'ਭਵਿੱਖ ਦੇ ਕਾਰੋਬਾਰੀ: ਸਟਾਰਟ-ਅੱਪ ਚੈਲੈਂਜ' ਪ੍ਰਾਜੈਕਟ ਲਾਂਚ ਕਰਕੇ ਪਟਿਆਲਾ ਬਣਿਆ ਨਿਵੇਕਲਾ ਜ਼ਿਲ੍ਹਾ (ਵੀਡੀਓ ਵੀ ਦੇਖੋ)
- ਵਿਦਿਆਰਥੀਆਂ, ਮਹਿਲਾਵਾਂ, ਦਿਵਿਆਂਗਜਨਾਂ, ਆਮ ਲੋਕਾਂ ਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨਾਂ ਤੋਂ ਮੰਗੀਆਂ ਭਵਿੱਖੀ ਯੋਜਨਾਵਾਂ
- 12 ਜੂਨ ਤੱਕ ਡੀ.ਬੀ.ਈ.ਈ. ਕੋਲ ਭੇਜੀ ਜਾ ਸਕੇਗੀ ਨਵੇਂ ਉਦਮਾਂ ਲਈ ਯੋਜਨਾ-ਡੀ.ਸੀ.
- 'ਫਿਊਚਰ ਟਾਈਕੂਨਜ਼' ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨਾਂ ਨੂੰ ਢੁਕਵਾਂ ਮੰਚ ਤੇ ਸੁਖਾਵਾਂ ਵਾਤਾਵਰਨ ਪ੍ਰਦਾਨ ਕਰੇਗਾ-ਸਾਕਸ਼ੀ ਸਾਹਨੀ
ਪਟਿਆਲਾ, 13 ਮਈ 2022 - ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਅਜਿਹੇ ਨਿਵੇਕਲੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਵਿਦਿਆਰਥੀਆਂ, ਨੌਜਵਾਨਾਂ, ਸਵੈ-ਸਹਾਇਤਾ ਗਰੁੱਪਾਂ, ਮਹਿਲਾਵਾਂ, ਦਿਵਿਆਂਗਜਨਾਂ, ਛੋਟੇ-ਵੱਡੇ ਕਾਰੋਬਾਰੀਆਂ ਜਾਂ ਆਮ ਲੋਕਾਂ 'ਚੋਂ ਕਿਸੇ ਦੇ ਵੀ ਆਪਣੇ ਸੁਪਨਮਈ ਪ੍ਰਾਜੈਕਟ ਦੇ ਨਵੇਂ ਸੰਕਲਪਾਂ ਜਾਂ ਯੋਜਨਾਵਾਂ ਨੂੰ ਅੱਗੇ ਲਿਆ ਕੇ ਅਸਲ 'ਚ ਰੂਪਮਾਨ ਕਰਨ ਲਈ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
'ਭਵਿੱਖ ਦੇ ਕਾਰੋਬਾਰੀ: ਸਟਾਰਟ-ਅੱਪ ਚੈਲੈਂਜ' ਪ੍ਰਾਜੈਕਟ ਲਾਂਚ ਕਰਕੇ ਪਟਿਆਲਾ ਬਣਿਆ ਨਿਵੇਕਲਾ ਜ਼ਿਲ੍ਹਾ (ਵੀਡੀਓ ਵੀ ਦੇਖੋ)
ਇਹ 'ਭਵਿੱਖ ਦੇ ਕਾਰੋਬਾਰੀ: ਸਟਾਰਟ-ਅੱਪ ਚੈਲੈਂਜ' ਪ੍ਰਾਜੈਕਟ, ਅੱਜ ਇੱਥੇ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਆਡੀਟੋਰੀਅਮ ਵਿਖੇ ਕਰਵਾਏ ਇੱਕ ਸਾਦੇ ਸਮਾਗਮ 'ਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ, ਏ.ਡੀ.ਸੀ. (ਸ਼ਹਿਰੀ ਵਿਕਾਸ) ਗੌਤਮ ਜੈਨ ਸਮੇਤ ਜ਼ਿਲ੍ਹੇ ਦੇ ਚੋਣਵੇਂ ਸਨਅਤਕਾਰਾਂ, ਸਵੈ-ਸਹਾਇਤਾ ਗਰੁੱਪਾਂ ਅਤੇ ਛੋਟੇ-ਵੱਡੇ ਕਾਰੋਬਾਰੀਆਂ ਵੱਲੋਂ ਸਾਂਝੇ ਤੌਰ 'ਤੇ ਲਾਂਚ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਨਾਭਾ ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਤਹਿਤ ਜ਼ਿਲ੍ਹੇ ਦੇ ਹੁਨਰਮੰਦ ਨੌਜਵਾਨਾਂ ਤੇ ਵੱਖ-ਵੱਖ ਕਿੱਤਿਆਂ ਦੀ ਯੈਲੋ ਪੇਜੇਜ਼ ਡਾਇਰੈਕਟਰੀ ਜਾਰੀ ਕਰਨ ਦੀ ਵੀ ਪ੍ਰਸ਼ੰਸਾ ਕੀਤੀ। ਇਸ ਮੌਕੇ ਤ੍ਰਿਜਨ ਕਲਾ ਸੰਗਮ ਸੈਲਫ਼ ਹੈਲਪ ਗਰੁਪ ਨੂੰ 3 ਲੱਖ ਰੁਪਏ ਦਾ ਚੈਕ ਸਟਾਰਟ ਅਪ ਪੰਜਾਬ ਵੱਲੋਂ ਪ੍ਰਦਾਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਹ ਪ੍ਰਾਜੈਕਟ ਸ਼ੁਰੂ ਕਰਕੇ ਪਟਿਆਲਾ, ਪੰਜਾਬ ਹੀ ਨਹੀਂ ਬਲਕਿ ਦੇਸ਼ ਦਾ ਅਜਿਹਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ, ਜੋਕਿ ਸਮਾਜ ਦੇ ਉਨ੍ਹਾਂ ਲੋਕਾਂ, ਜੋਕਿ ਰੇਹੜੀ-ਫੜੀ ਲਗਾਉਂਦੇ ਹਨ ਜਾਂ ਸਵੈ-ਸਹਾਇਤਾ ਗਰੁੱਪਾਂ ਦੇ ਮੈਂਬਰ ਹਨ ਅਤੇ ਆਪਣਾ ਕੋਈ ਛੋਟਾ-ਵੱਡਾ ਕਾਰੋਬਾਰ ਕਰਦੇ ਹਨ, ਨੂੰ ਆਪਣੇ ਕਾਰੋਬਾਰ, ਸਨਅਤ ਜਾਂ ਉਦਮ ਨੂੰ ਹੋਰ ਪ੍ਰਫੁਲਤ ਲਈ ਇੱਕ ਢੁਕਵਾਂ ਮੰਚ ਪ੍ਰਦਾਨ ਕਰੇਗਾ।
ਡੀ.ਸੀ. ਨੇ ਦੱਸਿਆ ਕਿ ਇਸ ਪ੍ਰਾਜੈਕਟ ਅਧੀਨ ਨੌਜਵਾਨਾਂ, ਮਹਿਲਾਵਾਂ, ਦਿਵਿਆਂਗਜਨਾਂ ਅਤੇ ਆਮ ਲੋਕਾਂ ਜਾਂ ਪਹਿਲਾਂ ਹੀ ਆਪਣੇ ਵੱਡੇ-ਛੋਟੇ ਕਾਰੋਬਾਰ ਕਰ ਰਹੇ ਲੋਕ, ਜੋਕਿ ਆਪਣਾ ਕਾਰੋਬਾਰ ਨੂੰ ਹੋਰ ਅੱਗੇ ਵਧਾਉਣਾ ਚਾਹੁੰਦੇ ਹਨ ਜਾਂ ਨਵਾਂ ਕਾਰੋਬਾਰ ਕਰਨਾ ਚਾਹੁੰਦੇ ਹਨ, ਤੋਂ ਨਵੇਂ ਉਦਮ ਜਾਂ ਕਾਰੋਬਾਰ ਸ਼ੁਰੂ ਲਈ ਉਨ੍ਹਾਂ ਦੇ ਸੰਕਲਪ, ਯੋਜਨਾ ਤੇ ਸੁਝਾਓ ਮੰਗੇ ਗਏ ਹਨ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇੱਕ ਮਹੀਨੇ ਦੇ ਅੰਦਰ-ਅੰਦਰ 12 ਜੂਨ ਤੱਕ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਕੋਲ ਪੁੱਜਣ ਵਾਲੇ ਸੰਕਲਪਾਂ 'ਚੋਂ ਚੁਣੇ ਸਭ ਤੋਂ ਬਿਹਤਰ ਸੰਕਲਪ ਜਾਂ ਯੋਜਨਾ ਭੇਜਣ ਵਾਲੇ ਭਵਿੱਖੀ ਕਾਰੋਬਾਰੀ ਆਪਣੀ ਪ੍ਰੈਜੈਂਟੇਸ਼ਨ ਦੇਣਗੇ ਅਤੇ ਹਰ ਵਰਗ ਦੇ ਜੇਤੂਆਂ ਨੂੰ 51-51 ਹਜਾਰ ਰੁਪਏ ਨਕਦ, ਸੀਡ ਫੰਡਿੰਗ, ਏਂਜਲ ਇਨਵੈਸਟਰ ਵੱਲੋਂ ਨਿਵੇਸ਼ ਸਹਾਇਤਾ ਤੋਂ ਇਲਾਵਾ ਕਰਜ਼ ਤੇ ਸਬਸਿਡੀ, ਸਟਾਰਟ-ਅੱਪ ਪੋਰਟਲ 'ਤੇ ਰਜਿਸਟ੍ਰੇਸ਼ਨ ਆਦਿ ਮੁਹੱਈਆ ਕਰਵਾਏਗਾ। ਜਦਕਿ ਹੋਰ ਵਧੀਆ ਸੁਝਾਓ ਭੇਜਣ ਵਾਲਿਆਂ ਨੂੰ ਬੈਂਕ ਟਾਈ-ਅਪ ਤੇ ਰਾਏ-ਮਸ਼ਵਰੇ ਦੀ ਸਹੂਲਤ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਤੇ ਗ਼ੈਰ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਦੇ ਨਾਲ-ਨਾਲ ਆਪਣੇ ਉਦਮ ਸ਼ੁਰੂ ਕਰਨ ਲਈ ਸੁਖਾਵਾਂ ਤੇ ਹਾਂ ਪੱਖੀ ਮਾਹੌਲ ਵੀ ਮੁਹੱਈਆ ਕਰਵਾਉਣ ਦਾ ਟੀਚਾ ਹੈ। ਇਸ ਟੀਚੇ ਦੀ ਪੂਰਤੀ ਲਈ ਜ਼ਿਲ੍ਹਾ ਪਟਿਆਲਾ ਵੱਲੋਂ 'ਫਿਊਚਰ ਟਾਈਕੂਨਜ਼' ਸਟਾਰਟ-ਅੱਪ ਚੈਲੈਂਜ ਪ੍ਰਾਜੈਕਟ, ਸ਼ੁਰੂ ਕਰਨ ਦਾ ਉਪਰਾਲਾ, ਇਕੱਲੇ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ 'ਚੋਂ ਹੀ ਨਿਵੇਕਲਾ ਉਪਰਾਲਾ ਹੈ।
ਸਾਕਸ਼ੀ ਸਾਹਨੀ ਨੇ ਅੱਗੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਸਿਹਤ, ਸਿੱਖਿਆ, ਖੇਤੀਬਾੜੀ ਤੇ ਸਹਾਇਕ ਧੰਦੇ, ਸੂਚਨਾ ਤਕਨੋਲੋਜੀ, ਬਾਇਉ ਤਕਨੋਲੋਜੀ, ਦਿਹਾਤੀ ਉਦਮੀਅਤਾ, ਸੋਸ਼ਲ ਫੈਬਰਿਕ, ਇਲੈਟ੍ਰੋਨਿਕਸ, ਵਾਤਾਵਰਣ ਤੇ ਊਰਜਾ ਆਦਿ ਧੰਦਿਆਂ ਸਮੇਤ ਕਿਸੇ ਸਮਾਜਿਕ ਮੁੱਦੇ 'ਤੇ ਆਪਣੇ ਨਵੇਂ ਵਿਚਾਰ ਜਾਂ ਯੋਜਨਾ ਪੇਸ਼ ਕੀਤੀ ਜਾ ਸਕਦੀ ਹੈ, ਜੋ ਕਿ ਉਨ੍ਹਾਂ ਦੀ ਅਸਲ 'ਚ ਜਿੰਦਗੀ ਨੂੰ ਬਦਲ ਸਕਦਾ ਹੈ।
ਸਮਾਗਮ ਮੌਕੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਅਫ਼ਸਰ ਸਿੰਪੀ ਸਿੰਗਲਾ, ਪਟਿਆਲਾ ਇੰਡਸਟ੍ਰੀਜ਼ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਐਚ.ਪੀ.ਐਸ. ਲਾਂਬਾ, ਫੋਕਲ ਪੁਆਇੰਟ ਰਾਜਪੁਰਾ ਦੇ ਐਮ.ਐਸ.ਐਮ.ਈ. ਫੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਸ੍ਰੀਵਾਸਤਵਾ, ਰੇਡੀਐਂਟ ਟੈਕਸਟਾਈਜ ਸਮਾਣਾ ਤੋਂ ਗਿਆਨ ਚੰਦ ਕਟਾਰੀਆ ਹਿੰਦੁਸਤਾਨ ਯੂਨੀਲਿਵਰ ਰਾਜਪੁਰਾ ਤੋਂ ਫੈਕਟਰੀ ਮੈਨੇਜਰ ਅਸ਼ਿਤਾ ਮਿੱਤਲ, ਨੈਸ਼ਨਲ ਸਕੱਤਰ ਲਘੂ ਉਦਯੋਗ ਭਾਰਤੀ ਤੋਂ ਸਰਵ ਦਮਨ ਭਾਰਤੀ, ਐਡਵੋਕੇਟ ਸੁਖਜਿੰਦਰ ਸਿੰਘ ਅਨੰਦ, ਪ੍ਰੈਜੀਡੈਂਟ ਟੈਕਸਟਾਈਲ ਮਿਲਜ਼ ਸਮਾਣਾ ਭਾਨੂ ਪ੍ਰਤਾਪ ਸਿੰਗਲਾ, ਪਟਿਆਲਾ ਚੈਂਬਰ ਆਫ਼ ਇੰਡਸਟ੍ਰੀਜ਼ ਤੋਂ ਹਰਮਿੰਦਰ ਸਿੰਘ, ਨਰੇਸ਼ ਗੁਪਤਾ, ਚਿਤਕਾਰਾ ਯੂਨੀਵਰਸਿਟੀ ਤੋਂ ਡਾ. ਆਦਰਸ਼ ਕੁਮਾਰ ਅਗਰਵਾਲ, ਥਾਪਰ ਇੰਸਟੀਚਿਊਟ ਤੋਂ ਡਾ. ਮਨਦੀਪ ਸਿੰਘ, ਪੰਜਾਬੀ ਯੂਨੀਵਰਸਿਟੀ ਤੋਂ ਡਾ. ਰਤਿੰਦਰ ਕੌਰ ਤੇ ਪ੍ਰਬੰਧਕੀ ਅਫ਼ਸਰ ਡਾ. ਪ੍ਰਭਲੀਨ ਸਿੰਘ, ਸਮੇਤ ਵੱਡੀ ਗਿਣਤੀ ਵਿਦਿਆਰਥੀ, ਸਵੈ ਸਹਾਇਤਾ ਸਮੂਹਾਂ ਦੇ ਮੈਂਬਰ ਤੇ ਉਦਮੀ ਅਤੇ ਵਿਭਾਗੀ ਅਧਿਕਾਰੀ ਵੀ ਮੌਜੂਦ ਸਨ।