- ਕੈਪਟਨ ਨੇ ਜਾਂਚ ਦੇ ਨਾਮ `ਤੇ ਪੰਜਾਬ ਦੇ ਲੋਕਾਂ ਨਾਲ ਮਜ਼ਾਕ ਕੀਤਾ: ਪਰਮਿੰਦਰ ਸਿੰਘ ਢੀਂਡਸਾ
- ਬਾਦਲਾਂ ਪਰਿਵਾਰ ਵਿਰੁੱਧ ਚੱਲ ਰਹੇ ਹਰੇਕ ਮਾਮਲੇ ਦੀ ਜਾਂਚ ਨੂੰ ਇਸੇ ਤਰਾਂ ਰੌਲ ਦਿੱਤਾ ਜਾਂਦੈ: ਢੀਂਡਸਾ
ਚੰਡੀਗੜ੍ਹ, 17 ਅਪ੍ਰੈਲ 2021: ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਇਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ `ਤੇ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਖਿਲਾਫ਼ ਹਾਈ ਕੋਰਟ ਦੇ ਆਏ ਫੈਸਲੇ ਤੋਂ ਬਾਅਦ ਜਾਂਚ ਟੀਮ ਦੇ ਮੁਖੀ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਅਸਤੀਫ਼ਾ ਦੇਣਾ ਕੈਪਟਨ ਅਤੇ ਬਾਦਲਾਂ ਦੀ ਮਿਲੀਭੁਗਤ ਦਾ ਨਤੀਜਾ ਹੈ। ਉਨ੍ਹਾ ਕਿਹਾ ਕਿ ਕੈਪਟਨ ਅਤੇ ਬਾਦਲ ਪਹਿਲਾਂ ਹੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਇਸ ਮਾਮਲੇ ਦੀ ਜਾਂਚ ਕਰਨ ਤੋਂ ਹਟਾਉਣਾ ਚਾਹੁੰਦੇ ਸਨ ਅਤੇ ਹੁਣ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਖ਼ੁਦ ਹੀ ਅਸਤੀਫ਼ਾ ਦੇਣ ਨਾਲ ਦੋਹਾਂ ਦੇ ਮਨਸੂਬੇ ਕਾਮਯਾਬ ਹੋ ਗਏ ਹਨ। ਉਨ੍ਹਾ ਕਿਹਾ ਕਿ ਇਹ ਪਹਿਲਾਂ ਹੀ ਵਿਖਾਈ ਦੇ ਰਿਹਾ ਸੀ ਕਿ ਕੈਪਟਨ ਦੇ ਰਾਜ ਵਿੱਚ ਇਸ ਮਾਮਲੇ ਦੀ ਜਾਂਚ ਕਿਸੇ ਪਾਸੇ ਨਹੀ ਲੱਗੇਗੀ ਅਤੇ ਇਸਨੂੰ ਆਖਿ਼ਰ ਵਿੱਚ ਰੌਲ ਦਿੱਤਾ ਜਾਵੇਗਾ।
ਉਨ੍ਹਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਨਹੀ ਚਾਹੁੰਦੇ ਹਨ ਕਿ ਇਸ ਮਾਮਲੇ ਵਿੱਚ ਸਚਾਈ ਲੋਕਾਂ ਦੇ ਸਾਹਮਣੇ ਆ ਸਕੇ ਅਤੇ ਦੋਵੇਂ ਇੱਕ-ਦੂਜੇ ਦੀਆਂ ਮਾੜੀਆਂ ਕਰਤੂਤਾਂ `ਤੇ ਪਰਦਾ ਪਾਉਣ ਵਿੱਚ ਲੱਗੇ ਹੋਏ ਹਨ। ਸ: ਢੀਂਡਸਾ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀ ਹੋਇਆ ਹੈ ਕਿ ਕੈਪਟਨ ਆਪਣੇ ਅਹਿਮ ਵਾਅਦਿਆਂ ਨੂੰ ਪੂਰਾ ਕਰਨ ਤੋਂ ਮੁਕੱਰੇ ਗਏ ਹੋਣ ਵਿਸ਼ੇਸ਼ ਤੌਰ `ਤੇ ਜਿਨ੍ਹਾ ਮਾਮਲੇ ਦੀ ਜਾਂਚ ਬਾਦਲ ਪਰਿਵਾਰ ਵਿਰੁੱਧ ਚੱਲ ਰਹੀ ਹੁੰਦੀ ਹੈ, ਉਸ ਨੂੰ ਆਖਿ਼ਰ ਵਿੱਚ ਇਸੇ ਤਰਾਂ ਰੌਲ ਦਿੱਤਾ ਜਾਂਦਾ ਹੈ। ਜਿਸ ਵਿੱਚ ਕੋਟਕਪੂਰਾ ਗੋਲੀ ਕਾਂਡ, ਬਰਗਾੜੀ ਵਿੱਚ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਨਸਿ਼ਆਂ ਦੀ ਤਸਕਰੀ ਦੀ ਜਾਂਚ ਅਤੇ ਟਰਾਂਸਪੋਰਟ ਨੀਤੀ ਵਰਗੇ ਅਹਿਮ ਫੈਸਲੇ ਦੀ ਉਡੀਕ ਸੂਬੇ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਨ।
ਪਰਮਿੰਦਰ ਸਿੰਘ ਢੀਂਡਸਾ ਨੇ ਕੈਪਟਨ ਅਮਰਿੰਦਰ ਸਿੰਘ `ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਕੀ ਕਾਰਨ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਅਦਾਕਾਰ ਅਕਸ਼ੈ ਕੁਮਾਰ ਸਮੇਤ ਹੋਰ ਸਖਸ਼ੀਅਤਾਂ ਨੂੰ ਜਾਂਚ ਵਿੱਚ ਸ਼ਾਮਿਲ ਕਰਨ ਦੇ ਬਾਵਜੂਦ ਕੋਟਕਪੂਰਾ ਗੋਲੀ ਕਾਂਡ ਦੀ ਸਚਾਈ ਲੋਕਾਂ ਸਾਹਮਣੇ ਨਹੀ ਆ ਸਕੀ ਹੈ ਅਤੇ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ? ਉਨ੍ਹਾ ਕਿਹਾ ਕਿ ਅਸਲ ਵਿੱਚ ਕੈਪਟਨ ਅਤੇ ਬਾਦਲ ਆਪਸ ਵਿੱਚ ਰਲੇ ਹੋਏ ਹਨ ਅਤੇ ਦੋਵੇਂ ਇੱਕ ਦੂਜੇ ਵਿਰੁਧ ਬਿਆਨਬਾਜ਼ੀ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸਿ਼ਸ਼ ਕਰ ਰਹੇ ਹਨ। ਸ: ਢੀਂਡਸਾ ਨੇ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਵਿੱਚ ਕੈਪਟਨ ਸਰਕਾਰ ਨੇ ਜਾਂਚ ਟੀਮ ਦੇ ਨਾਮ `ਤੇ ਸੂਬੇ ਦੇ ਲੋਕਾਂ ਅਤੇ ਵਿਸ਼ੇਸ਼ ਤੌਰ `ਤੇ ਸਿੱਖ ਪੰਥ ਨਾਲ ਮਜ਼ਾਕ ਕੀਤਾ ਹੈ।