ਦਿੱਲੀ ਮਾਡਲ ਪੰਜਾਬ ਮਾਡਲ ਦੇ ਸਾਹਮਣੇ ਕਿਤੇ ਨੀ ਖੜਦਾ - ਨਵਜੋਤ ਸਿੱਧੂ
ਜਲੰਧਰ, 29 ਜੁਲਾਈ 2021 - ਨਵਜੋਤ ਸਿੱਧੂ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਐਕਟਿਵ ਹੋ ਗਏ ਹਨ ਅਤੇ ਆਪਣੀਆਂ ਮਿਲਣੀਆਂ ਦੌਰਾਨ ਉਨ੍ਹਾਂ ਵੱਲੋਂ ਅੱਜ ਜਲੰਧਰ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ, ਕੌਂਸਲਰਾਂ, ਬਲਾਕ ਕਾਂਗਰਸ ਪ੍ਰਧਾਨਾਂ, ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਮੈਂਬਰਾਂ, ਯੂਥ ਕਾਂਗਰਸ ਤੇ ਵੱਖ-ਵੱਖ ਸੰਗਠਨਾਂ ਦੇ ਅਹੁਦੇਦਾਰਾਂ ਨਾਲ ਚਰਚਾ ਕੀਤੀ ਗਈ।
ਇਸ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਅੱਗੇ ਦਿੱਲੀ ਮਾਡਲ ਕਿਤੇ ਵੀ ਨਹੀਂ ਖੜਦਾ। ਸਿੱਧੂ ਨੇ ਕਿਹਾ ਕਿ ਅਜਿਹਾ ਕੋਈ ਵੀ ਸੂਬਾ ਨਹੀਂ ਹੈ ਜੋ ਕਿਸਾਨਾਂ ਨੂੰ 10 ਹਜ਼ਾਰ ਕਰੋੜ ਦੀ ਸਬਸਿਡੀ ਦਿੰਦਾ ਹੋਵੇ। ਜਦੋਂ ਕਿ ਦਿੱਲੀ ਸਿਰਫ 1700 ਕਰੋੜ ਦੀ ਸਬਸਿਡੀ ਦਿੰਦਾ ਹੈ ਜਿਹੜਾ ਕਿ ਪੰਜਾਬ ਦੇ ਲਾਗੇ ਵੀ ਨਹੀਂ ਫੜਕਦਾ। ਪੰਜਾਬ 30 ਫੀਸਦੀ ਬਿਜਲੀ ਦਾ ਉਤਪਾਦਨ ਕਰਦਾ ਹੈ ਅਤੇ ਇੰਡਸਟਰੀ ਅਤੇ ਕਮਰਸ਼ੀਅਲ ਸੈਕਟਰ ਨੂੰ ਪੰਜਾਬ ਦਿੱਲੀ ਨਾਲੋਂ ਕਿਤੇ ਸਸਤੀ ਬਿਜਲੀ ਦਿੰਦਾ ਹੈ।
ਇਸ ਤੋਂ ਬਿਨਾਂ ਸਿੱਧੂ ਨੇ ਅੱਗੇ ਕਿਹਾ ਕਿ ਜਿਹੜੀ ਆਮ ਬੰਦੇ ਨੂੰ 3 ਰੁਪਏ 'ਚ ਬਿਜਲੀ ਅਤੇ ਇੰਡਸਟਰੀ ਨੂੰ 5 ਰੁਪਏ ਦੀ ਬਿਜਲੀ ਮਿਲਦੀ ਹੈ ਇਸ 'ਚ ਸਭ ਤੋਂ ਵੱਡਾ ਅੜਿੰਗਾ ਬਾਦਲਾਂ ਵੱਲੋਂ ਕੀਤੇ ਗਏ ਬਿਜਲੀ ਸਮਝੌਤੇ ਹਨ।