ਸਿੱਧੂ -ਚੰਨੀ ਮੀਟਿੰਗ ਦਾ ਨਤੀਜਾ ਅਜੇ ਗੁੱਝਾ ਭੇਦ- ਤਾਲਮੇਲ ਕਮੇਟੀ ਬਣਾਏ ਜਾਣ ਦੀ ਕਨਸੋਅ
ਚੰਡੀਗੜ੍ਹ, 30 ਸਤੰਬਰ, 2021 : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਅਸਤੀਫ਼ੇ ਤੋਂ ਪੈਦਾ ਹੋਏ ਸਿਆਸੀ ਸੰਕਟ ਦੇ ਹੱਲ ਲਈ ਅੱਜ ਇੱਥੇ ਸਿੱਧੂ ਅਤੇ ਮੁੱਖ ਮੰਤਰੀ ਚੰਨੀ ਵਿਚਕਾਰ ਹੋਈ ਮੀਟਿੰਗ ਦੇ ਨਤੀਜੇ ਬਾਰੇ ਅਜੇ ਸਸਪੈਂਸ ਬਣਿਆ ਹੋਇਆ ਹੈ ਕਿਉਂਕਿ ਪਾਰਟੀ ਜਾਂ ਸਰਕਾਰ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ .
ਜਿਸ ਹਿਸਾਬ ਨਾਲ ਦੋਹੇਂ ਨੇਤਾ ਅਤੇ ਮੀਟਿੰਗ ਵਿਚ ਸ਼ਾਮਲ ਬਾਕੀ ਮੰਤਰੀ ਅਤੇ ਨੇਤਾ ਬਿਨਾ ਕੁਝ ਬੋਲੇ ਮੀਡੀਆ ਤੋਂ ਟਾਲਾ ਵੱਟ ਕੇ ਪੰਜਾਬ ਭਵਨ ਤੋਂ ਨਿਕਲੇ ਇਸ ਤੋਂ ਅਨੁਮਾਨ ਇਹ ਲਾਇਆ ਜਾ ਰਿਹਾ ਸੀ ਕਿ ਅਜੇ ਮਸਲਾ ਨਿੱਬੜਿਆ ਨਹੀਂ .
ਉਂਝ ਚਰਚਾ ਇਹ ਹੈ ਕਿ ਇਹ ਤਜਵੀਜ਼ ਬਣੀ ਹੈ ਕਿ ਸਰਕਾਰ ਦੀ ਗਵਰਨੈਂਸ ਅਤੇ ਪਾਰਟੀ ਵਿਚਕਾਰ ਤਾਲਮੇਲ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਇੱਕ ਸਾਂਝੀ ਤਾਲਮੇਲ ਕਮੇਟੀ ਬਣਾਈ ਜਾਵੇ ਅਤੇ ਭਵਿੱਖ ਵਿਚ ਸਾਰੇ ਮਸਲੇ ਇਸ ਵਿਚ ਹੀ ਵਿਚਾਰੇ ਜਾਇਆ ਕਰਨ ਪਰ ਇਸ ਬਾਰੇ ਰਸਮੀ ਐਲਾਨ ਅਤੇ ਨਿਰਨਾ ਪਾਰਟੀ ਹਾਈ ਕਮਾਂਡ ਹੀ ਕਰੇਗੀ .
ਬੇਸ਼ੱਕ ਅੱਜ ਸ਼ਾਮੀਂ ਡੀ ਜੀ ਪੀ ਬਦਲੇ ਜਾਣ ਦੀਆਂ ਅਫ਼ਵਾਹਾਂ ਬਹੁਤ ਚਲਦੀਆਂ ਰਹੀਆਂ ਪਰ ਇਹ ਵੀ ਇੱਕ ਭੇਦ ਹੈ ਕਿ ਕੀ ਮੌਜੂਦਾ ਡੀ ਜੀ ਪੀ ਅਤੇ ਐਡਵੋਕੇਟ ਜਨਰਲ ਦੀਆਂ ਨਿਯੁਕਤੀਆਂ ਕੀ ਰੱਦ ਹੋਣਗੀਆਂ ਜਾਂ ਕੋਈ ਹੋਰ ਵਿਚਲਾ ਰਾਹ ਕੱਢਿਆ ਜਾਵੇਗਾ ?