ਹਰਿਆਣਾ ਪੁਲਿਸ ਦੇ ਤਸ਼ੱਦਦ ਤੇ ਕਿਸਾਨਾਂ ਨਾਲ ਹੋਈਆਂ ਵਧੀਕੀਆਂ ਦੀ ਜਾਂਚ ਕਰੇਗੀ ਪੰਜਾਬ ਵਿਧਾਨ ਸਭਾ ਦੀ ਹਾਊਸ ਕਮੇਟੀ
ਚੰਡੀਗੜ੍ਹ,5 ਮਾਰਚ,2021: ਕਿਸਾਨ ਅੰਦੋਲਨ ਦੌਰਾਨ ਬਹੁਤ ਸਾਰੇ ਕਿਸਾਨ ਹਰਿਆਣਾ ਪੁਲਿਸ ਦੀ ਤਸ਼ੱਦਦ ਦਾ ਸ਼ਿਕਾਰ ਹੋਣ ਦੀਆਂ ਰਿਪੋਰਟਾਂ ਆਈਆਂ ਸਨ। ਜਿਸ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿੱਚ ਇਸ ਦਾ ਮੁੱਦਾ ਉੱਠਿਆ। ਵਿਧਾਇਕ ਕੰਵਰ ਸੰਧੂ ਨੇ ਸਪੀਕਰ ਰਾਣਾ ਕੇ ਪੀ ਅੱਗੇ ਅਪੀਲ ਕੀਤੀ ਸੀ ਕਿ ਇਸ ਮਾਮਲੇ ਨੂੰ ਲੈ ਕੇ ਇਕ ਸਦਨ ਦੀ ਕਮੇਟੀ ਬਣਾਈ ਜਾਵੇ। ਕੰਵਰ ਸੰਧੂ ਨੇ ਹਰਿਆਣਾ ਪੁਲਿਸ ਵੱਲੋਂ ਕੀਤੇ ਗਏ ਤਸ਼ੱਦਦ, ਕੁੱਝ ਲੋਕਾਂ ਦੁਆਰਾ ਕਿਸਾਨ ਅੰਦੋਲਨ ਦੌਰਾਨ ਲੋਕਾਂ ਤੇ ਕੀਤੇ ਗਏ ਹਮਲੇ ਤੇ ਤਿਹਾੜ ਜੇਲ੍ਹ ਵਿਚ ਕਿਸਾਨਾਂ ਨਾਲ ਹੋਏ ਤਸ਼ੱਦਦ,ਇਹ ਤਿੰਨ ਮੁੱਦਿਆਂ ਤੇ ਕਮੇਟੀ ਬਣਾਉਣ ਦੀ ਅਪੀਲ ਕੀਤੀ ਸੀ। ਇਸ ਦੇ ਨਾਲ ਹੀ ਸੁਖਪਾਲ ਖਹਿਰਾ ਵੱਲੋਂ ਵੀ ਇਹ ਮੁੱਦਾ ਚੁੱਕਿਆ ਗਿਆ ਸੀ। ਕੰਵਰ ਸੰਧੂ ਦੀ ਸੁਜੈਸ਼ਨ ਤੇ ਮੁੱਖ ਮੰਤਰੀ ਨੇ ਸਹਿਮਤੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਸਪੀਕਰ ਨੇ ਐਲਾਨ ਕਰ ਦਿੱਤਾ ਹੈ ਕਿ ਹਾਊਸ ਕਮੇਟੀ ਇਸ ਦੀ ਜਾਂਚ ਕਰੇਗੀ। ਇਸ ਕਮੇਟੀ ਦੇ ਮੈਂਬਰਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਇਹ ਕਮੇਟੀ ਕਿਸਾਨਾਂ ਨਾਲ ਹੋਈਆਂ ਵਧੀਕੀਆਂ ਤੇ ਹਰਿਆਣਾ ਪੁਲਿਸ ਵੱਲੋਂ ਕੀਤੇ ਗਏ ਤਸ਼ੱਦਦ ਦੀ ਜਾਂਚ ਕਰੇਗੀ।