ਓਡੀਸ਼ਾ 'ਚ ਤਿੰਨ ਟਰੇਨਾਂ ਦੀ ਆਪਸ 'ਚ ਟੱਕਰ, ਮੌਤਾਂ ਦੀ ਗਿਣਤੀ ਵਧੀ, ਕੇਂਦਰੀ ਰੇਲ ਮੰਤਰੀ ਵੀ ਪਹੁੰਚ ਰਹੇ ਹਾਦਸੇ ਵਾਲੀ ਥਾਂ 'ਤੇ
ਓਡੀਸ਼ਾ, 2 ਜੂਨ 2023 - ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਰੇਲ ਹਾਦਸਾ ਵਾਪਰਿਆ ਹੈ। ਬਹਿਨਾਗਾ ਸਟੇਸ਼ਨ ਨੇੜੇ ਕੋਰੋਮੰਡਲ ਐਕਸਪ੍ਰੈਸ (12841) ਅਤੇ ਮਾਲ ਗੱਡੀ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਦੇ ਨਾਲ ਹੀ ਪ੍ਰਾਪਤ ਜਾਣਕਾਰੀ ਅਨੁਸਾਰ ਹਾਵੜਾ-ਸ਼ਾਲੀਮਾਰ ਐਕਸਪ੍ਰੈਸ ਬਹਿਨਾਗਾ ਸਟੇਸ਼ਨ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਓਡੀਸ਼ਾ ਵਿੱਚ ਇਹ ਤਿੰਨ ਟਰੇਨਾਂ ਹਾਦਸੇ ਦਾ ਸ਼ਿਕਾਰ ਹੋ ਗਈਆਂ ਹਨ। ਇਸ ਹਾਦਸੇ 'ਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 350 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ।
ਕੋਰੋਮੰਡਲ ਐਕਸਪ੍ਰੈਸ ਬੈਂਗਲੁਰੂ-ਹਾਵੜਾ ਐਕਸਪ੍ਰੈਸ ਨਾਲ ਟਕਰਾ ਗਈ। ਖੜਗਪੁਰ ਦੇ ਡੀਆਰਐਮ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕੋਰੋਮੰਡਲ ਐਕਸਪ੍ਰੈਸ ਪਟੜੀ ਤੋਂ ਉਤਰ ਗਈ, ਜਿਸ ਕਾਰਨ ਬੈਂਗਲੁਰੂ ਹਾਵੜਾ ਐਕਸਪ੍ਰੈਸ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋਵੇਂ ਟਰੇਨਾਂ ਦੇ 12 ਡੱਬੇ ਪਟੜੀ ਤੋਂ ਉਤਰ ਗਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨਾਲ ਗੱਲ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਉੱਥੇ ਹੀ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਓਡੀਸ਼ਾ ਦੇ ਬਾਲਾਸੋਰ ਹਾਦਸੇ ਵਾਲੀ ਥਾਂ 'ਤੇ ਪਹੁੰਚ ਰਹੇ ਹਨ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਭਲਕੇ ਹਾਦਸੇ ਵਾਲੀ ਥਾਂ ਦਾ ਦੌਰਾ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਲਈ 10 ਲੱਖ ਰੁਪਏ, ਗੰਭੀਰ ਜ਼ਖ਼ਮੀਆਂ ਲਈ 2 ਲੱਖ ਰੁਪਏ ਅਤੇ ਮਾਮੂਲੀ ਜ਼ਖ਼ਮੀਆਂ ਲਈ 50,000 ਰੁਪਏ ਦਾ ਐਲਾਨ ਕੀਤਾ ਗਿਆ ਹੈ।