ਮਾਨਸਾ ਦੇ ਗੁਰਦੁਆਰਾ ਸਿੰਘ ਸਭਾ ਦੇ ਬਾਹਰ ਲਗਾਏ ਗਏ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਬੈਨਰ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਪੀਲ ਦਾ ਅਸਰ
- ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੁਦਵਾਰਾ ਸਾਹਿਬ ਅੱਗੇ ਬੈਨਰ ਲਗਾਉਣ ਦੀ ਕੀਤੀ ਸੀ ਅਪੀਲ
- ਬੰਦੀ ਸਿੰਘਾਂ ਦੀ ਰਿਹਾਈ ਲਈ ਲਈ ਇੱਕ ਬੈਨਰ ਹੇਠ ਆਵੇ ਸਿੱਖ ਕੌਮ
ਮਾਨਸਾ, 24 ਜੁਲਾਈ 2022 - ਪਿਛਲੇ ਲੰਮੇ ਸਮੇਂ ਤੋਂ ਦੇਸ਼ ਵਿਦੇਸ਼ ਵਿੱਚ ਸਿੱਖ ਸੰਗਤ ਵੱਲੋਂ ਜੇਲ੍ਹਾਂ ਵਿੱਚ ਬੰਦ ਬੇਕਸੂਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ ਉੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਸੰਗਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੁਦਵਾਰਾ ਸਾਹਿਬਾਨਾਂ ਅੱਗੇ ਬੈਨਰ ਲਾਉਣ ਦੀ ਅਪੀਲ ਕੀਤੀ ਗਈ ਸੀ। ਜਿਸਤੇ ਮਾਨਸਾ ਵਿੱਚ ਗੁਰਦੁਆਰਾ ਸਿੰਘ ਸਭਾ ਦੀ ਲੋਕਲ ਕਮੇਟੀ ਅਤੇ ਸੰਗਤ ਵੱਲੋਂ ਗੂਰੂ ਘਰ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਲਈ ਬੈਨਰ ਲਗਾਏ ਗਏ ਤੇ ਸਿੱਖ ਕੌਮ ਨੂੰ ਬੇਨਤੀ ਕੀਤੀ ਗਈ ਕਿ ਧੜੇਬੰਦੀ ਤੋਂ ਉਪਰ ਉੱਠ ਕੇ ਇੱਕ ਝੰਡੇ ਥੱਲੇ ਇਕੱਠੇ ਹੋਣ ਤਾਂ ਕਿ ਬੰਦੀ ਸਿੰਘ ਰਿਹਾਅ ਕਰਵਾਏ ਜਾ ਸਕਣ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਮਾਨਸਾ ਦੇ ਗੁਰਦੁਆਰਾ ਸਿੰਘ ਸਭਾ ਦੇ ਬਾਹਰ ਲਗਾਏ ਗਏ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਬੈਨਰ (ਵੀਡੀਓ ਵੀ ਦੇਖੋ)
ਲੋਕਲ ਕਮੇਟੀ ਦੇ ਪ੍ਰਧਾਨ ਰਘਵੀਰ ਸਿੰਘ, ਜੁਗਰਾਜ ਸਿੰਘ ਅਤੇ ਬਲਜੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਨਯੋਗ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਨੂੰ ਇੱਕ ਸੰਦੇਸ਼ ਦਿੱਤਾ ਗਿਆ ਹੈ ਕਿ ਜਦੋਂ ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੇਕਸੂਰ ਸਿੱਖ ਨੌਜਵਾਨ ਬੰਦ ਹਨ, ਉਹਨਾਂ ਦੀ ਰਿਹਾਈ ਦੇ ਲਈ ਦੋ ਸਥਾਨਕ ਗੁਰਦੁਆਰਾ ਸਾਹਿਬ ਹਨ, ਉਹਨਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਫਲੈਕਸਾਂ ਲਗਾਈਆਂ ਜਾਣ। ਉਹਨਾਂ ਕਿਹਾ ਕਿ ਜਿਸ ਦੇਸ਼ ਦੇ ਵਿੱਚ ਦੇਸ਼ ਨੂੰ ਅਜ਼ਾਦ ਕਰਵਾਉਣ ਦੇ ਲਈ 90 ਫੀਸਦੀ ਕੁਰਬਾਨੀਆਂ ਸਿੱਖ ਕੌਮ ਵੱਲੋ ਦਿੱਤੀਆਂ ਗਈਆਂ ਹਨ।
ਪਰ ਸਿੱਖ ਕੌਮ ਦੇ ਮੱਕੇ ਮਦੀਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ। ਦਿੱਲੀ ਦੇ ਵਿੱਚ ਵੀ ਕਤਲੇਆਮ ਕੀਤਾ ਗਿਆ, ਸਿੱਖ ਕੌਮ ਦੇ ਨੌਜਵਾਨਾ, ਮਾਈਆਂ ਅਤੇ ਬੱਚਿਆਂ ਨੂੰ ਗਲਾ ਵਿੱਚ ਟਾਇਰ ਪਾਕੇ ਫੂਕਿਆ ਗਿਆ ਅਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨ ਮਾਰੇ ਗਏ ਤੇ ਗੁਰਦਵਾਰਾ ਸਾਹਿਬਾਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗੋਲੀਆਂ ਨਾਲ ਛਲਨੀ ਕੀਤੇ ਗਏ। ਜਿਸਤੋਂ ਬਾਗ਼ੀ ਹੋ ਕੇ ਨੌਜਵਾਨ ਗੁਰੂ ਘਰਾਂ ਤੇ ਕੀਤੇ ਹਮਲਿਆਂ ਨੂੰ ਬਰਦਾਸ਼ਤ ਨਾਂ ਕਰਦਿਆਂ ਹਥਿਆਰ ਬੰਦ ਲੜਾਈ ਦੇ ਰਸਤੇ ਪਏ ਸਨ।
ਪਰ ਜੇ ਇਹਨਾਂ ਦੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਦੇਸ਼ ਦੇ ਕਾਨੂੰਨ ਅਨੁਸਾਰ ਦੇਖ ਲਈਏ ਤਾਂ ਉਸਤੋਂ ਕਿਤੇ ਵੱਧ ਸਜ਼ਾ ਇਹ ਭੁਗਤ ਚੁੱਕੇ ਹਨ। ਪਰ ਦੇਸ ਦੀ ਮੌਜੂਦਾ ਸਰਕਾਰ ਹੁਣ ਵੀ ਇਹਨਾਂ ਨੂੰ ਰਿਹਾ ਕਰਵਾਉਣ ਲਈ ਤਿਆਰ ਨਹੀਂ ਹੈ ਜਦੋਂਕਿ ਇਹਨਾਂ ਨੇ ਆਪਣੀ ਸਮੂਚੀ ਉਮਰ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬਿਤਾ ਲਈ ਹੈ। ਉਹਨਾਂ ਸਿੱਖ ਕੌਮ ਨੂੰ ਬੇਨਤੀ ਕੀਤੀ ਕਿ ਧੜੇਬੰਦੀ ਤੋਂ ਉੱਠ ਕੇ ਇੱਕ ਝੰਡੇ ਥੱਲੇ ਇਕੱਠੇ ਹੋਣ ਤਾਂ ਕਿ ਬੰਦੀ ਸਿੰਘ ਰਿਹਾਅ ਕਰਵਾਏ ਜਾ ਸਕਣ।