ਸਿੱਧੂ ਦੇ ਭਾਸ਼ਣ ਵਿਚ ਸਿੱਧੂ ਹੀ ਛਾਇਆ ਰਿਹਾ
ਚੰਡੀਗੜ੍ਹ,23 ਜੁਲਾਈ,2021: ਨਵਜੋਤ ਸਿੰਘ ਸਿੱਧੂ ਨੇ ਰਸਮੀ ਤੌਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ। ਚੰਡੀਗੜ੍ਹ ਵਿੱਚ ਕਾਂਗਰਸ ਭਵਨ ਵਿਖੇ ਸਮਾਗਮ ਦੌਰਾਨ ਸਿੱਧੂ ਦੀ ਤਾਜਪੋਸ਼ੀ ਹੋਈ । ਇਸ ਦੌਰਾਨ ਕਾਂਗਰਸ ਦੀ ਸਾਰੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ। ਵੱਡੀ ਗੱਲ ਇਹ ਰਹੀ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਲੰਬੇ ਸਮੇਂ ਬਾਅਦ ਇਕੱਠੇ ਨਜ਼ਰ ਆਏ। ਦੋਵੇਂ ਇਕੱਠੇ ਸਟੇਜ਼ ਤੇ ਬੈਠੇ ਵੀ ਰਹੇ। ਨਵਜੋਤ ਸਿੱਧੂ ਨੇ ਪ੍ਰਧਾਨ ਬਣਨ ਤੋਂ ਬਾਅਦ ਚੁੱਪੀ ਵੀ ਤੋੜੀ। ਨਵਜੋਤ ਸਿੰਘ ਸਿੱਧੂ ਨੇ 18 ਮਿੰਟ ਦਾ ਭਾਸ਼ਣ ਦਿੱਤਾ। ਪਰ ਕਿਤੇ ਨਾ ਕਿਤੇ ਇਹ ਭਾਸ਼ਣ ਨਵਜੋਤ ਸਿੰਘ ਸਿੱਧੂ ਦੇ ਦੁਆਲੇ ਹੀ ਘੁੰਮਦਾ ਰਿਹਾ।
ਨਵਜੋਤ ਸਿੱਧੂ ਨੇ 18 ਮਿੰਟ ਤੇ ਭਾਸ਼ਣ ਦੌਰਾਨ 10 ਵਾਰ ਆਪਣਾ ਹੀ ਨਾਮ ਲਿਆ। ਅੱਜ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੇ ਸਟੇਜ ਸਾਂਝੀ ਕੀਤੀ ਤਾਂ ਲੱਗ ਰਿਹਾ ਸੀ ਦੋਹਾਂ ਵਿਚਕਾਰਲੀਆਂ ਦੂਰੀਆਂ ਖਤਮ ਹੋ ਜਾਣਗੀਆਂ। ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆਇਆ। ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਭਾਸ਼ਣ ਦੇਣ ਦੇ ਲਈ ਉੱਠੇ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਜ਼ਰਅੰਦਾਜ਼ ਕਰਦਿਆਂ ਸਾਬਕਾ ਮੁੱਖ ਮੰਤਰੀ ਪੰਜਾਬ ਰਜਿੰਦਰ ਕੌਰ ਭੱਠਲ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੇ ਪੈਰੀਂ ਹੱਥ ਲਾਏ।
ਇਸਦੇ ਨਾਲ ਹੀ ਜਦੋਂ ਨਵਜੋਤ ਸਿੰਘ ਸਿੱਧੂ ਨੇ ਭਾਸ਼ਣ ਦਿੱਤਾ ਉਹਨਾਂ ਨੇ ਆਪਣਾ ਨਾਮ ਤਾਂ ਲਈ ਵਾਰੀ ਲਿਆ ਹੀ ਤੇ ਉਨ੍ਹਾਂ ਦੀ ਬੋਲ ਚਾਲ ਵੀ ਪਹਿਲਾਂ ਵਰਗੀ ਹੀ ਰਹੀ। ਜਿਸ ਤਰਾਂ ਸਿੱਧੂ ਆਪਣੇ ਰਵਈਏ ਪ੍ਰਤੀ ਜਾਣੇ ਜਾਂਦੇ ਨੇ। ਇਥੋਂ ਤੱਕ ਕਿ ਆਪਣੇ ਭਾਸ਼ਣ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਤੱਕ ਨਹੀਂ ਲਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਨਵਜੋਤ ਸਿੱਧੂ ਸਿੱਧੂ ਦਾ ਜ਼ਿਕਰ ਕੀਤਾ ਤੇ ਓਹਨਾ ਨੇ ਨਵਜੋਤ ਸਿੰਘ ਸਿੱਧੂ ਦੇ ਪਿਤਾ ਦੀ ਤਾਰੀਫ ਵੀ ਕੀਤੀ।
ਸਿੱਧੂ ਨੇ ਹਾਈ ਕਮਾਂਡ ਦੇ 18 ਨੁੱਕਾਤੀ ਪ੍ਰੋਗਰਾਮ ਅਤੇ ਦਿੱਤੀ ਹੋਈ ਜਿੰਮੇਵਾਰੀ ਨਿਭਾਉਣ ਦੀ ਗੱਲ ਤਾਂ ਕੀਤੀ ਪਰ ਰਾਹੁਲ ਗਾਂਧੀ, ਪ੍ਰਿਅੰਕਾ ਅਤੇ ਸੋਨੀਆ ਗਾਂਧੀ ਦਾ ਵੀ ਨਾਮ ਨਹੀਂ ਲਿਆ। ਨਵਜੋਤ ਸਿੰਘ ਸਿੱਧੂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਰਵਈਆ ਸੁਲ੍ਹਾ-ਸਫਾਈ ਵਾਲਾ ਨਹੀਂ ਸੀ ਝਲਕਦਾ .
ਨਵਜੋਤ ਸਿੰਘ ਸਿੱਧੂ ਆਪਣੇ ਏਜੰਡੇ ਤੇ ਕਾਇਮ ਖੜ੍ਹੇ ਨਜ਼ਰ ਆਏ।
ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕਾਂ ਨੂੰ ਚਾਹ ਤੇ ਸੱਦਿਆ ਸੀ। ਜਿੱਥੇ ਵੀ ਸਿੱਧੂ ਦਾ ਰਵਈਆ ਮੁੱਖ ਮੰਤਰੀ ਪ੍ਰਤੀ ਗਰਮਜੋਸ਼ੀ ਵਾਲਾ ਨਜ਼ਰ ਨਹੀਂ ਆਇਆ। ਸਿੱਧੂ ਨੂੰ ਰਾਣਾ ਗੁਰਮੀਤ ਸੋਢੀ ਅਤੇ ਓ ਪੀ ਸੋਨੀ ਨੇ ਬੈਠਣ ਨੂੰ ਕਿਹਾ ਸੀ। ਜਿਸ ਤੋਂ ਬਾਅਦ ਸਿੱਧੂ ਕੈਪਟਨ ਕੋਲ ਜਾ ਕੇ ਬੈਠੇ। ਕਾਂਗਰਸ ਦੇ ਇਸ ਸਮਾਗਮ ਵਿਚ ਗੁਆਂਢੀ ਸੂਬਿਆਂ ਦਾ ਕੋਈ ਵੀ ਲੀਡਰ ਨਜ਼ਰ ਨਹੀਂ ਆਇਆ। ਏਥੋਂ ਤੱਕ ਕਿ ਚੰਡੀਗੜ੍ਹ ਦਾ ਕਾਂਗਰਸ ਪ੍ਰਧਾਨ ਵੀ ਨਹੀਂ ਪਹੁੰਚਿਆ।
ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਤਾਂ ਹੋ ਚੁੱਕੀ ਹੈ ਪਰ ਕਈ ਸਵਾਲ ਅਜੇ ਵੀ ਬਰਕਰਾਰ ਨੇ। ਸਵਾਲ ਇਹ ਵੀ ਹੈ ਕਿ ਕੀ ਅਜਿਹੀ ਹਾਲਤ ਵਿੱਚ ਦੋਹਾਂ ਨੇਤਾਵਾਂ ਵਿਚਕਾਰ ਖਿਚੋਤਾਣ ਖਤਮ ਹੋਵੇਗੀ ਜਾਂ ਕਾਇਮ ਰਹੇਗੀ .ਪਰ ਇਕਕ ਹਕੀਕਤ ਹੈ ਕੀ ਕਾਂਗਰਸ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ 'ਚ ਜੋਸ਼ ਅਤੇ ਆਸਾਂ ਉਮੀਦਾਂ ਜ਼ਰੂਰ ਪੈਦਾ ਕਰ ਦਿੱਤੀਆਂ ਹਨ .