ਹਰੀਸ਼ ਕਾਲੜਾ
- ਸ਼੍ਰੋਮਣੀ ਅਕਾਲੀ ਦਲ ਬਾਦਲ ਕਿਸਾਨਾਂ ਦੀ ਪਾਰਟੀ ਬੀ.ਜੇ ਪੀ. ਕਿਸਾਨਾਂ ਦੀ ਪਾਰਟੀ ਨਹੀ : ਸੁਖਬੀਰ ਸਿੰਘ ਬਾਦਲ
- ਤੋੜ ਵਿਛੋੜੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਰੂਪਨਗਰ 'ਚ ਕੀਤੀ ਪਹਿਲੀ ਰੈਲੀ
ਰੂਪਨਗਰ, 27 ਸਤੰਬਰ 2020 - ਐਨ.ਡੀ.ਏ. ਤੋਂ ਤੋੜ ਵਿਛੋੜਾ ਕਰਕੇ ਕਿਸਾਨਾਂ ਦੇ ਹੱਕ 'ਚ ਖੜ੍ਹੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਅੱਜ ਰੂਪਨਗਰ ਵਿੱਚ ਇਕ ਵੱਡੀ ਰੈਲੀ ਕੀਤੀ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਰੂਪਨਗਰ ਪੁੱਜਣ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਅਮਰਜੀਤ ਸਿੰਘ ਚਾਵਲਾ, ਪਰਮਜੀਤ ਸਿੰਘ ਮਾਕੜ ਨੇ ਸਵਾਗਤ ਕੀਤਾ।
ਇਸ ਮੌਕੇ ਤੇ ਬੋਲਦਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੇ ਲਈ ਹਰ ਕੁਰਬਾਨੀ ਦੇਣ ਦੇ ਲਈ ਤਿਆਰ ਹੈ । ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਪਾਰਟੀ ਨਹੀਂ, ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਸਾਨਾਂ ਦੀ ਪਾਰਟੀ ਹੈ ਅਤੇ ਇਹ ਇਕੋ ਇਕ ਪਾਰਟੀ ਹੈ ਜੋ ਕਿਸਾਨਾਂ ਦੀ ਅਤੇ ਗਰੀਬਾਂ ਦੀ ਪਾਰਟੀ ਕਿਹਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਨੂੰ ਪੰਜਾਬੀਆ ਦੀ ਤਾਕਤ ਦਿਖਾਉਣ ਲਈ ਇਕ ਅਕਤੂਬਰ ਨੂੰ ਸਿੱਖ ਧਰਮ ਦੇ ਤਿੰਨ ਤਖਤਾਂ ਤੋਂ ਅਰਦਾਸ ਕਰਕੇ ਵੱਡੇ ਕਾਫ਼ਲੇ ਰਵਾਨਾ ਕਰ ਮੋਹਾਲੀ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ। ਜਿਸ ਵਿੱਚ ਅਕਾਲੀ ਵਰਕਰ ਤੇ ਕਿਸਾਨ ਟਰੈਕਟਰਾਨ ਦੇ ਜ਼ਰੀਏ ਪੁੱਜ ਕੇ ਵਿਰੋਧ ਖੇਤੀ ਬਿਲਾਨ ਦਾ ਵਿਰੋਧ ਕਰਨਗੇ। ਸੁਖਬੀਰ ਸਿੰਘ ਬਾਦਲ ਐਨ.ਡੀ.ਏ ਨਾਲ ਨਾਤਾ ਤੋੜਨ ਤੋਨ ਬਾਅਦ ਰੂਪਨਗਰ ਵਿੱਚ ਪਹਿਲੀ ਵਰਕਰਾਂ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ।ਸੁਖਬੀਰ ਬਾਦਲ ਦੇ ਰੋਪੜ ਪੁੱਜਣ ਤੇ ਯੂਥ ਅਕਾਲੀ ਵਰਕਰਾਂ ਵੱਲੋਂ ਹਰਪ੍ਰੀਤ ਸਿੰਘ ਬਸੰਤ ਤੇ ਹਰਵਿੰਦਰ ਸਿੰਘ ਕਮਾਲਪੁਰ ਦੀ ਅਗਵਾਈ ਵਿੱਚ ਮੋਟਰਸਾਇਕਲ ਰੈਲੀ ਕੱਢੀ ਗਈ। ਜਿਸ ਵਿੱਚ ਵੱਡੀ ਗਿਣਤੀ 'ਚ ਨੋਜਵਾਨਾ ਨੇ ਹਿੱਸਾ ਲਿਆ।
ਇਸ ਦੋਰਾਨ ਵਰਕਰਾ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਤੇ ਵੀ ਤਿੱਖੇ ਨਿਸ਼ਾਨੇ ਸਾਧੇ ਤੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇਕਰ ਇਕ ਸਾਲ ਪਹਿਲਾ ਹੋਈ ਸੱਤ ਮੁੱਖ ਮੰਤਰੀਆਂ ਦੀ ਉੱਚ ਪੱਧਰੀ ਮੀਟਿੰਗ ਜਿਸ ਵਿੱਚ ਇਂਹਾ ਬਿੱਲਾਂ ਦਾ ਵਿਰੋਧ ਕਰ ਦਿੰਦੇ ਤਾਂ ਅੱਜ ਇਹ ਦਿਨ ਨਾ ਦੇਖਣਾ ਪੈਂਦਾ। ਬਾਦਲ ਨੇ ਮਜਾਕੀਆ ਲਿਹਾਜ਼ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਇਕ ਕਮੇਟੀ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਤਾਲਾਸ਼ ਕਰਨ ਬਾਰੇ ਕਿਹਾ।
ਇਸ ਦੋਰਾਨ ਸੀਨੀਅਰ ਅਕਾਲੀ ਨੇਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਰੋਪੜ ਦੇ ਅਕਾਲੀ ਨੇਤਾਵਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਹਲ-ਪੰਜਾਲ਼ੀ ਦਾ ਮਾਡਲ ਵੀ ਭੇਂਟ ਕੀਤਾ ਗਿਆ ਤੇ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ। ਇਸ ਮੋਕੇ 'ਤੇ ਇਸਤਰੀ ਅਕਾਲੀ ਦਲ ਬਾਦਲ ਵਲੋਂ ਵੀ ਸੁਖਬੀਰ ਸਿੰਘ ਬਾਦਲ ਨੂੰ ਸਨਮਾਨਿਤ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਐਨ. ਕੇ ਸ਼ਰਮਾਂ ਜੀਰਕਪੁਰ, ਜਰਨੈਲ ਸਿੰਘ ਵਾਹਿਦ,ਡਾਕਟਰ ਸੁਖਵਿੰਦਰ ਸੁੱਖੀ ਵਿਧਾਇਕ ਬੰਗਾ,ਰਣਜੀਤ ਸਿੰਘ ਗਿੱਲ, ਗੁਰਿੰਦਰ ਸਿੰਘ ਗੋਗੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਹਰਪੀ੍ਰਤ ਸਿੰਘ ਬਸੰਤ, ਕੁਲਵਿੰਦਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ ਬਾਦਲ ਜਿਲ੍ਹਾਂ ਰੂਪਨਗਰ, ਪਰਮਜੀਤ ਸਿੰਘ ਮਾਕੜ , ਸ਼ਕਤੀ ਤ੍ਰਿਪਾਠੀ, ਕੁਲਵੰਤ ਸਿੰਘ ਕੌਸਲਰ, ਮਨਜੀਤ ਸਿੰਘ ਘਨੌਲੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਰੂਪਨਗਰ, ਸੁਰਿੰਦਰ ਸਿੰਘ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਮਨਿੰਦਰ ਪਾਲ ਸਿੰਘ ਮਨੀ, ਅਜਮੇਰ ਸਿੰਘ ਖੇੜਾ, ਪਰਮਜੀਤ ਸਿੰਘ ਲੱਖੇਵਾਲ, ਹਰਮੋਹਣ ਸਿੰਘ ਸੰਧੂ, ਅਤੇ ਗੁਰਬਖਸ਼ ਸਿੰਘ ਖਾਲਸਾ ਮੀਤ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਦਿ ਹਾਜ਼ਰ ਸਨ।
ਚੰਦੂਮਾਜ਼ਰਾ ਦੇ ਭਾਸ਼ਣ ਵਿੱਚ ਸੈਕੂਲਰ ਤੋਂ ਪੰਥਕ ਬਣਨ ਕੋਸ਼ਿਸ਼
ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਦਾ ਸਾਥ ਛੱਡ ਕੇ ਸੈਕੂਲਰ ਪਾਰਟੀ ਤੋਂ ਇਕ ਵਾਰ ਫਿਰ ਪੰਥਕ ਪਾਰਟੀ ਹੋਣ ਦੀਆਂ ਕੋਸ਼ਿਸ਼ਾਂ ਅਰੰਭ ਕਰ ਦਿੱਤੀਆਂ ਗਈਆਂ ਹਨ। ਅੱਜ ਆਪਣੇ ਭਾਸ਼ਣ ਵਿੱਚ ਪ੍ਰੋ. ਪ੍ਰੇਮ ਸਿੰਘ ਚੂੰਦਮਾਜ਼ਰਾ ਨੇ ਕਿਹਾ ਕਿ ਹੁਣ ਅਕਾਲ ਤਖ਼ਤ ਦਾ ਟਾਕਰਾ ਦਿੱਲੀ ਤਖ਼ਤ ਨਾਲ ਹੈ ਜਿਸ ਤੋਂ ਸਾਫ਼ ਲੱਗ ਰਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਉਹ ਕਿਸਾਨੀ ਦੀ ਲੜਾਈ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਵੀ ਕੇਦਰਿਤ ਕਰ ਸਕਦੇ ਹਨ ਅਤੇ ਇਸ ਨੂੰ ਪੰਥਕ ਰੰਗ ਦੇਣ ਦੀ ਕੋਸ਼ਿਸ਼ ਕਰਨਗੇ।
ਰੈਲੀ ਦੋਰਾਨ ਜੇਬਕਤਰੇ ਰਹੇ ਭਾਰੂ
ਅੱਜ ਦੀ ਰੂਪਨਗਰ ਰੈਲੀ ਵਿੱਚ ਜੇਬਕਤਰੇ ਭਾਰੂ ਰਹੇ ਅਤੇ ਜੇਬਕਤਰਿਆਂ ਵਲੋਂ ਕੁਲਵੰਤ ਸਿੰਘ ਐਮ. ਸੀ. ਰੂਪਨਗਰ ਅਤੇ ਮਾਰਕੀਟ ਕਮੇਟੀ ਰੂਪਨਗਰ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਘਨੌਲੀ ਦੀ ਜੇਬ ਕੱਟ ਲਈ ਗਈ। ਇਸ ਗੱਲ ਦੀ ਪੁਸ਼ਟੀ ਆਗੂਆਂ ਵਲੋਂ ਕੀਤੀ ਗਈ। ਇਸ ਤੋਂ ਇਲਾਵਾਂ ਰੈਲੀ ਵਿਚ ਸ਼ਾਮਲ ਹੋਣ ਆਏ ਕਈ ਵਰਕਰਾਂ ਦੀਆਂ ਜੇਬਾਂ ਤੇ ਵੀ ਜੇਬਕਤਰਿਆਂ ਨੇ ਆਪਣਾ ਹੁਨਰ ਵਿਖਾਇਆ।