ਨਵੀਂ ਦਿੱਲੀ, 27 ਫਰਵਰੀ 2019 - ਭਾਰਤ ਨੇ ਪਾਕਿਸਤਾਨ ਦੇ ਉਸ ਦਾਅਵੇ ਦੀ ਪੁਸ਼ਟੀ ਕੀਤੀ ਜਿਸ 'ਚ ਪਾਕਿਸਤਾਨ ਆਪਣੇ ਕਬਜ਼ੇ 'ਚ ਇੱਕ ਭਾਰਤੀ ਪਾਈਲਟ ਹੋਣ ਦਾ ਦਾਅਵਾ ਕਰ ਰਿਹਾ ਸੀ। ਬੁੱਧਵਾਰ ਦੀ ਸ਼ਾਮ ਭਾਰਤੀ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇੱਕ ਪਾਈਲਟ ਪਾਕਿਸਤਾਨ ਦੀ ਕਸਟਡੀ 'ਚ ਹੈ ਅਤੇ ਉਹ ਪਾਕਿਸਤਾਨ ਤੋਂ ਮੰਗ ਕਰਦੇ ਹਨ ਕਿ ਭਾਰਤੀ ਹਵਾਈ ਸੈਨਾ ਦੇ ਇਸ ਪਾਈਲਟ ਨੂੰ ਤੁਰੰਤ ਸੁਰੱਖਿਅਤ ਵਾਪਸ ਭੇਜਿਆ ਜਾਵੇ। ਭਾਰਤ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਇਹ ਸੁਰੱਖਿਅਤ ਕਰੇ ਕਿ ਪਾਈਲਟ ਨੂੰ ਕੋਈ ਵੀ ਨੁਕਸਾਨ ਨਾ ਪਹੁੰਚੇ।
ਪਾਕਿਸਤਾਨੀ ਫੌਜ ਦੇ ਕਬਜ਼ੇ 'ਚ ਭਾਰਤੀ ਪਾਈਲਟ ਦਾ ਇੱਕ ਹੋਰ ਵੀਡੀੳ ਹੋਇਆ ਜਾਰੀ
ਇਸ ਸਭ ਵਿਚਕਾਰ ਬੁੱਧਵਾਰ ਬਾਅਦ ਦੁਪਹਿਰ ਪਾਕਿਸਤਾਨ ਵੱਲੋਂ ਇੱਕ ਹੋਰ ਵੀਡੀੳ ਜਾਰੀ ਕੀਤਾ ਗਿਆ ਜਿਸ ਵਿਚ ਵਿੰਗ ਕਮਾਂਡਰ ਕਹੇ ਜਾਣ ਵਾਲੇ ਭਾਰਤੀ ਪਾਈਲਟ ਅਭਿਨੰਦਨ ਪਾਕਿਸਤਾਨੀ ਫੌਜ ਨਾਲ ਗੱਲਬਾਤ ਕਰਨ ਦੇ ਨਾਲ ਨਾਲ ਚਾਹ ਦੀਆਂ ਚੁਸਕੀਆਂ ਲੈਂਦਾ ਨਜ਼ਰ ਆ ਰਿਹਾ ਹੈ। ਵੀਡੀੳ 'ਚ ਪਾਕਿਸਤਾਨੀ ਫੌਜ ਭਾਰਤੀ ਫੌਜੀ ਤੋਂ ਉਸਦੇ ਅਹੁਦੇ ਤੇ ਪਰਿਵਾਰ ਬਾਰੇ ਸਵਾਲ ਜਵਾਬ ਕਰ ਰਹੀ ਹੈ। ਜਿਸ ਨੂੰ ਭਾਰਤੀ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਬੜੇ ਠਰ੍ਹਮੇ ਨਾਲ ਜਵਾਬ ਦੇ ਰਿਹਾ ਹੈ। ਉਸ ਵੱਲੋਂ ਇਹ ਵੀ ਕਿਹਾ ਗਿਆ ਕਿ ਪਾਕਿਸਤਾਨੀ ਆਰਮੀ ਉਸ ਨਾਲ ਬੜੀ ਨਰਮੀ ਨਾਲ ਪੇਸ਼ ਆਈ।
ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਫੜੇ ਗਏ ਇਸ ਭਾਰਤੀ ਪਾਈਲਟ ਦੀ ਸੋਸ਼ਲ ਮੀਡੀਆ 'ਤੇ ਇੱਕ ਪਰਿਵਾਰ ਨਾਲ ਤਸਵੀਰ ਅਤੇ ਉਸਦੀ ਨਿੱਜੀ ਜ਼ਿੰਦਗੀ ਦੀ ਜਾਣਕਾਰੀ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਆਪਣੀ ਪਤਨੀ ਅਤੇ ਬੱਚੇ ਨਾਲ ਪਾਈਲਟ ਦੀ ਵਰਦੀ 'ਚ ਤਸਵੀਰ ਉਤਰਵਾ ਰਿਹਾ ਹੈ।