ਮੰਡੀ ਚੋਂ ਚੋਰੀ ਹੋਏ ਝੋਨੇ ਦੇ ਮਾਮਲੇ ਵਿੱਚ ਖੁੱਲੀ ਇੱਕ ਹੋਰ ਨਵੀਂ ਪਰਤ
ਜਗਰਾਉਂ, 22 ਨਵੰਬਰ (ਦੀਪਕ ਜੈਨ):-ਬੀਤੇ ਦੋ ਦਿਨ ਪਹਿਲਾਂ ਜਗਰਾਉਂ ਦੀ ਮੰਡੀ ਵਿੱਚੋਂ ਚੋਰੀ ਹੋਏ ਝੋਨੇ ਦੀਆਂ 700 ਬੋਰੀਆਂ ਨੂੰ ਚੋਰੀ ਕਰਨ ਵਾਲੇ, ਖਰੀਦਣ ਵਾਲੇ ਤੇ ਵੇਚਣ ਵਾਲਿਆਂ ਦੀਆਂ ਰੋਜ਼ ਨਵੀਆਂ ਪਰਤਾਂ ਖੁੱਲ ਰਹੀਆਂ ਹਨ। ਹੁਣ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕੀ ਚੋਰੀ ਦਾ ਝੋਨਾ ਖਰੀਦਣ ਵਾਲਾ ਆੜਤੀ ਐਸੋਸੀਏਸ਼ਨ ਦਾ ਵਾਈਜ਼ ਪ੍ਰਧਾਨ ਹੈ ਜਿਸ ਨੇ 700 ਬੋਰੀ ਝੋਨੇ ਦੀ ਖਰੀਦ ਕੇ ਆਪਣੇ ਸੈਲਰ ਵਿਖੇ ਪਹੁੰਚਦੀ ਕਰ ਦਿੱਤੀ ਹੈ, ਦੇ ਨਾਮ ਨੂੰ ਦਬਾਉਣ ਲਈ ਲੱਖਾਂ ਰੁਪਈਆਂ ਦਾ ਲੈਣ ਦੇਣ ਹੋਇਆ ਦੀ ਚਰਚਾ ਹੈ। ਹਾਲਾਂਕਿ ਜਗਰਾਉਂ ਮੰਡੀ ਵਿੱਚ ਅੱਜ ਸਾਰਾ ਦਿਨ ਇਸ ਗੱਲ ਦੀ ਦੰਦ ਕਥਾ ਚਲਦੀ ਰਹੀ ਅਤੇ ਇਸ ਹੋਈ ਸੌਦੇਬਾਜੀ ਨੂੰ ਉਜਾਗਰ ਕਰਨ ਮੰਡੀ ਨਾਲ ਸੰਬੰਧਿਤ ਕਈ ਵਿਅਕਤੀਆਂ ਨੇ ਹਾਲੇ ਬੰਦ ਗੋਭੀ ਦੇ ਸਿਰਫ ਉੱਪਰਲੇ ਪੱਤੇ ਹੀ ਲਾਹੇ ਹਨ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬੰਦ ਗੋਬੀ ਦਾ ਵਿਚਲਾ ਡੰਡਲ ਵੀ ਬਾਹਰ ਨਿਕਲੇਗਾ। ਇੱਥੇ ਹੀ ਇਨਸਾਫ ਪਸੰਦ ਲੋਕਾਂ ਵਿੱਚ ਵੀ ਅਜਿਹੀਆਂ ਖਬਰਾਂ ਨੂੰ ਸੁਣ ਕੇ, ਇਸ ਵਿੱਚ ਸ਼ਾਮਿਲ ਸਾਰੇ ਵਿਅਕਤੀਆਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕੇ ਆਉਣ ਵਾਲੇ ਦਿਨਾਂ ਵਿੱਚ ਕੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇਗਾ ਜਾਂ ਫਿਰ ਪਤੀਲੇ ਉੱਤੇ ਢੱਕਣ ਦੇ ਦਿੱਤਾ ਜਾਵੇਗਾ। ਇੱਥੇ ਦੁਬਾਰਾ ਫਿਰ ਦੱਸਣ ਯੋਗ ਹੈ ਕਿ ਇਹ ਮਾਮਲਾ ਹਾਲੇ ਤੱਕ ਪੁਲਿਸ ਦਰਬਾਰ ਵਿੱਚ ਨਹੀਂ ਪਹੁੰਚਿਆ।