Babushahi Exclusive: ਚੋਣ ਡਿਊਟੀ ਕਟਾਉਣ ਲਈ ਨੂੰਹਾਂ ਨੂੰ ਜਾਗਿਆ ਸੱਸਾਂ ਦਾ ਹੇਜ ਤੇ ਮੁੰਡੇ ਬਣੇ ਸਰਵਣ ਪੁੱਤ
ਅਸ਼ੋਕ ਵਰਮਾ
ਬਠਿੰਡਾ,11 ਅਕਤੂਬਰ 2024: ਪੰਜਾਬ ’ਚ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਲੱਗੀ ਡਿਊਟੀ ਕਟਵਾਉਣ ਲਈ ਵੱਖ ਵੱਖ ਥਾਵਾਂ ਤੇ ਚੋਣ ਪ੍ਰਸ਼ਾਸ਼ਨ ਨੂੰ ਦਿੱਤੀਆਂ ਅਰਜੀਆਂ ਦੌਰਾਨ ਲਾਏ ਬਹਾਨਿਆਂ ਤੋਂ ਇੱਕ ਨਿਵੇਕਲਾ ਪਹਿਲੂ ਸਾਹਮਣੇ ਆਇਆ ਹੈ, ਜਿਸ ਮੁਤਾਬਕ ਮਹਿਲਾ ਮੁਲਾਜ਼ਮ ਆਪਣੀਆਂ ਬਿਰਧ ਸੱਸਾਂ ਦੀ ਸੇਵਾ ਵਿੱਚ ਜੁਟੀਆਂ ਨਜ਼ਰ ਆ ਰਹੀਆਂ ਹਨ ਜਦੋਂਕਿ ਪੁਰਸ਼ ਸਰਕਾਰੀ ਮੁਲਾਜ਼ਮ ਸਰਵਣ ਪੁੱਤ ਬਣੇ ਦਿਖਾਈ ਦੇ ਰਹੇ ਹਨ। ਕਈ ਜਿਲਿ੍ਹਆਂ ’ਚ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੇ ਪੱਤਰ ਮਿਲੇ ਹਨ ਜਿਨ੍ਹਾਂ ਵਿੱਚ ਮੁਲਾਜ਼ਮਾਂ ਨੇ ਚੋਣ ਡਿਊਟੀ ਕਟਵਾਉਣ ਲਈ ਕਈ ਤਰ੍ਹਾਂ ਦੇ ਦਿਲਚਸਪ ਬਹਾਨੇ ਘੜੇ ਹਨ। ਜਾਣਕਾਰੀ ਅਨੁਸਾਰ ਕਈ ਥਾਈਂ ਤਾਂ ਚੋਣ ਪ੍ਰਸ਼ਾਸ਼ਨ ਕੋਲ ਡਿਊਟੀ ਤੋਂ ਛੋਟ ਮੰਗਣ ਲਈ ਅਰਜੀਆਂ ਦੇਣ ਵਾਲਿਆਂ ਦਾ ਇੱਕ ਤਰਾਂ ਨਾਲ ਹੜ੍ਹ ਆਇਆ ਹੋਇਆ ਹੈ।
ਬਠਿੰਡਾ ਪ੍ਰਸ਼ਾਸਨ ਕੋਲ ਵੀ ਪਿਛਲੇ ਦਿਨਾਂ ਦੌਰਾਨ ਏਦਾਂ ਦੀਆਂ ਕਾਫੀ ਦਰਖਾਸਤਾਂ ਆਈਆਂ ਹਨ ਜਿਨ੍ਹਾਂ ਵਿੱਚ ਸਰਕਾਰੀ ਮੁਲਾਜ਼ਮਾਂ ਨੇ ਡਿਊਟੀ ਕੱਟੇ ਜਾਣ ਦੀ ਬੇਨਤੀ ਕੀਤੀ ਹੈ। ਉਂਜ ਕਈ ਮੁਲਾਜ਼ਮਾਂ ਦੇ ਮਾਮਲੇ ਵਾਜਬ ਵੀ ਹਨ ਅਤੇ ਉਨ੍ਹਾਂ ਦਾ ਡਿਊਟੀ ਕਟਵਾਉਣ ਦਾ ਤਰਕ ਵੀ ਠੋਸ ਹੈ। ਮੁਲਾਜ਼ਮ ਚੋਣ ਡਿਊਟੀ ਕਟਵਾਉਣ ਲਈ ਹਾਕਮ ਧਿਰ ਦੇ ਆਗੂਆਂ ਤੋਂ ਵੀ ਸਿਫ਼ਾਰਸ਼ਾਂ ਕਰਵਾ ਰਹੇ ਹਨ । ਕੁੱਝ ਮੁਲਾਜਮਾਂ ਨੇ ਆਪਣੇ ਜਾਣਕਾਰ ਪੁਲਿਸ ਅਫਸਰਾਂ ਤੋਂ ਵੀ ਸਿਫਾਰਸ਼ ਕਰਵਾਈ ਹੈ ਇਹ ਵੱਖਰੀ ਗੱਲ ਹੈ ਕਿ ਪੰਜਾਬ ਪੁਲਿਸ ਨੂੰ ਡਿਊਟੀ ਤੋਂ ਕੋਈ ਛੋਟ ਨਹੀਂ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦਰਖਾਸਤਾਂ ਦੀ ਗਿਣਤੀ ਜ਼ਿਆਦਾ ਹੈ ਜਿਨ੍ਹਾਂ ਵਿੱਚ ਮੁਲਾਜ਼ਮਾਂ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਦੇ ਮਾਤਾ ਪਿਤਾ ਬਜ਼ੁਰਗ ਅਤੇ ਬਿਮਾਰ ਰਹਿੰਦੇ ਹਨ।
ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਹੋਰ ਕੋਈ ਨਹੀਂ ਹੈ ਜਿਸ ਕਰਕੇ ਉਨ੍ਹਾਂ ਦੀ ਡਿਊਟੀ ਕੱਟੀ ਜਾਵੇ। ਸੂਤਰ ਦੱਸਦੇ ਹਨ ਕਿ ਇਨ੍ਹਾਂ ਦਰਖਾਸਤਾਂ ਵਿੱਚ ਜ਼ਿਆਦਾ ਕੇਸ ਅਧਿਆਪਕਾਂ ਦੇ ਹਨ। ਇੱਕ ਮੁਲਾਜ਼ਮ ਨੇ ਤਰਕ ਦਿੱਤਾ ਹੈ ਕਿ ਉਸ ਨੂੰ ਆਪਣੀ ਬਿਰਧ ਮਾਂ ਦੀ ਦੇਖ ਭਾਲ ਕਰਨੀ ਪੈਂਦੀ ਹੈ ਜਿਸ ਕਾਰਨ ਉਸ ਦੀ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਏੇ। ਇੱਕ ਮਹਿਲਾ ਅਧਿਆਪਕਾਂ ਨੇ ਕਿਹਾ ਹੈ ਕਿ ਉਸ ਦੀ ਸੱਸ ਦੇ ਦਿਲ ਦਾ ਅਪਰੇਸ਼ਨ ਹੋਇਆ ਹੈ ਜਿਸ ਦੀ ਸੇਵਾ ਵਿੱਚ ਉਸ ਨੂੰ ਹਾਜ਼ਰ ਰਹਿਣਾ ਪੈਂਦਾ ਹੈ। ਇਸ ਅਧਾਰ ਤੇ ਉਸ ਨੇ ਚੋਣ ਡਿਉਟੀ ਤੋਂ ਛੋਟ ਮੰਗੀ ਹੈ। ਇੱਕ ਜਿਲ੍ਹੇ ’ਚ ਤਾਂ ਅੱਧੀ ਦਰਜਨ ਸਰਕਾਰੀ ਅਧਿਆਪਕਾਂ ਨੇ ਵੀ ਇਹੋ ਆਖਿਆ ਕਿ ਉਨ੍ਹਾਂ ਦੇ ਮਾਂ-ਬਾਪ ਬਜ਼ੁਰਗ ਹਨ ਅਤੇ ਉਨ੍ਹਾਂ ਨੇ ਮਾਪਿਆਂ ਦੀ ਦੇਖ-ਭਾਲ ਕਰਨੀ ਹੈ।
ਦੋ ਮਹਿਲਾ ਮੁਲਾਜ਼ਮਾਂ ਨੇ ਤਰਕ ਦਿੱਤਾ ਕਿ ਉਨ੍ਹਾਂ ਦੀ ਸੱਸ ਅਕਸਰ ਬਿਮਾਰ ਰਹਿੰਦੀ ਹੈ ਜਿਸ ਕਾਰਨ ਉਹ ਚੋਣ ਡਿਊਟੀ ਨਹੀਂ ਦੇ ਸਕਦੀਆਂ। ਸਰਕਾਰੀ ਸਕੂਲ ਦੀ ਇੱਕ ਅਧਿਆਪਕ ਦੀ ਦਲੀਲ ਹੈ ਕਿ ਉਸ ਨੂੰ ਸਪੀਕਰ ਦੀ ਆਵਾਜ਼ ਨਾਲ ਉਸ ਨੂੰ ਚੱਕਰ ਆਉਣ ਲੱਗ ਜਾਂਦੇ ਹਨ। ਦੱਸਣਯੋਗ ਹੈ ਕਿ ਮੁਲਾਜਮਾਂ ਦੇ ਦੂਰ ਦੂਰ ਬੈਠੇ ਹੋਣ ਕਾਰਨ ਚੋਣ ਰਿਹਰਸਲਾਂ ਸਮੇਂ ਸਪੀਕਰ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਮੁਲਾਜ਼ਮਾਂ ਨੇ ਖੁਦ ਨੂੰ ਬਿਮਾਰ ਦੱਸ ਕੇ ਚੋਣ ਡਿਊਟੀ ਤੋਂ ਰਾਹਤ ਮੰਗੀ ਹੈ। ਇਕ ਮੁਲਾਜ਼ਮ ਨੇ ਆਪਣੀਆਂ ਅੱਖਾਂ ਦੀ ਸਮੱਸਿਆ ਦੱਸੀ ਹੈ ਜਦੋਂਕਿ ਇੱਕ ਅਧਿਆਪਕਾ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ। ਇੱਕ ਮੁਲਾਜ਼ਮ ਨੇ ਦਿਮਾਗੀ ਪ੍ਰੇਸ਼ਾਨੀ ਅਤੇ ਸਰਕਾਰੀ ਸਕੂਲ ਦੀ ਇੱਕ ਅਧਿਆਪਕਾ ਨੇ ਡਿਸਕ ਦੀ ਸਮੱਸਿਆ ਦੱਸੀ ਹੈ।
ਇੱਕ ਅਧਿਆਪਕ ਨੇ ਆਪਣੀ ਪਤਨੀ ਦੇ ਬਿਮਾਰ ਹੋਣ ਦਾ ਤਰਕ ਦਿੱਤਾ ਹੈ। ਇੱਕ ਅਧਿਆਪਕਾ ਦਾ ਕਹਿਣਾ ਹੈ ਕਿ ਉਸ ਨੂੰ ਚੱਕਰ ਆਉਣ ਲੱਗ ਜਾਂਦੇ ਹਨ ਅਤੇ ਅੱਖਾਂ ਮੂਹਰੇ ਹਨੇਰਾ ਛਾ ਜਾਂਦਾ ਹੈ। ਕਈ ਮੁਲਾਜ਼ਮਾਂ ਨੇ ਆਪਣੇ ਬੱਚੇ ਛੋਟੇ ਹੋਣ ਦਾ ਵਾਸਤਾ ਪਾਇਆ ਹੈ। ਇੱਕ ਅਧਿਆਪਕਾ ਨੇ ਆਪਣੀ 10 ਮਹੀਨਿਆਂ ਦੀ ਬੱਚੀ ਦਾ ਤਰਕ ਦਿੱਤਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਚੋਣ ਅਧਿਕਾਰੀ ਡਿਊਟੀਆਂ ਕੱਟਣ ਤੋਂ ਮੁਨਕਰ ਹਨ ਬਲਕਿ ਜਾਇਜ ਮਾਮਲਿਆਂ ’ਚ ਕਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕਪਲ ਕੇਸਾਂ ਅਤੇ ਗੰਭੀਰ ਬਿਮਾਰੀ ਆਦਿ ਨਾਲ ਸਬੰਧਿਤ ਦਰਖਾਸਤਾਂ ’ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਂਦਾ ਹੈ।
ਚੋਣ ਕਮਿਸ਼ਨ ਪੰਜਾਬ ਨੇ ਗਰਭਵਤੀ ਮਹਿਲਾ ਮੁਲਾਜ਼ਮਾਂ ਅਤੇ ਉਨ੍ਹਾਂ ਮਹਿਲਾ ਮੁਲਾਜ਼ਮਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਹੈ ਜਿਨ੍ਹਾਂ ਦੇ ਬੱਚੇ ਹਾਲੇ ਇੱਕ ਸਾਲ ਤੋਂ ਘੱਟ ਉਮਰ ਦੇ ਹਨ। ਜਾਣਕਾਰੀ ਅਨੁਸਾਰ ਔਸਤਨ ਕਰੀਬ ਪੰਜ ਮੁਲਾਜ਼ਮਾਂ ਨੂੰ ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਕੀਤਾ ਜਾਵੇਗਾ ਜਦੋਂ ਕਿ ਹੰਗਾਮੀ ਹਾਲਤ ਵਾਸਤੇ ਮੁਲਾਜ਼ਮ ਰਿਜ਼ਰਵ ਵੀ ਰੱਖੇ ਜਾਣਗੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਕੇਸਾਂ ’ਚ ਜਾਇਜ ਗੱਲ ਸਾਹਮਣੇ ਆਉਂਦੀ ਹੈ ਅਤੇ ਮੁਲਾਜਮ ਡਿਊਟੀ ਕਟਾਉਣ ਲਈ ਬਹਾਨੇ ਵੀ ਘੜਦੇ ਹਨ। ਉਨ੍ਹਾਂ ਕਿਹਾ ਕਿ ਸਿਰਫ ਯੋਗ ਅਤੇ ਮੈਰਿਟ ਦੇ ਅਧਾਰ ਤੇ ਡਿੳਟੀ ਕੱਟੀ ਜਾਏਗੀ।
ਠੇਕਾ ਅਧਿਆਪਕਾਂ ਨੇ ਮੰਗੀ ਛੋਟ
ਠੇਕਾ ਅਧਾਰਿਤ ਅਊਟਸੋਰਸ ਤਹਿਤ ਕੰਮ ਕਰ ਰਹੇ ਅਧਿਆਪਕਾਂ ਨੇ ਡਿਊਟੀ ਤੋਂ ਛੋਟ ਮੰਗੀ ਹੈ। ਪੰਜਾਬ ਚੋਣ ਕਮਿਸ਼ਨ ਦੇ ਪੱਤਰ ਦਾ ਹਵਾਲਾ ਦਿੰਦਿਆਂ ਵੋਕੇਸ਼ਨਲ ਅਧਿਆਪਕ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਬਰਾੜ ਅਤੇ ਮੀਤ ਪ੍ਰਧਾਨ ਜਸਪ੍ਰੀਤ ਸਿੰਘ ਦਿਅਲਪੁਰਾ ਨੇ ਪ੍ਰਸ਼ਾਸ਼ਨ ਨੂੰ ਇਸ ਸਬੰਧ ’ਚ ਪੱਤਰ ਦਿੱਤਾ ਹੈ। ਅਧਿਆਪਕ ਆਗੂ ਆਖਦੇ ਹਨ ਕਿ ਜਦੋਂ ਸਰਕਾਰ ਉਨ੍ਹਾਂ ਸਹੂਲਤਾਂ ਨਹੀਂ ਦਿੰਦੀ ਪਰ ਡਿਊਟੀਆਂ ਲਾ ਰਹੀ ਹੈ ਜੋ ਸਹੀ ਨਹੀਂ ਹੈ।