ਨਵਜੋਤ ਸਿੱਧੂ ਨੂੰ ਪ੍ਰਧਾਨ ਤੇ ਐਡਵੋਕੇਟ ਪਵਨ ਕੁਮਾਰ ਗੋਇਲ ਜੈਤੋ ਨੂੰ ਕਾਰਜਕਾਰੀ ਪ੍ਰਧਾਨ ਲਗਾਉਣ ਤੇ ਮਾਨਸਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਲੱਡੂ ਵੰਡੇ
ਸੰਜੀਵ ਜਿੰਦਲ
ਮਾਨਸਾ 20 ਜੁਲਾਈ 2021 - ਪੰਜਾਬ ਕਾਂਗਰਸ ਵਿੱਚ ਜਥੇਬੰਦਕ ਤਬਦੀਲੀ ਕਰਦਿਆਂ ਪੰਜਾਬ ਵਿੱਚ ਕਾਂਗਰਸ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਨਵਜੋਤ ਸਿੱਧੂ ਨੂੰ ਮਿਲਣ ਅਤੇ ਇਸਤੋਂ ਇਲਾਵਾ ਚਾਰ ਕਾਰਜਕਾਰੀ ਪ੍ਰਧਾਨ ਲਾਏ ਗਏ ਹਨ । ਜਿੰਨ੍ਹਾਂ ਵਿਚੋਂ ਪਵਨ ਕੁਮਾਰ ਗੋਇਲ ਐਡਵੋਕੇਟ ਜੋ ਕਿ ਜੈਤੋ ਤੋਂ ਪਿਛੋਕੜ ਰੱਖਦੇ ਹਨ ਅਤੇ ਮਾਨਸਾ ਵਿਖੇ ਉਨ੍ਹਾਂ ਦੀਆਂ ਨਜ਼ਦੀਕੀ ਰਿਸ਼ਤੇਦਾਰੀਆਂ ਹਨ। ਉਹ ਮਾਨਸਾ ਸ਼ਹਿਰ ਨਾਲ ਸਬੰਧਤ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਕੇ.ਕੇ. ਬੈਨੀਵਾਲ ਦੇ ਮਾਮੇ ਦੇ ਬੇਟੇ ਹਨ ਦੇ ਕਾਰਜਕਾਰੀ ਪ੍ਰਧਾਨ ਬਣਨ ਤੇ ਮਾਨਸਾ ਬਾਰ ਐਸੋਸੀਏਸ਼ਨ ਦੇ ਐਡਵੋਕੇਟਸ ਨੇ ਮਾਨਸਾ ਕਾਂਗਰਸ ਲੀਗਲ ਸੈਲ ਦੇ ਪ੍ਰਧਾਨ ਅਤੇ ਸਕੱਤਰ ਪਰਮਿੰਦਰ ਸਿੰਘ ਬਹਿਣੀਵਾਲ ਅਤੇ ਸੁਖਚੈਨ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਸਮੇਂ ਮਾਨਸਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰੋਤਮ ਸਿੰਘ ਚਹਿਲ ਐਡਵੋਕੇਟ ਨੇ ਕਿਹਾ ਕਿ ਪਵਨ ਗੋਇਲ ਐਡਵੋਕੇਟ ਦਾ ਪਿਛੋਕੜ ਟਕਸਾਲੀੀ ਕਾਂਗਰਸੀ ਪਰਿਵਾਰ ਵਾਲਾ ਹੈ। ਪਵਨ ਗੋਇਲ ਦੇ ਦਾਦਾ ਫਰੀਡਮ ਫਾਈਟਰ ਲਾਲਾ ਨੰਦ ਰਾਮ ਜੀ ਸਨ ਅਤੇ 1930 ਦੇ ਜੈਤੋ ਮੋਰਚੇ ਸਮੇਂ ਜਵਾਹਰ ਲਾਲ ਨਹਿਰੂ ਜੈਤੋ ਵਿਖੇ ਲਾਲਾ ਨੰਦ ਰਾਮ ਦੇ ਨਾਲ ਮਿਲਕੇ ਜੈਤੋ ਮੋਰਚੇ ਨੂੰ ਚਲਾਇਆ। ਉਸਤੋਂ ਬਾਦ ਪਵਨ ਗੋਇਲ ਦੇ ਪਿਤਾ ਲਾਲਾ ਭਗਵਾਨ ਦਾਸ ਦਰਬਾਰਾ ਸਿੰਘ ਦੀ ਸਰਕਾਰ ਵਿੱਚ ਮੰਤਰੀ ਰਹੇ ਅਤੇ ਜਦ ਬੇਅੰਤ ਸਿੰਘ ਪੰਜਾਬ ਕਾਂਗਰਸ ਦੇ ਪਰਿਵਾਰ ਸਨ, ਉਸ ਵੇਲੇ ਇਹ ਪੰਜਾਬ ਕਾਂਗਰਸ ਦੇ ਸੀਨੀਅਰ ਵਾਇਸ ਪ੍ਰਧਾਨ ਰਹੇ। ਲਾਲਾ ਭਗਵਾਨ ਦਾਸ ਜੀ 1988 ਵਿੱਚ ਪੰਜਾਬ ਦੇ ਕਾਲੇ ਦੌਰ ਵਿੱਚ ਅਮਨ ਸ਼ਾਂਤੀ ਤੇ ਪਹਿਰਾ ਦਿੰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਨ।
ਉਨ੍ਹਾਂ ਦੇ ਇਸ ਟਕਸਾਲੀ ਪਿਛੋਕੜ ਅਤੇ ਪੰਜਾਬ ਦੀ ਅਮਨ ਸ਼ਾਂਤੀ ਪ੍ਰਤੀ ਦਿੱਤੇ ਬਲੀਦਾਨ ਅਤੇ ਅੱਗਰਵਾਲ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵੱਲੋਂ ਦਿੱਤੀ ਜ਼ਿੰਮੇਵਾਰੀ ਕਾਰਣ ਟਕਸਾਲੀ ਕਾਂਗਰਸੀਆਂ, ਵਕੀਲ ਭਾਈਚਾਰੇ ਅਤੇ ਅੱਗਰਵਾਲ ਭਾਈਚਾਰੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਮੇਂ ਐਡਵੋਕੇਟ ਪਰਮਿੰਦਰ ਸਿੰਘ ਬਹਿਣੀਵਾਲ, ਸੁਖਚੈਨ ਸਿੰਘ ਦੂਲੋਵਾਲ ਅਤੇ ਓਂਕਾਰ ਸਿੰਘ ਮਿੱਤਲ ਐਡਵੋਕੇਟ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਕਾਰਣ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਪੰਜਾਬ ਦਾ ਨੌਜਵਾਨ ਵਰਗ ਪੰਜਾਬ ਨੂੰ ਨਵਜੋਤ ਸਿੰਘ ਸਿੱਧੂ ਜਿਹੇ ਉੱਚੀ ਸੋਚ ਅਤੇ ਜ਼ੋਸ਼ੀਲੇ ਵਿਅਕਤੀਤਵ ਵਾਲੇ ਸ਼ਖਸ਼ ਦੇ ਅਧੀਨ ਤਰੱਕੀ ਕਰਦਾ ਦੇਖਣਾ ਚਾਹੁੰਦਾ ਹੈ।
ਕਾਂਗਰਸ ਦੀ ਕੇਂਦਰ ਲੀਡਰਸ਼ਿਪ ਨੇ ਸਹੀ ਸਮੇਂ ਤੇ ਸਹੀ ਫੈਸਲਾ ਕਰਕੇ ਪੰਜਾਬ ਦੇ ਨੌਜਵਾਨਾਂ ਦਾ ਦਿਲ ਜਿੱਤ ਲਿਆ ਹੈ। ਇਸ ਸਮੇਂ ਕਾਂਗਰਸ ਲੀਗਲ ਸੈਲ ਵੱਲੋਂ ਲੱਡੂ ਵੰਡਣ ਸਮੇਂ ਮਾਨਸਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਚੰਦ ਗਰਗ, ਸਾਬਕਾ ਪ੍ਰਧਾਨ ਵਿਜੈ ਸਿੰਗਲਾ, ਗੁਰਲਾਭ ਸਿੰਘ ਮਾਹਲ, ਪ੍ਰਿਥੀਪਾਲ ਸਿੰਘ ਸਿੱਧੂ, ਅਭਿਨੰਦਨ ਸ਼ਰਮਾ, ਅੰਗਰੇਜ਼ ਕਲੇਰ, ਗੁਰਨੀਸ਼ ਮਾਨਸ਼ਾਹੀਆ, ਪਰਮ ਸਿੱਧੂ, ਕਮਲਪ੍ਰੀਤ ਸਿੰਘ ਮੋਹਲ, ਪਾਲ ਸਿੰਘ, ਅਵਤਾਰ ਸਿੰਘ ਪੰਧੇਰ, ਸਵੀਟ ਕੁਮਾਰ ਸਿੰਗਲਾ, ਗਗਨਦੀਪ ਸਿੰਘ ਅਤੇ ਹਰਪ੍ਰੀਤ ਸ਼ਰਮਾ ਆਦਿ ਐਡਵੋਕੇਟਸ ਹਾਜ਼ਰ ਸਨ।