ, ਵਿਦਿਆਰਥੀਆਂ ਨੇ ਹਮਾਇਤੀ ਸ਼ਮੂਲੀਅਤ ਕੀਤੀ ਅਤੇ ਆਗੂਆਂ ਨੇ ਸੰਬੋਧਨ ਕੀਤਾ।