ਚੰਡੀਗੜ੍ਹ, 22 ਸਤੰਬਰ 2019 - ਬੀਤੇ ਦਿਨੀਂ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਪੰਜਾਬੀ ਬੋਲੀ ਤੇ ਹਿੰਦੀ ਬਾਰੇ ਕੀਤੀ ਟਿੱਪਣੀ ਤੋਂ ਬਾਅਦ ਕੈਨੇਡਾ 'ਚ ਪੰਜਾਬੀਆਂ ਦੇ ਇੱਕ ਹਿੱਸੇ ਵੱਲੋਂ ਉਸਦੇ ਸ਼ੋਅ ਦਾ ਵਿਰੋਧ ਕੀਤਾ ਗਿਆ ਸੀ। ਏਸ ਟਿੱਪਣੀ ਨੇ ਗੁਰਦਾਸ ਮਾਨ ਦਾ ਅਜੇ ਪਿੱਛਾ ਨਹੀਂ ਸੀ ਛੱਡਿਆ ਕਿ ਹੁਣ ਉਨ੍ਹਾਂ ਦੁਆਰਾ ਕੈਨੇਡਾ ਦੇ ਐਬਟਸਫੋਰਡ ਵਿਖੇ ਹੋਏ ਸ਼ੋਅ ਦੌਰਾਨ ਇੱਕ ਹੋਰ ਵਿਵਾਦ ਸਹੇੜ ਲਿਆ ਗਿਆ ਹੈ।
ਗੁਰਦਾਸ ਮਾਨ ਦੇ ਸ਼ੋਅ ਦੀ ਵੀਡੀੳ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਹਾਲ ਅੰਦਰ ਪੰਜਾਬੀਆਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਪਰ ਉਥੇ ਹੀ ਮਾਨ ਦੇ ਸ਼ੋਅ ਦਾ ਵਿਰੋਧ ਕਰਦੇ ਇੱਕ ਪ੍ਰਦਰਸ਼ਨਕਾਰੀ ਨੂੰ ਗੁਰਦਾਸ ਮਾਨ ਨੇ ਖਰੀਆਂ ਖਰੀਆਂ ਸੁਣਾ ਦਿੱਤੀਆਂ। ਉਸ ਪ੍ਰਦਰਸ਼ਨਕਾਰੀ ਦੇ ਹੱਥ 'ਚ ਗੁਰਦਾਸ ਮਾਨ ਦੇ ਵਿਰੁੱਧ ਤਖਤੀ ਫੜੀ ਦੇਖ ਮਾਨ ਨੇ ਸਟੇਜ ਤੋਂ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਜਿਸ ਨਾਲ ਪੂਰੇ ਹਾਲ 'ਚ ਰੌਲਾ ਪੈ ਗਿਆ। ਪਤਾ ਲੱਗਿਆ ਹੈ ਕਿ ਤਖਤੀ ਫੜ ਮਾਨ ਦਾ ਵਿਰੋਧ ਕਰ ਰਹੇ ਸ਼ਖਸ਼ ਦੀ ਪਹਿਚਾਣ ਚਰਨਜੀਤ ਸੁੱਜੋ ਨਾਮੀ ਹੋਈ ਹੈ ਜੋ ਕਿ ਲੇਖਕ ਦੱਸਿਆ ਜਾ ਰਿਹਾ ਹੈ।
ਮਾਨ ਦੀ ਇਸ ਵੀਡੀੳ 'ਤੇ ਸੋਸ਼ਲ ਮੀਡੀਆ 'ਤੇ ਕਾਫੀ ਨਿਖੇਧੀ ਕੀਤੀ ਜਾ ਰਹੀ ਹੈ। ਫਿਲਹਾਲ ਗੁਰਦਾਸ ਮਾਨ ਵੱਲੋਂ ਸਟੇਜ 'ਤੇ ਬੋਲੇ ਅਪਸ਼ਬਦ ਬਾਰੇ ਪ੍ਰਤੀਕਰਮ ਆਉਣਾ ਬਾਕੀ ਹੈ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/BabushahiDotCom/videos/775340786234185/
ਸ਼ੋਅ ਦੌਰਾਨ ਵਿਰੋਧ ਕਰ ਰਿਹਾ ਪੰਜਾਬੀ