ਆਈ.ਟੀ.ਆਈ ਨਵਾਂਸ਼ਹਿਰ ਦੀਆਂ ਲੋੜਾਂ ਪੂਰੀਆਂ ਹੋਣਗੀਆਂ- ਲਲਿੱਤ ਮੋਹਨ ਪਾਠਕ
ਪ੍ਰਮੋਦ ਭਾਰਤੀ
ਨਵਾਂਸ਼ਹਿਰ 22 ਨਵੰਬਰ ,2024 ਸਨਅਤੀ ਵਿਕਾਸ ਲਈ ਆਈ.ਟੀ.ਆਈ ਪਾਸ ਨੌਜਵਾਨਾਂ ਦਾ ਰੋਲ ਬੇਹੱਦ ਅਹਿਮ ਹੈ ਤੇ ਆਉਣ ਵਾਲ੍ਹੇ ਸਮੇਂ ਵਿੱਚ ਸਨਅਤਾਂ ਵਲੋਂ ਇਹਨਾਂ ਦੀ ਭਰਤੀ ਸੰਸਥਾਵਾਂ ਵਿੱਚ ਹੀ ਹੋਣ ਲੱਗ ਜਾਵੇਗੀ। ਇਹ ਵਿਚਾਰ ਸ੍ਰੀ ਲਲਿੱਤ ਮੋਹਨ ਪਾਠਕ (ਬੱਲੂ), ਵਾਈਸ ਚੇਅਰਮੈਨ ਤਕਨੀਕੀ ਸਿੱਖਿਆ ਬੋਰਡ ਪੰਜਾਬ ਨੇ ਸਥਾਨਕ ਆਈ ਟੀ ਆਈ ਵਿਖੇ ਖੂਨਦਾਨ ਸਬੰਧੀ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਆਖੇ। ਉਹਨਾਂ ਕਿਹਾ ਕਿ ਸੰਸਥਾ ਦੀਆਂ ਲੋੜਾਂ ਸਬੰਧੀ ਉਹਨਾਂ ਨੂੰ ਲਿਖਤੀ ਵੇਰਵਾ ਦਿੱਤਾ ਜਾਵੇ ਤਾਂ ਕਿ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾ ਸਕੇ ਕਿਉਂਕਿ ਸ.ਭਗਵੰਤ ਸਿੰਘ ਮਾਨ ਸਰਕਾਰ ਸਨਅਤੀ ਸਿਖਲਾਈ ਵੱਲ ਪੂਰਾ ਧਿਆਨ ਦੇ ਰਹੇ ਹਨ। ਉਹਨਾਂ ਨੇ ਖੂਨਦਾਨ ਸਬੰਧੀ ਜਾਣਕਾਰੀ ਦੇਣ ਵਾਰੇ ਕੀਤੇ ਯਤਨ ਦੀ ਪ੍ਰਸੰਸਾ ਕੀਤੀ। ਇਸ ਤੋਂ ਪਹਿਲਾਂ ਓਮਕਾਰ ਸਿੰਘ ਸ਼ੀਂਹਮਾਰ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਮਹੀਮਾਨ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਸੰਸਥਾ ਪ੍ਰਤੀ ਆਪਣੀ ਬਚਨਬੱਧਤਾ ਵਾਰੇ ਭਾਵੁਕ ਵਿਚਾਰ ਪੇਸ਼ ਕੀਤੇ। ਉਹਨਾਂ ਮੁੱਖ ਮਹਿਮਾਨ ਨੂੰ ਸੰਸਥਾ ਦੀਆਂ ਲੋੜਾਂ ਵਾਰੇ ਜਾਣੂ ਕਰਵਾਇਆ। ਟ੍ਰੇਨਿੰਗ ਆਫੀਸਰ ਰਾਜਿੰਦਰ ਕੁਮਾਰ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਬੀ. ਡੀ.ਸੀ ਦੇ ਸਕੱਤਰ ਜੇ ਐਸ ਗਿੱਦਾ ਨੇ ਖੂਨਦਾਨ ਪ੍ਰਤੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਖੂਨ ਦੇ ਗਰੁੱਪਾਂ ਦੇ ਚਾਰ ਮੁੱਖ ਗਰੁੱਪ ਹਨ ਜਿਹਨਾਂ ਦੀ ਖੋਜ 1901 ਵਿੱਚ ਆਸਟ੍ਰੀਆ ਦੇ ਵਿਗਿਆਨੀ ਕਾਰਲ ਲੈਂਡਸਟੇਨਰ ਨੇ 1901 ਵਿੱਚ ਕੀਤੀ ਸੀ। ਜਿਹਨਾਂ ਦੇ ਨਾਮ ਏ, ਬੀ, ਓ ਅਤੇ ਏ-ਬੀ ਰੱਖੇ ਗਏ। ਇਹਨਾਂ ਚਾਰਾਂ ਗਰੁੱਪਾਂ ਦੇ ਨੈਗੇਟਿਵ ਗਰੁੱਪ ਵੀ ਹਨ ਜੋ ਇੱਕ ਪ੍ਰਤੀਸ਼ਤ ਹੀ ਪਾਏ ਜਾਂਦੇ ਹਨ। ਮਨੁੱਖੀ ਖੂਨ ਦਾ ਕੋਈ ਬਦਲ ਨਹੀਂ ਹੈ ਖੂਨ ਦੀ ਕਮੀ ਕਾਰਨ ਬੁੱਝ ਰਹੀ ਜੀਵਨ ਜੋਤ ਨੂੰ ਬਚਾਉਣ ਲਈ ਇੱਕ ਤੰਦਰੁਸਤ ਵਿਅਕਤੀ ਨੂੰ ਹੀ ਅੱਗੇ ਆਉਣਾ ਪੈਂਦਾ ਹੈ ਪਰ ਖੂਨਦਾਨ ਤੋਂ ਪਹਿਲਾਂ ਡਾਕਟਰ ਵੇਖਦੇ ਹਨ ਕਿ ਦਾਨੀ ਦੀ ਉਮਰ 18 ਤੋਂ 65 ਸਾਲ ਵਿਚਕਾਰ ਹੋਵੇ- ਸਰੀਰਕ ਵਜਨ 45 ਕਿਲੋ ਤੋਂ ਘੱਟ ਨਾ ਹੋਵੇ, ਖੂਨ ਦੀ ਮਾਤਰਾ ਭਾਵ ਐਚ.ਬੀ 12.5 ਗ੍ਰਾਮ ਪ੍ਰਤੀਸ਼ਤ ਤੋਂ ਘੱਟ ਨਾ ਹੋਵੇ, ਕੋਈ ਕਰੌਨਿਕ ਬਿਮਾਰੀ ਨਾ ਹੋਵੇ, ਪਹਿਲਾਂ ਕੀਤੇ ਗਏ ਖੂਨਦਾਨ ਨੂੰ ਤਿੰਨ ਮਹੀਨੇ ਹੋ ਗਏ ਹੋਣ ਆਦਿ ਇਸ ਤੋਂ ਬਿਨਾਂ ਕੁੱਝ ਲੋੜੀਂਦੀ ਜਾਣਕਾਰੀ ਵੀ ਲਈ ਜਾ ਸਕਦੀ ਹੈ। ਇਸ ਤਰ੍ਹਾਂ ਡਾਕਟਰੀ ਪ੍ਰਵਾਨਗੀ ਨਾਲ੍ਹ ਹੀ ਖੂਨ ਦਾਨ ਕੀਤਾ ਜਾ ਸਕਦਾ ਹੈ ਤੇ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਦਾਨ ਕੀਤੇ ਗਏ ਖੂਨ ਦੇ ਜ਼ਰੂਰੀ ਟੈਸਟਾਂ ਨਾਲ੍ਹ ਖੂਨਦਾਨੀ ਨੂੰ ਵੀ ਆਪਣੇ ਟੈਸਟਾਂ ਦਾ ਪਤਾ ਲੱਗ ਜਾਂਦਾ ਹੈ। ਇਸ ਮੌਕੇ ਪ੍ਰਿੰਸੀਪਲ ਤੇ ਸਟਾਫ ਵਲੋਂ ਮੁੱਖ ਮਹਿਮਾਨ ਲਲਿਤ ਮੋਹਨ ਪਾਠਕ ਬੱਲੂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਓਮਕਾਰ ਸਿੰਘ ਸ਼ੀਂਹਮਾਰ ਦਾ ਸਨਮਾਨ ਬੀ.ਡੀ.ਸੀ ਤਰਫੋਂ ਲਲਿੱਤ ਮੋਹਨ ਪਾਠਕ ਨੇ ਸਨਮਾਨਿਤ ਕੀਤਾ। ਮੌਕੇ ਤੇ ਸੂਬੇਦਾਰ ਗੁਰਦੇਵ ਰਾਜ, ਮਹਿੰਦਰ ਸਿੰਘ ਮਹਿੰਦੀਪੁਰ, ਜੇ ਐਸ ਗਿੱਦਾ, ਮੈਡਮ ਸੁਰਜੀਤ ਕੌਰ ਡੂਲਕੂ, ਦੇਸ ਰਾਜ ਬਾਲੀ, ਨਰਿੰਦਰਪਾਲ ਤੂਰ, ਵਾਸਦੇਵ ਪ੍ਰਦੇਸੀ, ਮੈਡਮ ਹਰਬੰਸ ਕੌਰ, ਸ਼ਮਾ ਮਲਹੱਨ, ਭੂਮੀਕਾ, ਮੈਡਮ ਨੀਲਮ ਰਾਣੀ ਮੁੱਖ ਅਧਿਆਪਕਾ ,ਰਾਜਿੰਦਰ ਕੁਮਾਰ, ਅਜੇ ਕੁਮਾਰ, ਸੁਰਿੰਦਰਜੀਤ ਸਿੰਘ, ਹਰਮਿੰਦਰ ਕੌਰ, ਰਾਜਿੰਦਰ ਕੁਮਾਰ, ਰਣਜੀਤ ਵਰਮਾ, ਦੇਵ ਮਿੱਤਰ, ਪ੍ਰਮਿੰਦਰਜੀਤ, ਮੈਡਮ ਰਣਜੀਤ ਕੌਰ, ਗੁਰਪ੍ਰੀਤ ਕੌਰ ਯੁਵਕ ਸੇਵਾਵਾਂ, ਐਨ ਐਸ ਐਸ ਇੰਚਾਰਜ ਜਤਿੰਦਰ ਕਾਟਲ, ਹੈਪੀ ਮਨੋਜ਼, ਮਨੋਹਰ ਲਾਲ, ਕੁਲਭੂਸ਼ਨ ਕੁਮਾਰ, ਰਮੇਸ਼ ਕੁਮਾਰ, ਵਾਸਦੇਵ ਮੱਲ ਤੇ ਹਰਬੰਸ ਹਾਜਰ ਸਨ। ਪ੍ਰੈਸ ਵਲੋਂ ਪ੍ਰਮੋਦ ਭਾਰਤੀ, ਵਾਸਦੇਵ ਪ੍ਰਦੇਸੀ, ਹਰਵਿੰਦਰ ਸਿੰਘ, ਸਲੇਸ਼ ਕੁਮਾਰ, ਮੈਡਮ ਬਲਜਿੰਦਰ ਮਾਂਗਟ ਤੇ ਸ੍ਰੀ ਦੇਸ ਰਾਜ ਬਾਲੀ ਮੌਜੂਦ ਰਹੇ ।