Panchayat Elections Exclusive: ਮੂੰਹ ਕੌੜਾ ਕਰਾਉਣ ਵਾਲਿਆਂ ਨੇ ਭਰਿਆ ਸਬਰ ਦਾ ਘੁੱਟ
ਅਸ਼ੋਕ ਵਰਮਾ
ਬਠਿੰਡਾ,12 ਅਕਤੂਬਰ 2024: ਪੰਜਾਬ ’ਚ ਹੋਣ ਜਾ ਰਹੀਆਂ ਪੰਚਾਇਤਾਂ ਚੋਣਾਂ ਦੌਰਾਨ ਕਈ ਪਿੰਡਾਂ ’ਚ ਸਰਪੰਚ ਬਣਨ ਦੇ ਉਨ੍ਹਾਂ ਚਾਹਵਾਨਾਂ ਨੂੰ ਝਟਕਾ ਲੱਗਿਆ ਹੈ ਜੋ ਇਸ ਚੱਕਰ ’ਚ ਚੋਣਾਂ ਦੀ ਆਹਟ ਤੋਂ ਪਹਿਲਾਂ ਹੀ ਵੋਟਰਾਂ ਜਾਂ ਫਿਰ ਚੰਗੀਆਂ ਵੋਟਾਂ ਪੁਆਉਣ ਵਾਲਿਆਂ ਦਾ ਲਾਲ ਪਰੀ ਨਾਲ ਚੋਰੀ ਛੁੱਪੇ ਮੂੰਹ ਕੌੜਾ ਕਰਵਾਉਣ ’ਚ ਲੱਗੇ ਹੋਏ ਸਨ। ਕਈ ਪਿੰਡ ਅਜਿਹੇ ਹਨ ਜਿੱਥੇ ਸਰਪੰਚੀ ਜਨਰਲ ਤੋਂ ਅਨੁਸੂਚਿਤ ਜਾਤੀ ਵਰਗ ਲਈ ਰਾਖਵੀਂ ਕਰ ਦਿੱਤੀ ਗਈ ਹੈ ਜਦੋਂਕਿ ਕਈ ਪਿੰਡਾਂ ’ਚ ਔਰਤਾਂ ਲਈ ਰਾਖਵਾਂ ਕਰਨ ਨਾਲ ਸਰਪੰਚ ਬਣਨ ਦੀ ਝਾਕ ਮੁਕਾਉਣੀ ਪਈ ਹੈ। ਸੂਤਰਾਂ ਅਨੁਸਾਰ ਇਸ ਤਰਾਂ ਦੇ ਲੋਕਾਂ ਨੇ ਰੂੜੀ ਮਾਰਕਾ ਵੀ ਵਰਤਾਈ ਅਤੇ ਦੇਸੀ ਤੇ ਅੰਗਰੇਜ਼ੀ ਪਰੋਸਣ ਤੋਂ ਵੀ ਸੰਕੋਚ ਨਹੀਂ ਕੀਤਾ ਹੈ। ਇਸ ਵੰਡ ਵੰਡਾਰੇ ’ਚ ਕਿਸੇ ਇੱਕ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਬਲਕਿ ਪਰਦੇ ਪਿੱਛੇ ਹਰ ਰੰਗ ਦੇ ਨੇਤਾ ਇਸ ਹਮਾਮ ’ਚ ਨੰਗੇ ਨਜ਼ਰ ਆਏ।
ਰੌਚਕ ਪਹਿਲੂ ਇਹ ਵੀ ਹੈ ਕਿ ਰਾਖਵੇਂਕਰਨ ਦੀ ਸੂਚੀ ਨਾਲ ਕਈ ਪਿੰਡਾਂ ’ਚ ਜਿੱਥੇ ਖੁਸ਼ੀਆਂ ਦਾ ਮਹੌਲ ਬਣਿਆ ੳੱਥੇ ਆਸਾਂ ਟੁੱਟਣ ਕਾਰਨ ਕਈਆਂ ਦੇ ਬੁੱਲਾਂ ’ਤੇ ਸਿਕਰੀ ਜੰਮੀ ਹੋਈ ਹੈ ਜੋ ਲੱਥਣ ਦਾ ਨਾਮ ਨਹੀਂ ਲੈ ਰਹੀ ਹੈ। ਪਤਾ ਲੱਗਿਆ ਹੈ ਕਿ ਕਾਫੀ ਗਿਣਤੀ ਆਗੂਆਂ ਨੇ ਆਪਣਾ ਸਿਆਸੀ ਪ੍ਰਭਾਵ ਵਰਤਕੇ ਆਪਣੀ ਇੱਛਾ ਅਨੁਸਾਰ ਸ਼੍ਰੇਣੀ ਬਦਲਾਉਣ ਦੇ ਯਤਨ ਵੀ ਕੀਤੇ ਪ੍ਰੰਤੂ ਇੱਕਾ ਦੁੱਕਾ ਨੂੰ ਛੱਡਕੇ ਜਿਆਦਾਤਰ ਨੂੰ ਸਫਲਤਾ ਨਹੀਂ ਮਿਲ ਸਕੀ ਅਤੇ ਸਰਪੰਚ ਬਣਨ ਦੀਆਂ ਸੱਧਰਾਂ ਪੂਰੀਆਂ ਨਾਂ ਹੋ ਸਕੀਆਂ।ਇਸ ਵਾਰ ਪੰਜਾਬ ’ਚ 13 ਹਜ਼ਾਰ ਤੋਂ ਜਿਆਦਾ ਪੰਚਾਇਤਾਂ ਲਈ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਜਿੰਨ੍ਹਾਂ ਦੇ ਮੁਕਾਬਲੇ ’ਚ ਅਜਿਹੇ ਪਿੰਡ ਪੱਧਰੀ ਆਗੂਆਂ ਦੀ ਗਿਣਤੀ ਬਹੁਤੀ ਵੱਡੀ ਨਹੀਂ ਫਿਰ ਵੀ ਵੱਖ ਵੱਖ ਸੰਪਰਕ ਸੂਤਰਾਂ ਰਾਹੀਂ ਸਾਹਮਣੇ ਆਏ ਤੱਥ ਹੈਰਾਨ ਕਰਨ ਵਾਲੇ ਹਨ।
ਸੂਤਰ ਦੱਸਦੇ ਹਨ ਕਿ ਰਾਖਵਾਂ ਹੋਣ ਕਾਰਨ ਇੱਕ ਅਜਿਹੇ ਸਰਪੰਚ ਦਾ ਸੁਫਨਾ ਚਕਨਾਚੂਰ ਹੋਇਆ ਜਿਸ ਵੱਲੋਂ ਅੱਧ ਅਗਸਤ ਤੋਂਂ ਦਾਰੂ ਪਿਆਲਾ ਵਰਤਾਉਣਾ ਸ਼ੁਰੂ ਕੀਤਾ ਹੋਇਆ ਸੀ। ਕੁੱਝ ਦਿਨ ਤਾਂ ਸਰਪੰਚੀ ਦੇ ਇਸ ਚਾਹਵਾਨ ਨੂੰ ਇਹ ਸਮਝ ਨਹੀਂ ਪਿਆ ਕਿ ਇਹ ਭਾਣਾ ਕਿਸ ਤਰਾਂ ਵਾਪਰ ਗਿਆ ਪਰ ਅੰਤ ਨੂੰ ਉਸ ਨੂੰ ਮਨ ਸਮਝਾਉਣਾ ਪਿਆ ਹੈ। ਇਸ ਪੜਤਾਲ ਦੌਰਾਨ ਇੱਕ ਅਜਿਹਾ ਨੇਤਾ ਵੀ ਸਾਹਮਣੇ ਆਇਆ ਜਿਸ ਨੇ ਗੰਢਤੁੱਪ ਰਾਹੀਂ ਰੂੜੀ ਮਾਰਕਾ ਤਿਆਰ ਕਰਵਾਕੇ ਇੱਕ ਮਹੀਨੇ ਤੋਂ ਵੱਧ ਪਿਆਈ ਪਰ ਜਦੋਂ ਰਾਖਵੇਂਕਰਨ ਦੀ ਸੂਚੀ ਆਈ ਤਾਂ ਉਸ ਦਾ ਖੁਦ ਦਾ ਨਸ਼ਾ ਲੱਥ ਗਿਆ। ਪਟਿਆਲਾ ਜਿਲ੍ਹੇ ’ਚ ਵੀ ਇੱਕ ਤਥਾਕਥਿਤ ਸਰਪੰਚ ਇਸ ਪ੍ਰਕਿਰਿਆ ਤੋਂ ਪੀੜਤ ਦੱਸਿਆ ਜਾ ਰਿਹਾ ਹੈ ਜਿਸ ਨੇ ਤਾਂ ਦਾਰੂ ਪਿਆਉਣ ਲਈ ਕਦੇ ਵਿਤਕਰਾ ਨਹੀਂ ਕੀਤਾ ਸੀ ਪਰ ਸਰਕਾਰੀ ਨੀਤੀ ਉਸ ਨਾਲ ਵਿਤਕਰੇਬਾਜੀ ਕਰ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਇੱਕ ਵੱਡੇ ਕਾਂਗਰਸੀ ਆਗੂ ਦਾ ਪਿੰਡ ਰਾਖਵੇਂਕਰਨ ਦੀ ਮਾਰ ਹੇਠ ਆ ਗਿਆ ਹੈ ਜਿੱਥੋਂ ਦਾ ਇੱਕ ਵੱਡਾ ਆਗੂ ਸਰਪੰਚੀ ਲਈ ਮੁੱਠੀਆਂ ’ਚ ਥੁੱਕੀ ਫਿਰਦਾ ਸੀ। ਇਸੇ ਤਰਾਂ ਹੀ ਆਮ ਆਦਮੀ ਪਾਰਟੀ ਦੇ ਮੋਢਿਆਂ ਤੇ ਚੜ੍ਹਕੇ ਸਰਪੰਚ ਬਣਨ ਦੇ ਚਾਹਵਾਨ ਨੂੰ ਵੀ ਰਾਖਵਾਂਕਰਨ ਨੇ ਝਟਕਾ ਦਿੱਤਾ ਹੈ ਜਿਸ ਦਾ ਪਿੰਡ ਜਰਨਲ ਔਰਤ ਲਈ ਰਾਖਵਾਂ ਹੋਇਆ ਹੈ। ਹੁਣ ਇਸ ਨੇਤਾ ਦੀ ਪਤਨੀ ਚੋਣ ਲੜ ਰਹੀ ਹੈ ਜਿਸ ਕਰਕੇ ਉਸ ਨੂੰ ਐਨੀ ਕੁ ਉਮੀਦ ਹੈ ਕਿ ਘਰਵਾਲੀ ਦੇ ਜਿੱਤਣ ਦੀ ਸੂਰਤ ’ਚ ਸਰਪੰਚੀ ਤਾਂ ਉਸ ਨੇ ਹੀ ਕਰਨੀ ਹੈ। ਸੂਤਰਾਂ ਨੇ ਦੱਸਿਆ ਹੈ ਕਿ ਸਰਪੰਚੀ ਦੀ ਦੌੜ ’ਚ ਖੁਦ ਨੂੰ ਜੇਤੂ ਮੰਨ ਕੇ ਚੱਲ ਰਹੇ ਇੱਕ ਵੱਡੇ ਨੇਤਾ ਦੀ ਮੁੱਛ ਦੇ ਵਾਲ ਨੂੰ ਵੀ ਰਾਖਵਾਂਕਰਨ ਮਹਿੰਗਾ ਪਿਆ ਹੈ। ਇਸ ਉਮੀਦਵਾਰ ਨੇ ਸ਼ਰਾਬ ਪਿਆਉਣ ਦਾ ਕੰਮ ਕਾਫੀ ਪਹਿਲਾਂ ਸ਼ੁਰੂ ਕਰ ਦਿੱਤਾ ਸੀ ਜੋ ਚੋਣਾਂ ਦਾ ਐਲਾਨ ਹੁਣ ਤੱਕ ਜੋਬਨ ਤੇ ਪੁੱਜ ਗਿਆ ਸੀ।
ਇਸ ਨੇਤਾ ਨੂੰ ਆਸ ਸੀ ਕਿ ਜਿਸ ਤਰਾਂ ਦਾ ਮਹੌਲ ਉਸ ਦੇ ਪੱਖ ’ਚ ਬਣਿਆ ਹੈ ਸਰਪੰਚੀ ਵੱਟ ਤੇ ਪਈ ਹੈ। ਜਦੋਂ ਪਿੰਡਾਂ ਨੂੰ ਰਾਖਵਾਂ ਕੀਤੇ ਜਾਣ ਦੀ ਪ੍ਰਕਿਰਿਆ ਦੌਰਾਨ ਉਸ ਦਾ ਪਿੰਡ ਦਲਿਤ ਸਰਪੰਚ ਦੇ ਕੋਟੇ ’ਚ ਆ ਗਿਆ ਤਾਂ ਇਹ ਖਬਰ ਉਸ ਤੇ ਬਿਜਲੀ ਵਾਂਗ ਡਿੱਗੀ ਹੈ। ਜਾਣਕਾਰੀ ਅਨੁਸਾਰ ਕਈ ਦਿਨ ਇਸ ਆਗੂ ਦਾ ਬਲੱਡ ਪ੍ਰੈਸ਼ਰ ਘਟਿਆ ਰਿਹਾ ਜੋ ਇਲਾਜ ਤੋਂ ਬਾਅਦ ਠੀਕ ਹੋਇਆ ਹੈ। ਇਹ ਕੁੱਝ ਮਿਸਾਲਾਂ ਹਨ ਕਈ ਪਿੰਡਾਂ ’ਚ ਵੋਟਾਂ ਖਾਤਰ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੋਰ ਵੀ ਕਈ ਤਰਾਂ ਦੇ ਹੱਥਕੰਡੇ ਅਪਣਾਏ ਜਾਣ ਦੀਆਂ ਖਬਰਾਂ ਹਨ ਪਰ ਰਾਖਵਾਂਕਰਨ ਕਾਰਨ ਸਰਪੰਚੀ ਹੱਥ ਨਾਂ ਆ ਸਕੀ ਅਤੇ ਖਰਚ ਹੋਇਆ ਉਹ ਅਜਾਈਂ ਚਲਾ ਗਿਆ। ਸਰਪੰਚੀ ਦੇ ਕਈ ਅਜਿਹੇ ਚਾਹਵਾਨ ਔਰਤ ਉਮੀਦਵਾਰਾਂ ਦੇ ਹੱਕ ’ਚ ਵੋਟਾਂ ਮੰਗ ਰਹੇ ਹਨ ਪਰ ਔਰਤਾਂ ਲਈ 50 ਫ਼ੀਸਦੀ ਰਾਖਵੇਂਕਰਨ ਤੋਂ ਅੰਦਰੋਂ ਅੰਦਰੀ ਦੁਖੀ ਅਤੇ ਮਜਬੂਰੀਵੱਸ ਚੁੱਪ ਵੱਟੀ ਹੋਈ ਹੈ।
ਅਗਵਾਈ ਔਰਤਾਂ ਨੂੰ ਮਿਲੇ-ਕੁਸਲਾ
ਸਮਾਜਿਕ ਕਾਰਕੁੰਨ ਤੇ ਸਾਬਕਾ ਅਧਿਕਾਰੀ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਔਰਤਾਂ ਲਈ 50 ਫ਼ੀਸਦੀ ਰਾਖਵੇਂਕਰਨ ਦਾ ਫ਼ੈਸਲਾ ਸ਼ਲਾਘਾਯੋਗ ਹੈ ਪਰ ਇਹ ਵੀ ਹਕੀਕਤ ਹੈ ਕਿ ਸਰਪੰਚ ਔਰਤਾਂ ਦੇ ਅਧਿਕਾਰਾਂ ਨੂੰ ਉਨ੍ਹਾਂ ਦੇ ਪਤੀ ਹੀ ਵਰਤਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਦਾ ਤਾਂ ਹੀ ਫਾਇਦਾ ਹੈ ਜੇਕਰ ਚੋਣਾਂ ਵਿਚ ਸਫ਼ਲ ਹੋਣ ਵਾਲੀਆਂ ਔਰਤਾਂ ਪਿੰਡਾਂ ਦੀ ਖ਼ੁਦ ਅਗਵਾਈ ਕਰਨ।