ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਭਲਕੇ ਸੰਸਦ ਮੈਂਬਰ ਦੇ ਅਹੁਦੇ ਤੋਂ ਦੇ ਦੇਣਗੇ ਅਸਤੀਫਾ
ਦੀਪਕ ਗਰਗ
ਚੰਡੀਗੜ੍ਹ, 13 ਮਾਰਚ 2022 - ਪੰਜਾਬ ਦੇ ਹੋਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਦੱਸ ਦੇਈਏ ਕਿ ਭਗਵੰਤ ਮਾਨ ਇਸ ਸਮੇਂ ਸੰਗਰੂਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ ਅਤੇ ਉਹ 16 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਭਗਵੰਤ ਮਾਨ ਦੇ ਅਸਤੀਫੇ ਤੋਂ ਬਾਅਦ ਸੰਗਰੂਰ ਲੋਕਸਭਾ ਹਲਕੇ ਲਈ ਜਿਮਣੀ ਚੋਣਾਂ ਹੋਣਗੀਆਂ। ਉਸ ਸਮੇਂ ਇਹ ਸੀਟ ਦੇਸ਼ ਦੀ ਸਭ ਤੋਂ ਹੋਟ ਸੀਟ ਬਣ ਸਕਦੀ ਹੈ। ਕਿਉਂਕਿ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਕੋਲ ਕੋਈ ਵੀ ਲੋਕਸਭਾ ਸੀਟ ਨਹੀਂ ਬਚੇਗੀ। 2019 ਆਮ ਚੋਣਾਂ ਮੌਕੇ ਸਿਰਫ ਭਗਵੰਤ ਮਾਨ ਹੀ ਦੇਸ਼ ਭਰ ਵਿੱਚ ਆਮ ਆਦਮੀ ਪਾਰਟੀ ਦੇ ਇਕਮਾਤਰ ਸੰਸਦ ਮੈਂਬਰ ਬਣੇ ਸਨ।
ਵੱਡੀ ਜਿੱਤ ਤੋਂ ਬਾਅਦ 'ਆਪ' ਨੇ ਰੋਡ ਸ਼ੋਅ ਕੱਢਿਆ
ਪੰਜਾਬ 'ਚ ਮਿਲੀ ਵੱਡੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਭਵਿੱਖ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੰਮ੍ਰਿਤਸਰ 'ਚ ਰੋਡ ਸ਼ੋਅ ਕੱਢਿਆ। ਰੋਡ ਸ਼ੋਅ ਦੌਰਾਨ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੀ ਆਮਦ ਦੇਖਣ ਨੂੰ ਮਿਲੀ। ਇਸ ਰੋਡ ਸ਼ੋਅ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਜੇਤੂ ਵਿਧਾਇਕਾਂ ਨੇ ਸ਼ਮੂਲੀਅਤ ਕੀਤੀ।
ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ। ਰੋਡ ਸ਼ੋਅ ਦੌਰਾਨ ਅੰਮ੍ਰਿਤਸਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਤੁਸੀਂ 10 ਮਾਰਚ ਨੂੰ ਜੋ ਰਿਕਾਰਡ ਤੋੜਿਆ ਸੀ, ਉਸ ਦੀ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ। ਇਤਿਹਾਸ ਵਿੱਚ ਆਪ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ।
ਅੰਮ੍ਰਿਤਸਰ ਦੇ ਕਚਹਿਰੀ ਚੌਂਕ ਦੇ ਸਾਹਮਣੇ ਰੋਡ ਸ਼ੋਅ ਦੌਰਾਨ ਉਨ੍ਹਾਂ ਨੇ ਜਨਤਾ ਨੂੰ ਕਿਹਾ ਕਿ ਤੁਸੀਂ ਆਪਣੀ ਵੋਟ ਆਪਣੇ ਬੱਚਿਆਂ, ਬਜ਼ੁਰਗਾਂ ਅਤੇ ਆਪਣੇ ਘਰ ਦੇ ਚੁੱਲ੍ਹੇ ਦੀ ਅੱਗ ਲਈ ਪਾਈ ਹੈ। ਮਾਨ ਨੇ ਅੱਗੇ ਕਿਹਾ ਕਿ ਤੁਸੀਂ ਸ਼ਾਨਦਾਰ ਖੇਤੀ ਅਤੇ ਸੁਨਹਿਰੀ ਜੀਵਨ ਲਈ ਵੋਟ ਦਿੱਤੀ ਹੈ। ਤੁਹਾਨੂੰ 70 ਸਾਲ ਲੁੱਟਣ ਵਾਲਿਆਂ ਨੂੰ ਸਬਕ ਸਿਖਾਇਆ ਹੈ।