ਆਖਿਰਕਾਰ ਨਿਰਭਿਆ ਕੇਸ ਦੇ ਚਾਰੇ ਦੋਸ਼ੀਆਂ ਨੂੰ ਫਾਂਸੀ ਚਾੜ੍ਹਿਆ
ਨਵੀਂ ਦਿੱਲੀ, 20 ਮਾਰਚ, 2020 : 2012 ਦੇ ਬਹੁ ਚਰਚਿਤ ਨਿਰਭਿਆ ਗੈਂਗ ਰੇਪ ਤੇ ਕਤਲ ਕੇਸ ਦੇ ਚਾਰੇ ਦੋਸ਼ੀਆਂ ਨੂੰ ਅੱਜ ਸਵੇਰੇ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ। ਇਸ ਨਾਲ ਲੰਬੇ ਸਮੇਂ ਤੋਂ ਲਟਕ ਰਹੇ ਮਾਮਲੇ ਦਾ ਅੰਤ ਹੋ ਗਿਆ। ਇਸ ਫਾਂਸੀ ਵਾਸਤੇ ਪਿਛਲੇ ਢਾਈ ਮਹੀਨਿਆਂ ਦੌਰਾਨ ਤਿੰਨ ਵਾਰੀ ਡੈਥ ਵਾਰੰਟ ਜਾਰੀ ਕਰਨੇ ਪਏ ਸਨ। ਚਾਰੇ ਦੋਸ਼ੀਆਂ ਅਕਸ਼ੇ ਠਾਕੁਰ, ਵਿਨੇ ਸ਼ਰਮਾ, ਪਵਨ ਗੁਪਤਾ ਤੇ ਮੁਕੇਸ਼ ਨੂੰ ਫਾਂਸੀ ਚਾੜ੍ਹਨ ਦੇ ਹੁਕਮ ਦਿੱਲੀ ਦੀ ਅਦਾਲਤ ਨੇ ਦਿੱਤੇ ਸਨ।
ਫਾਂਸੀ ਅਦਾਲਤੀ ਹੁਕਮਾਂ ਅਨੁਸਾਰ ਸਹੀ 5.30 ਵਜੇ ਦਿੱਤੀ ਗਈ। ਜਲੱਾਦ ਪਵਨ ਮੰਗਲਵਾਰ ਨੂੰ ਹੀ ਤਿਹਾੜ ਜੇਲ੍ਹ ਵਿਚ ਪਹੁੰਚ ਗਿਆ ਸੀ ਤੇ ਉਸਨੇ ਲੋੜੀਂਦ ਡੰਮੀ ਫਾਂਸੀ ਪ੍ਰਕਿਰਿਆ ਵੀ ਪੂਰੀ ਕਰ ਲਈ ਸੀ। ਨਿਰਭਿਆ ਦੀ ਮਾਂ ਆਸ਼ਾ ਦੇਵੀ ਤੇ ਪਿਤਾ ਬਦਰੀਨਾਥ ਸਿੰਘ ਨੇ ਫਾਂਸੀ ਦਾ ਸਵਾਗਤ ਕਰਦਿਆਂ ਆਖਿਆ ਹੈ ਕਿ ਆਖਿਰਕਾਰ ਉਹਨਾਂ ਦੀ ਧੀ ਨੂੰ ਇਨਸਾਫ ਮਿਲ ਗਿਆ। ਸੱਤ ਸਾਲ ਪਹਿਲਾਂ ਰਾਸ਼ਟਰੀ ਰਾਜਧਾਨੀ ਵਿਚ ਉਸ ਨਾਲ ਚਲਦੀ ਬੱਸ ਵਿਚ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ ਤੇ ਫਿਰ ਉਸਦਾ ਕਤਲ ਕਰ ਦਿੱਤਾ ਗਿਆ ਸੀ।