ਅੰਮ੍ਰਿਤਸਰ ਰੋਡ ਸ਼ੋਅ ਨਾਲ ਸਰਕਾਰੀ ਖ਼ਜ਼ਾਨੇ ਨੂੰ ਖੋਰਾ, ਧਨਾਢਾਂ ਦੀਆਂ ਬੱਸਾਂ ਨੇ ਭਰਿਆ ਬੋਰਾ
ਅਸ਼ੋਕ ਵਰਮਾ
ਬਠਿੰਡਾ, 13 ਮਾਰਚ2022: ਬਠਿੰਡਾ ਜਿਲ੍ਹੇ ’ਚ ਅੱਜ ਪ੍ਰਾਈਵੇਟ ਬੱਸ ਮਾਲਕਾਂ ਨੇ ਪੂਰਾ ਦਿਨ ਮੇਲਾ ਲੁੱਟਿਆ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਵਿਖੇ ਅੱਜ ਕੀਤੇ ਗਏ ਵਿਕਟਰੀ ਮਾਰਚ ਦੇ ਸਮਾਗਮਾਂ ਲਈ ਅੰਮ੍ਰਿਤਸਰ ਭੇਜ ਦਿੱਤੀਆਂ ਗਈਆਂ। ਪੀ.ਆਰ.ਟੀ.ਸੀ ਦੇ ਬਠਿੰਡਾ ਡਿਪੂ ਦੀਆਂ ਅੱਜ ਅੱਧੀਆਂ ਸਰਕਾਰੀ ਬੱਸਾਂ ਅੱਜ ਇਸ ਮਾਰਚ ਵਿੱਚ ਇਕੱਠ ਜੁਟਾਉਣ ਲਈ ਗਈਆਂ ਹੋਈਆਂ ਸਨ। ਸਰਕਾਰੀ ਬੱਸਾਂ ਦੀ ਗੈਰ ਹਾਜ਼ਰੀ ਵਿੱਚ ਪ੍ਰਾਈਵੇਟ ਬੱਸ ਮਾਲਕਾਂ ਨੇ ਖ਼ੂਬ ਮੌਜਾਂ ਲੁੱਟੀਆਂ। ਖਾਸ ਕਰਕੇ ਵੱਡੇ ਘਰਾਣਿਆਂ ਦੀਆਂ ਬੱਸਾਂ ‘ਚ ਬੁਕਿੰਗ ਚੰਗੀ ਰਹੀ। ਲਿੰਕ ਸੜਕਾਂ ‘ਤੇ ਚੱਲਣ ਵਾਲੀਆਂ ਸਰਕਾਰੀ ਬੱਸਾਂ ਦੀ ਗੈਰ ਹਾਜ਼ਰੀ ਵਿੱਚ ਆਮ ਲੋਕਾਂ ਨੂੰ ਅੱਜ ਬੱਸ ਅੱਡਿਆਂ ‘ਤੇ ਖੱਜਲ-ਖੁਆਰ ਹੋਣਾ ਪਿਆ।
ਆਮ ਆਦਮੀ ਪਾਰਟੀ ਵੱਲੋਂ ਪਿਛਲੇ ਪੰਜ ਸਾਲਾਂ ਤੋਂ ਪੰਜਾਬ ’ਚ ਬਦਲਾਅ ਲਿਆਉਣ ਦੀ ਗੱਲ ਆਖੀ ਜਾ ਰਹੀ ਸੀ। ਅੱਜ ਲੋਕਾਂ ਨੇ ਸਵਾਲ ਕੀਤਾ ਕਿ ਇਹ ਕੇਹਾ ਬਦਲਾਅ ਹੈ ਕਿ ਆਮ ਆਦਮੀ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਅਜੇ ਤਾਂ ਸਰਕਾਰ ਨੇ ਸਹੁੰ ਵੀ ਨਹੀਂ ਚੁੱਕੀ ਸੀ ਕਿ ਹੁਣੇ ਤੋਂ ਹੀ ਕਾਂਗਰਸੀ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਵਾਲੇ ਚਾਲੇ ਫੜ ਲਏ ਹਨ। ਮਸਲਾ ਸਿਰਫ ਅੱਜ ਦਾ ਨਹੀਂ 16 ਮਾਰਚ ਨੂੰ ਨਵਾਂ ਸ਼ਹਿਰ ਜਿਲ੍ਹੇ ’ਚ ਪੈਂਦੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ’ਚ ਸਰਕਾਰ ਨੇ ਸਹੁੰ ਚੁੱਕਣੀ ਹੈ ਤਾਂ ਉਸ ਦਿਨ ਵੀ ਸਰਕਾਰੀ ਬੱਸਾਂ ਗਾਇਬ ਰਹਿਣਗੀਆਂ।
ਵੇਰਵਿਆਂ ਅਨੁਸਾਰ ਸਰਕਾਰ ਜਿਸ ਤਰਾਂ ਦਾ ਇਕੱਠ ਕਰ ਰਹੀ ਹੈ ਉਸ ਦਿਨ ਤਾਂ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਦੇ ਵੀ ਸਹੁੰ ਚੁੱਕ ਸਮਾਗਮਾਂ ’ਚ ਸ਼ਾਮਲ ਹੋਣ ਦੀ ਆਸ ਹੈ। ਇਸ ਤੋਂ ਜਾਹਰ ਹੈ ਕਿ ਇਸ ਦਿਨ ਵੀ ਆਮ ਲੋਕਾਂ ਦੇ ਪੱਲੇ ਖੱਜਲ ਖੁਆਰੀਆਂ ਹੀ ਪੈਣਗੀਆਂ ਜਦੋਂਕਿ ਧਨਾਢ ਘਰਾਣਿਆਂ ਦੀ ਜੇਬ ਗਰਮ ਹੋਵੇਗੀ। ਜਾਣਕਾਰੀ ਅਨੁਸਾਰ ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ ਬੱਸ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਇਸ ਸਬੰਧ ’ਚ ਲਿਖਤੀ ਪੱਤਰ ਜਾਰੀ ਕਰ ਦਿੱਤਾ ਸੀ। ਹੁਕਮ ਮਿਲਣ ਮਗਰੋਂ ਡਿਪੂਆਂ ਨੇ ਛੋਟੇ ਲੰਮੇ ਰੂਟਾਂ ਤੋਂ ਬੱਸਾਂ ਉਤਾਰ ਕੇ ਅੱਜ ਪਿੰਡਾਂ ਤੇ ਸ਼ਹਿਰਾਂ ਵਿੱਚ ਭੇਜ ਦਿੱਤੀਆਂ ਜਿੱਥੋਂ ਉਨ੍ਹਾਂ ਨੂੰ ਅੰਮ੍ਰਿਤਸਰ ਲਈ ਰਵਾਨਾ ਕੀਤਾ ਗਿਆ। ਜ਼ਿਲ੍ਹਾ ਬਠਿੰਡਾ ‘ਚ ਅੱਜ ਲਿੰਕ ਸੜਕਾਂ ‘ਤੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ।
ਭਾਵੇਂ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਇਨ੍ਹਾਂ ਸਰਕਾਰੀ ਬੱਸਾਂ ਦਾ ਖਰਚਾ ਦਿੱਤਾ ਜਾਵੇਗਾ ਪਰ ਇਸ ਮੌਕੇ ਡਿੱਪੂਆਂ ਦੇ ਖਜ਼ਾਨੇ ਨੂੰ ਸੱਟ ਵੱਜੀ ਹੈ। ਸੂਤਰ ਦੱਸਦੇ ਹਨ ਕਿ ਪੀ.ਆਰ.ਟੀ.ਸੀ ਦੇ ਸਭ ਤੋਂ ਵੱਡੀ ਮਾਰ ਬਠਿੰਡਾ ਡਿੱਪੂ ਨੂੰ ਪਈ ਹੈ ਜਿਸ ਦਾ ਸਿੱਧਾ ਮੁਕਾਬਲਾ ਬਾਦਲ ਪ੍ਰੀਵਾਰ ਸਮੇਤ ਵੱਖ ਵੱਖ ਟਰਾਂਸਪੋਰਟਰਾਂ ਨਾਲ ਹੈ। ਬਠਿੰਡਾ ਡਿੱਪੂ ਨੇ ਅੱਜ 116ਬੱਸਾਂ ਭੇਜੀਆਂ ਹਨ। ਇਸ ਡਿੱਪੂ ਕੋਲ 240 ਦੇ ਕਰੀਬ ਬੱਸਾਂ ਹਨ ਜਿਨ੍ਹਾਂ ‘ਚੋਂ ਕੁੱਝ ਬੱਸਾਂ ਤਾਂ ਕੰਮ ਕਾਰ ਦੇ ਸਬੰਧ ’ਚ ਵਰਕਸ਼ਾਪ ਵਿੱਚ ਰਹਿੰਦੀਆਂ ਹਨ। ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਤੋਂ ਵੀ ਅੱਜ ਬੱਸਾਂ ਲਈਆਂ ਗਈਆਂ ਹਨ ਜੋ ਅੱਜ ਰੂਟਾਂ ਤੋਂ ਗੈਰ ਹਾਜ਼ਰ ਰਹੀਆਂ ਹਨ।
ਬੱਸ ਅੱਡਿਆਂ ‘ਤੇ ਬਣੀ ਭੀੜ ਦਾ ਫਾਇਦਾ ਪ੍ਰਾਈਵੇਟ ਬੱਸ ਕੰਪਨੀਆਂ ਨੇ ਉਠਾਇਆ। ਲਿੰਕ ਸੜਕਾਂ ‘ਤੇ ਬੱਸਾਂ ਕਾਫੀ ਭਰੀਆਂ ਹੋਈਆਂ ਸਨ। ਬਾਦਲ ਪਰਿਵਾਰ ਦੀਆਂ ਬੱਸਾਂ ਨੇ ਵੀ ਸਰਕਾਰੀ ਬੱਸਾਂ ਦੀ ਗੈਰ ਹਾਜ਼ਰੀ ਦਾ ਖ਼ੂਬ ਫਾਇਦਾ ਉਠਾਇਆ। ਪੀ.ਆਰ.ਟੀ.ਸੀ. ਨੂੰ ਲੰਮੇ ਰੂਟ ਤੋਂ ਬੱਸਾਂ ਹਟਾ ਕੇ ਵੀ ਅੰਮ੍ਰਿਤਸਰ ਸਮਾਗਮਾਂ ਲਈ ਭੇਜਣੀਆਂ ਪਈਆਂ ਹਨ ਜਿਸ ਦਾ ਫਾਇਦਾ ਵੱਡੇ ਘਰਾਣਿਆਂ ਦੀ ਟਰਾਂਸਪੋਰਟ ਨੂੰ ਮਿਲਿਆ ਹੈ। ਅੱਜ ਪੀ.ਆਰ.ਟੀ.ਸੀ ਦੀ ਰੋਜ਼ਾਨਾ ਵਾਲੀ ਆਮਦਨੀ ਨੂੰ ਖੋਰਾ ਲੱਗਾ ਹੈ ਜਦੋਂਕਿ ਪ੍ਰਾਈਵੇਟ ਘਰਾਣਿਆਂ ਦੀ ਜੇਬ ਭਰੀ ਹੈ। ਅੱਜ ਐਤਵਾਰ ਹੋਣ ਕਰਕੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਚਾਅ ਰਿਹਾ ਜਦੋਂ ਕਿ 16 ਮਾਰਚ ਨੂੰ ਖੁਆਰੀ ਤੈਅ ਹੈ ਕਿਉਂਕਿ ਬੱਸ ਪਾਸ ਬਣੇ ਹੋਣ ਕਰਕੇ ਉਨ੍ਹਾਂ ਦਾ ਸਹਾਰਾ ਸਰਕਾਰੀ ਬੱਸਾਂ ਹੀ ਹਨ।
ਆਮ ਆਦਮੀ ਦੀ ਖੱਜਲਖੁਆਰੀ:ਮਾਹੀਪਾਲ
ਦਿਹਾਤੀ ਮਜਦੂਰ ਸਭਾ ਦੇ ਆਗੂ ਕਾਮਰੇਡ ਮਾਹੀਪਾਲ ਦਾ ਕਹਿਣਾ ਸੀ ਕਿ ਪੀ.ਆਰ.ਟੀ.ਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਤਾਂ ਸਰਕਾਰ ਨੇ ਅੰਮ੍ਰਿਤਸਰ ਭੇਜ ਦਿੱਤੀਆਂ ਜਿਸ ਕਰਕੇ ਔਰਤਾਂ ਨੂੰ ਪ੍ਰਾਈਵੇਟ ਬੱਸਾਂ ‘ਚ ਸਫਰ ਕਰਨਾ ਪਿਆ ਹੈ ਤੇ ਉਨ੍ਹਾਂ ਨੂੰ ਟਿਕਟ ਕਟਾਉਣੀ ਪਈ। ਉਨ੍ਹਾਂ ਕਿਹਾ ਕਿ ਲਿੰਕ ਸੜਕਾਂ ‘ਤੇ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਬੱਸਾਂ ਦੀ ਕਾਫੀ ਉਡੀਕ ਵੀ ਕਰਨੀ ਪਈ। ਉਨ੍ਹਾਂ ਕਿਹਾ ਕਿ ਬਦਲਾਅ ਦੀਆਂ ਗੱਲਾਂ ਕਰਨ ਵਾਲੀ ਆਮ ਆਦਮੀ ਪਾਰਟੀ ਇਸ ਤਰਾਂ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਕੀ ਸਾਬਤ ਕਰਨਾ ਚਾਹੁੰਦੀ ਹੈ।
ਸਰਕਾਰ ਪੈਸੇ ਦੇਵੇਗੀ:ਜੀਐਮ
ਪੀ.ਆਰ.ਟੀ.ਸੀ ਦੇ ਜਨਰਲ ਮੈਨੇਜਰ ਰਮਨ ਸ਼ਰਮਾ ਦਾ ਕਹਿਣਾ ਸੀ ਕਿ ਪੀ.ਆਰ.ਟੀ.ਸੀ. ਵੱਲੋਂ ਅੱਜ 116 ਬੱਸਾਂ ਅੰਮ੍ਰਿਤਸਰ ਭੇਜੀਆਂ ਗਈਆਂ ਹਨ ਜਿੰਨ੍ਹਾਂ ਦੀ ਸਰਕਾਰ ਬਕਾਇਦਾ ਅਦਾਇਗੀ ਕਰੇਗੀ। ਉਨ੍ਹਾਂ ਕਿਹਾ ਕਿ ਅੱਜ ਜਿਆਦਾਤਰ ਰੂਟਾਂ ਤੇ ਬੱਸ ਸੇਵਾ ਬਹਾਲ ਰੱਖੀ ਗਈ ਹੈ ਕਿਉਂਕਿ ਇੱਕ ਦਿਨ ਲਈ ਬਦਲਵਾਂ ਪ੍ਰਬੰਧ ਕਰਨਾ ਕੋਈ ਔਖਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਰਕਾਰੀ ਸਮਾਗਮਾਂ ‘ਤੇ ਬੱਸਾਂ ਭੇਜੀਆਂ ਗਈਆਂ ਸਨ ਜਿਨ੍ਹਾਂ ‘ਚੋਂ ਬਕਾਏ ਪੀ.ਆਰ.ਟੀ.ਸੀ ਨੂੰ ਮਿਲ ਜਾਂਦੇ ਰਹੇ ਹਨ। ਉਨ੍ਹਾਂ ਆਖਿਆ ਕਿ ਉਹ ਇੰਨ੍ਹਾਂ ਬੱਸਾਂ ਦੇ ਬਿੱਲ ਬਣਾ ਕੇ ਸਰਕਾਰ ਨੂੰ ਭੇਜ ਦੇਣਗੇ ।