ਹਰਜਿੰਦਰ ਸਿੰਘ ਭੱਟੀ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਬਜਟ ਸੂਬੇ ਦੇ ਚਹੁੰਮੁਖੀ ਵਿਕਾਸ ਵਾਲਾ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੇਂਡੂ ਔਰਤਾਂ ਦੇ ਵਿਕਾਸ ਲਈ ਮਨੌਲੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ ਦੇ ਸੈਨੇਟਰੀ ਪੈਡ ਮੇਕਿੰਗ ਯੂਨਿਟ ਦਾ ਕੀਤਾ ਉਦਘਾਟਨ ।
ਪਿੰਡ ਦੀਆਂ ਔਰਤਾਂ ਦੀ ਇੱਕ ਟੀਮ ਗਲਣਯੋਗ ਕੱਚੇ ਮਾਲ ਨਾਲ ਵਧੀਆ ਕੁਆਲਿਟੀ ਅਤੇ ਕਿਫ਼ਾਇਤੀ ਮੁੱਲ 'ਤੇ ਰੋਜ਼ਾਨਾ 800 ਸੈਨੇਟਰੀ ਪੈਡ ਬਣਾਵੇਗੀ
ਮਨੌਲੀ ਦੇ ਆਸੇ ਪਾਸੇ ਦੇ ਪਿੰਡਾਂ ਦੀਆਂ ਔਰਤਾਂ ਨੂੰ ਆਸਾਨੀ ਨਾਲ ਮਿਲ ਸਕਣਗੇ ਸੈਨੇਟਰੀ।
ਆਪਣੇ "ਹਰ ਪੰਜਾਬ" ਪ੍ਰੋਗਰਾਮ ਤਹਿਤ ਰਾਊਂਡਗਲਾਸ ਫਾਊਂਡੇਸ਼ਨ ਪੰਜਾਬ ਵਿੱਚ ਇਸ ਸਾਲ ਤੇ 5 ਹੋਰ ਪੈਡ ਮੇਕਿੰਗ ਯੂਨਿਟ ਲਗਾਵੇਗੀ : ਪ੍ਰੇਰਨਾ ਲਾਂਗਾ
ਐਸ.ਏ.ਐਸ ਨਗਰ , 08ਮਾਰਚ :
ਪੰਜਾਬ ਸਰਕਾਰ ਨੇ ਔਰਤਾਂ ਦੇ ਵਿਕਾਸ ਲਈ ਬੁਢਾਪਾ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਕਰਨ, ਅਸ਼ੀਰਵਾਦ ਸਕੀਮ ਦੀ ਰਾਸ਼ੀ 21 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਰੁਪਏ ਕਰਨ ਅਤੇ ਪੰਜਾਬ ਭਰ ਵਿੱਚ ਸਰਕਾਰੀ ਬੱਸਾਂ ਵਿਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦੇ ਕੇ ਇਤਿਹਾਸਕ ਕਦਮ ਚੁੱਕੇ ਹਨ, ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਵਿਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਮਹਿਲਾ ਦਿਵਸ ਦੇ ਮੌਕੇ 'ਤੇ ਮਨੌਲੀ ਵਿਖੇ ਰਾਊਡਗਲਾਸ ਫਾਊਂਡੇਸ਼ਨ ਵੱਲੋਂ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਪੈਡ ਮੇਕਿੰਗ ਯੂਨਿਟ ਦਾ ਉਦਘਾਟਨ ਕਰਨ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਬਜਟ ਸੂਬੇ ਦੇ ਚਹੁੰਮੁਖੀ ਵਿਕਾਸ ਵਾਲਾ ਹੈ। ਇਸੇ ਬਜਟ ਤਹਿਤ ਪੈਨਸ਼ਨਰਾਂ ਦੀ ਚਿਰਕੋਣੀ ਮੰਗ ਪੂਰੀ ਹੋਈ ਹੈ। ਅਸ਼ੀਰਵਾਦ ਸਕੀਮ ਦੀ ਰਾਸ਼ੀ 21 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਰੁਪਏ ਕਰਨ ਨਾਲ ਗਰੀਬ ਪਰਿਵਾਰਾਂ ਨੂੰ ਵੱਡੇ ਪੱਧਰ ਉੱਤੇ ਲਾਭ ਮਿਲੇਗਾ । ਔਰਤਾਂ ਨੂੰ ਪੰਜਾਬ ਭਰ ਵਿੱਚ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਦੀ ਸਹੂਲਤ ਦੇ ਕੇ ਪੰਜਾਬ ਸਰਕਾਰ ਨੇ ਵਿਸ਼ਵ ਮਹਿਲਾ ਦਿਵਸ ਉੱਤੇ ਵੱਡਾ ਤੇ ਅਰਥ ਭਰਪੂਰ ਤੋਹਫਾ ਦਿੱਤਾ ਹੈ। ਇਸ ਨਾਲ ਔਰਤਾਂ ਨੂੰ ਸਫ਼ਰ ਸਬੰਧੀ ਆਰਥਿਕ ਮੁਸ਼ਕਲਾਂ ਤੋਂ ਨਿਜਾਤ ਮਿਲੇਗੀ।
ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ, "ਪੰਜਾਬ ਵਿੱਚ ਔਰਤਾਂ ਦੇ ਵਿਕਾਸ ਲਈ ਸਿਹਤ ਅਤੇ ਸਫ਼ਾਈ ਸਬੰਧੀ ਕੰਮ ਕਰਨਾ ਸਮੇਂ ਦੀ ਲੋੜ ਹੈ। ਪੈਡ ਮੇਕਿੰਗ ਯੂਨਿਟ ਰਾਹੀਂ ਰਾਊਂਡਗਲਾਸ ਫਾਊਂਡੇਸ਼ਨ ਏਰੀਏ ਦੀਆਂ ਪੇਂਡੂ ਔਰਤਾਂ ਨੂੰ ਸਸਤੀਆਂ ਸੈਨੇਟਰੀ ਪੈਡਾਂ ਪ੍ਰਦਾਨ ਕਰਵਾ ਰਹੀ ਹੈ। ਜੋ ਔਰਤਾਂ ਯੂਨਿਟ ਚਲਾਉਂਦੀਆਂ ਹਨ ਉਨ੍ਹਾਂ ਨੂੰ ਇੱਕ ਕੁਸ਼ਲ ਅਤੇ ਸਵੈ ਨਿਰਭਰ ਕਾਰੋਬਾਰ ਚਲਾਉਣ ਦੀ ਸਮਝ ਵੀ ਮਿਲ ਰਹੀ ਹੈ।ਇਸ ਯੂਨਿਟ ਵਿੱਚ ਵਰਤੀ ਜਾਣ ਵਾਲੀ ਮਸ਼ੀਨ ਗਲਣਯੋਗ ਕੱਚੇ ਮਾਲ ਨਾਲ ਰੋਜ਼ਾਨਾ 800 ਪੈਡ ਬਣਾਵੇਗੀ। ਰਾਊਡਗਲਾਸ ਫਾਊਂਡੇਸ਼ਨ ਵੱਲੋਂ ਮਨੌਲੀ ਪਿੰਡ ਦੀਆਂ 10 ਔਰਤਾਂ ਦੇ ਇੱਕ ਸੈਲਫ ਹੈਲਪ ਗਰੁੱਪਾ ਨੂੰ ਟ੍ਰੇਨਿੰਗ ਦਿੱਤੀ ਗਈ ਜੋ ਹੁਣ ਯੂਨਿਟ ਦੀ ਦੇਖ-ਰੇਖ ਕਰਨਗੀਆਂ, ਉਤਪਾਦਨ ਤੋਂ ਲੈ ਕੇ ਆਸੇ-ਪਾਸੇ ਦੇ ਪਿੰਡਾਂ ਵਿੱਚ ਮਾਰਕੀਟਿੰਗ ਅਤੇ ਵਿਕਰੀ ਦਾ ਕੰਮ ਵੀ ਸੰਭਾਲਣਗੀਆਂ। ਸ਼ੁਰੂਆਤ ਵਿੱਚ, ਇਨ੍ਹਾਂ ਨੂੰ 50,000 ਪੈਡ ਬਣਾਉਣ ਲਈ ਕੱਚਾ ਮਾਲ ਪ੍ਰਦਾਨ ਕੀਤਾ ਗਿਆ ਹੈ। ਇਸ ਯੂਨਿਟ ਦਾ ਮਕਸਦ ਕਾਰਜਪ੍ਰਣਾਲੀ ਅਤੇ ਵਿਕਰੀ ਨੂੰ ਇਸ ਤਰੀਕੇ ਨਾਲ ਚਲਾਉਣਾ ਹੈ ਤਾਂ ਜੋ ਇਹ ਔਰਤਾਂ ਸਰਕਾਰ ਦੁਆਰਾ ਨਿਰਧਾਰਤ ਘੱਟੋ ਘੱਟ ਉਜਰਤ ਨਾਲੋਂ ਵੀ ਵੱਧ ਕਮਾਈ ਕਰ ਸਕਣ ।
ਇਸ ਮੌਕੇ ਭਾਰਤ ਵਿੱਚ ਰਾਊਡਗਲਾਸ ਫਾਊਂਡੇਸ਼ਨ ਦੀ ਮੁਖੀ ਪ੍ਰੇਰਨਾ ਲਾਂਗਾ ਨੇ ਕਿਹਾ, “ਮਨੌਲੀ ਪਿੰਡ ਦੀਆਂ ਔਰਤਾਂ ਦੇ ਇਸ ਯੂਨਿਟ ਪਤੀ ਹੌਸਲੇ ਅਤੇ ਵਿਸ਼ਵਾਸ ਨੂੰ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੈ। ਸਾਡੇ "ਹਰ ਪੰਜਾਬ' ਪ੍ਰੋਗਰਾਮ ਦਾ ਉਦੇਸ਼ ਔਰਤਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਹ ਆਪਣੇ ਪੈਰਾਂ 'ਤੇ ਆਪ ਖੜੀਆਂ ਹੋ ਸਕਣ। ਇਸ ਸਾਲ ਰਾਊਡਗਲਾਸ ਫਾਊਂਡੇਸ਼ਨ ਦਾ ਮਕਸਦ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਲਈ 5 ਹੋਰ ਪੈਡ ਮੇਕਿੰਗ ਯੂਨਿਟ ਖੋਲ੍ਹਣਾ ਹੈ। ਹਾਲ ਹੀ ਵਿੱਚ ਰਾਊਂਡਗਲਾਸ ਫਾਊਂਡੇਸ਼ਨ ਨੇ ਲੁਧਿਆਣਾ ਅਤੇ ਰੂਪਨਗਰ ਦੀਆਂ ਪੈਡ ਮੈਕਿੰਗ ਯੂਨਿਟਾਂ ਰਾਹੀਂ 18 ਔਰਤਾਂ ਨੂੰ ਰੁਜ਼ਗਾਰ ਦੇ ਕੇ ਉਨ੍ਹਾਂ ਦੇ ਪਰਿਵਾਰ ਦੀ ਕਮਾਈ ਵਿੱਚ ਵਾਧਾ ਕੀਤਾ ਹੈ। ਫਾਊਡੇਸ਼ਨ ਹੁਣ ਤੱਕ 50 ਤੋਂ ਵੱਧ ਪਿੰਡਾਂ ਵਿੱਚ 2500 ਤੋਂ ਵੱਧ ਲੜਕੀਆਂ ਨੂੰ ਮਾਹਵਾਰੀ ਵਿੱਚ ਸਫ਼ਾਈ ਦੀ ਮਹੱਤਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਿਹਤ ਅਤੇ ਸਫ਼ਾਈ ਵਰਕਸ਼ਾਪਾਂ ਵੀ ਕਰਵਾਉਂਦੀ ਆ ਰਹੀ ਹੈ।
2018 ਵਿੱਚ ਰਾਊਡਗਲਾਸ ਫਾਊਂਡੇਸ਼ਨ ਨੇ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਨਿਵੇਸ਼ ਕਰਕੇ ਪੰਜਾਬ ਨੂੰ ਹੋਰ ਸਿਹਤਮੰਦ ਅਤੇ ਖੁਸ਼ਹਾਲ ਬਣਾਉਣ ਦੀ ਯਾਤਰਾ ਸ਼ੁਰੂ ਕੀਤੀ। ਫਾਊਡੇਸ਼ਨ ਬੱਚਿਆਂ, ਜਵਾਨਾਂ, ਔਰਤਾਂ, ਅਤੇ ਵਾਤਾਵਰਣ ਨੂੰ ਪ੍ਰਫੁਲਿਤ ਕਰਨ ਲਈ, ਬੱਚਿਆਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਲਈ ਅਤੇ ਇੱਕ ਸੁਹਣੇ ਪੰਜਾਬ ਦੀ ਉਸਾਰੀ ਲਈ ਵਚਨਬੱਧ ਹੈ। ਪਿਛਲੇ ਤਿੰਨ ਸਾਲਾਂ ਦੌਰਾਨ, ਰਾਊਂਡਗਲਾਸ ਫਾਊਡੇਸ਼ਨ ਨੇ ਆਪਣੇ ਪ੍ਰੋਗਰਾਮਾਂ (1) ਲਰਨ ਪੰਜਾਬ ਜੋ ਬੱਚਿਆਂ ਅਤੇ ਜਵਾਨਾਂ ਦੀ ਪੜਾਈ ਅਤੇ ਖੇਡਾਂ ਸਬੰਧੀ ਕੰਮ ਕਰਦਾ ਹੈ, (2) ਹਰ ਪੰਜਾਬ: ਜੋ ਔਰਤਾਂ ਦੇ ਵਿਕਾਸ ਲਈ ਕੰਮ ਕਰਦਾ ਹੈ, (3) ਸਟੋਨ ਪੰਜਾਬ: ਜੋ ਜੰਗਲਾਂ ਦੀ ਸਥਾਪਨਾ, ਹਿੰਦ-ਖੂੰਹਦ ਪ੍ਰਬੰਧਨ, ਅਤੇ ਮੁੜ ਪੈਦਾਵਾਰ ਵਾਲੀ ਖੇਤੀ ਸਬੰਧੀ ਕੰਮ ਕਰਦਾ ਹੈ, ਰਾਹੀਂ 750 ਪਿੰਡਾਂ ਵਿੱਚ 700,000 ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਕੀਤਾ ਹੈ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਅਤੇ ਸ.ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜੀਵ ਕੁਮਾਰ ਗੁਪਤਾ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਖਰੜ ਸ੍ਰੀ ਹਿਤੇਨ ਕਪਿਲਾ, ਗੁਰਧਿਆਨ ਸਿੰਘ ਦੁਰਾਲੀ, ਸਰਪੰਚ ਗਰਾਮ ਪੰਚਾਇਤ ਮਨੌਲੀ , ਰਾਊਂਡਗਲਾਸ ਫਾਊਡੇਸ਼ਨ ਤੋਂ ਏ.ਪੀ. ਸਿੰਘ, ਅਰਸ਼ਿੰਦਰ ਰੰਧਾਵਾ, ਸਿਮਰਨ ਧਾਲੀਵਾਲ, ਸਾਕਸ਼ੀ ਭਾਟੀਆ, ਬਰਹਮਦੀਪ ਭਾਟੀਆ ਅਤੇ ਪਿੰਡ ਦੀਆਂ ਮਹਿਲਾਵਾਂ ਮੌਜੂਦ ਸਨ।