ਸਰਕਾਰ ਗੈਰ ਕੋਰੋਨਾ ਮਰੀਜ਼ਾਂ ਦਾ ਇਲਾਜ ਵੀ ਯਕੀਨੀ ਬਣਾਵੇ : ਡਾ. ਦਲਜੀਤ ਸਿੰਘ ਚੀਮਾ
ਚੰਡੀਗੜ, 03 ਸਤੰਬਰ 2020: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਆਖਿਆ ਕਿ ਬਜਾਏ ਲੋਕਾਂ ਨੂੰ ਦੇਰ ਨਾਲ ਹਸਪਤਾਲਾਂ ਵਿਚ ਰਿਪੋਰਟ ਕਰਨ ਦਾ ਦੋਸ਼ੀ ਠਹਿਰਾਉਣ ਦੇ, ਉਹ ਆਪਣੇ ਕੰਮਕਾਜ ਨੂੰ ਦਰੁੱਸਤ ਕਰੇ ਅਤੇ ਨਾਜ਼ੁਕ ਸੰਭਾਲ ਕੇਂਦਰਾਂ ਵਿਚ ਬੁਨਿਆਦੀ ਢਾਂਚੇ ਤੇ ਮੈਡੀਕਲ ਸੂਹਕਨਾਂ ਵਿਚ ਸੁਧਾਰ 'ਤੇ ਜ਼ੋਰ ਦੇਵੇ। ਪਾਰਟੀ ਨੇ ਕਿਹਾ ਕਿ ਮੌਤ ਦਰ ਦੇ ਅੰਕੜੇ ਦੱਸਦੇ ਹਨ ਕਿ ਸੂਬੇ ਵਿਚ ਸਿਹਤ ਪ੍ਰਣਾਲੀ ਤਕਰੀਬਨ ਢਹਿ ਢੇਰੀ ਹੋ ਚੱਲੀ ਹੈ।
ਇਥੇ ਜਾਰੀ ਕੀਤੇ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕੱਲ• ਸੂਬੇ ਵਿਚ ਕੋਰੋਨਾ ਨਾਲ 106 ਮੌਤਾਂ ਹੋ ਗਈਆਂ ਹਨ ਅਤੇ ਸੂਬੇ ਵਿਚ ਮੌਤ ਦਰ 2.6 ਫੀਸਦੀ ਹੈ ਜੋ ਕਿ ਦੇਸ਼ ਵਿਚ ਤੀਜੀ ਸਭ ਤੋਂ ਵੱਧ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਮੌਤ ਦਰ ਘਟਣ ਦੀ ਬਜਾਏ ਲਗਾਤਾਰ ਵੱਧ ਰਹੀ ਹੈ ਅਤੇ ਹੋਰਨਾਂ ਰਾਜਾਂ ਦੀ ਤੁਲਨਾ ਵਿਚ ਪੰਜਾਬ ਸਰਕਾਰ ਕੋਰੋਨਾ ਮਰੀਜ਼ਾਂ ਦੀ ਮੈਡੀਕਲ ਸੰਭਾਲ ਕਰਨ ਵਿਚ ਫੇਲ• ਹੋ ਰਹੀ ਹੈ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜ਼ਮੀਨੀ ਹਾਲਾਤ ਸਰਕਾਰ ਦੇ ਦਾਅਵਿਆਂ ਨਾਲੋਂ ਬਿਲਕੁਲ ਵੱਖ ਹਨ। ਉਹਨਾਂ ਕਿਹਾ ਕਿ ਫਰੀਦਕੋਟ ਮੈਡੀਕਲ ਕਾਲਜ ਵਿਚ ਇਸਦੇ ਮੈਡੀਕਲ ਸੁਪਰਡੈਂਟ ਨੇ ਮਹਾਮਾਰੀ ਦੇ ਟਾਕਰੇ ਲਈ ਬੁਨਿਆਦੀ ਢਾਂਚਾ ਨਾ ਹੋਣ ਕਾਰਨ ਅਸਤੀਫਾ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਮੈਡੀਕਲ ਕਾਲਜ ਦੇ 55 ਤੋਂ ਵੱਧ ਡਾਕਟਰ ਕੋਰੋਨਾ ਪਾਜ਼ੀਟਿਵ ਆ ਗਏ ਹਨ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਡਾਕਟਰਾਂ ਤੇ ਮੈਡੀਕਲ ਸਟਾਫ ਨੂੰ ਲੋੜੀਂਦੇ ਸੁਰੱਖਿਆ ਉਪਕਰਣ ਪ੍ਰਦਾਨ ਨਹੀਂ ਕੀਤੇ। ਉਹਨਾਂ ਕਿਹਾ ਕਿ ਇਲਾਕੇ ਦੇ ਲੋਕ ਵੀ ਕੁਝ ਸਮੇਂ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਮੈਡੀਕਲ ਕਾਲਜਾਂ ਵਿਚ ਲੋੜੀਂਦੀਆਂ ਸਹੂਲਤਾਂ ਦੇਣ ਦੀ ਮੰਗ ਕਰ ਰਹੇ ਹਨ।
ਡਾ. ਚੀਮਾ ਨੇ ਕਿਹਾ ਕਿ ਸਾਰੇ ਮੈਡੀਕਲ ਕਾਲਜਾਂ ਵਿਚ ਆਈ ਸੀ ਯੂ ਸਹੂਲਤ ਹੋਣੀ ਚਾਹੀਦੀ ਹੈ ਜਿਸ ਵਿਚ ਨਾਜ਼ੁਕ ਕੋਰੋਨਾ ਮਰੀਜ਼ਾਂ ਦੀ ਸੰਭਾਲ ਲਈ ਵਿਸ਼ੇਸ਼ ਸਹੂਲਤਾਂ ਹੋਣ। ਉਹਨਾਂ ਕਿਹਾ ਕਿ ਇਹਨਾਂ ਦੀ ਹਾਲੇ ਵੀ ਘਾਟੇ ਹੈ ਤੇ ਪਟਿਆਲਾ ਵਿਚ ਤਾਂ ਰਾਤ ਨੂੰ ਆਕਸੀਜ਼ਨ ਸਪਲਾਈ ਹੀ ਰੁਕ ਗਈ ਸੀ। ਉਹਨਾਂ ਕਿਹਾ ਕਿ ਕੋਰੋਨਾ ਸੰਭਾਲ ਕੇਂਦਰਾਂ ਵਿਚ ਮੈਡੀਕਲ ਸੰਭਾਲ ਨਾ ਹੋਣ ਦੀਆਂ ਵਿਆਪਕ ਸ਼ਿਕਾਇਤਾਂ ਮਿਲੀਆਂ ਹਨ ਤੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਸ ਕਰ ਕੇ ਕਹਿ ਦਿੱਤਾ ਹੈ ਕਿ ਉਹ ਆਪਣੇ ਕੋਰੋਨਾ ਮਰੀਜ਼ਾਂ ਨੂੰ ਕੋਰੋਨਾ ਕੇਂਦਰਾਂ ਵਿਚ ਨਹੀਂ ਭੇਜਣਗੇ।
ਡਾ. ਚੀਮਾ ਨੇ ਨਾਜ਼ੁਕ ਮਰੀਜ਼ਾਂ ਦੀ ਸੰਭਾਲ ਲਈ ਕੇਂਦਰਾਂ ਵਿਚ ਸੁਧਾਰ ਦਾ ਸੱਦਾ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਆਈਸੋਲੇਸ਼ਨ ਸੈਂਟਰਾਂ ਸਮੇਤ ਸਾਰੇ ਕੋਰੋਨਾ ਕੇਂਦਰਾਂ ਵਿਚ ਚੰਗੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਪੈਰਾ ਮੈਡੀਕਲ ਸੰਭਾਲ ਦੀ ਗਿਣਤੀ ਵੀ ਤੁਰੰਤ ਵਧਾਉਣ ਦੀ ਜ਼ਰੂਰਤ ਹੈ ਤਾਂ ਕਿ ਇਹਨਾਂ ਕੇਂਦਰਾਂ ਵਿਚ ਮਰੀਜ਼ਾਂ ਦੀ ਸਹੀ ਸੰਭਾਲ ਕੀਤੀ ਜਾ ਸਕੇ।
ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਸਰਕਾਰ ਸਾਰੇ ਗੈਰ ਕੋਰੋਨਾ ਮਰੀਜ਼ਾਂ ਦਾ ਸਹੀ ਇਲਾਜ ਵੀ ਯਕੀਨੀ ਬਣਾਵੇ। ਉਹਨਾਂ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਮੁਤਾਬਕ ਗੈਰ ਕੋਰੋਨਾ ਮਰੀਜ਼ਾਂ ਨੂੰ ਉਹਨਾਂ ਦੀ ਹਾਲਤ 'ਤੇ ਛੱਡ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਬਹੁਤ ਵੱਡੀ ਗਿਣਤੀ ਵਿਚ ਕੈਂਸਰ ਦੇ ਮਰੀਜ਼ ਹਨ ਜਦਕਿ ਕਈ ਹੋਰਨਾਂ ਨੂੰ ਛਾਤੀ, ਲੀਵਰ ਤੇ ਦਿਲ ਦੇ ਰੋਗਾਂ ਦੀਆਂ ਸ਼ਿਕਾਇਤਾਂ ਹਨ। ਉਹਨਾਂ ਕਿਹਾ ਕਿ ਮਰੀਜ਼ਾਂ ਨੂੰ ਇਲਾਜ ਤੋਂ ਜੁਆਬ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਦੀ ਹਾਲਤ ਵਿਗੜ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਹਾਲਾਤ ਹੋਰ ਖਤਰਨਾਕ ਹੋਣ ਤੋਂ ਪਹਿਲਾਂ ਅਜਿਹੇ ਮਰੀਜ਼ਾਂ ਦੀ ਸੰਭਾਲ ਲਈ ਤੁਰੰਤ ਸੁਰੱਖਿਅਤ ਸਹੂਲਤਾਂ ਦੀ ਸਿਰਜਣਾ ਚਾਹੀਦੀ ਹੈ।