ਨਵੀਂ ਦਿੱਲੀ, 23 ਜੁਲਾਈ 2018 - ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਕੁਲਤਾਰ ਸੰਧਵਾਂ ਤੇ ਅਮਰਜੀਤ ਸੰਦੋਆ ਨੂੰ ਬੀਤੇ ਦਿਨ ਕੈਨੇਡਾ ਤੋਂ ਡਿਪੋਰਟ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਦਿੱਲੀ ਪਹੁੰਚਦਿਆਂ ਹੀ ਦੋਹਾਂ ਵਿਧਾਇਕਾਂ ਨੇ ਮੀਡੀਆ ਸਾਹਮਣੇ ਬਿਆਨ ਦਿੱਤੇ ਕਿ ਉਨ੍ਹਾਂ ਨੂੰ ਕੈਨੇਡਾ ਇਮੀਗ੍ਰੇਸ਼ਨ ਨੇ ਕੱਢਿਆ ਨਹੀਂ, ਸਗੋਂ ਉਹ ਖੁਦ ਆਪਣੀ ਮਰਜ਼ੀ ਨਾਲ ਆਏ ਹਨ। ਨੀਊਜ਼-18 ਨਾਲ ਗੱਲਬਾਤ ਕਰਦਿਆਂ ਦੋਹਾਂ ਵਿਧਾਇਕਾਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਕੈਨੇਡਾ ਇਮੀਗ੍ਰੇਸ਼ਨ ਵਾਲਿਆਂ ਨੂੰ ਉਨ੍ਹਾਂ ਤੋਂ ਪੂਰੀ ਜਾਣਕਾਰੀ ਨਹੀਂ ਮਿਲ ਪਾਈ ਸੀ ਜਿਸ ਕਾਰਨ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਥੇ ਕੋਈ ਵੀ ਮਹੌਲ ਗਰਮਾਇਆ ਨਹੀਂ , ਨਾ ਹੀ ਕੈਨੇਡੀਅਨ ਇਮੀਗ੍ਰੇਸ਼ਨ ਨੇ ਉਨ੍ਹਾਂ ਦੇ ਪਾਸਪੋਰਟਾਂ 'ਤੇ ਡਿਪੋਰਟ ਦੀ ਮੋੋਹਰ ਲਗਾਈ ਹੈ।ਉਥੇ ਹੀ ਦੋਹਾਂ ਵਿਧਾਇਕਾਂ ਵੱਲੋਂ ਕੈਨੇਡਾ ਵਿਚ ਉਨ੍ਹਾਂ ਨੂੰ ਹਿਰਾਸਤ ਵਿਚ ਲਏ ਜਾਣ ਦੀਆਂ ਖ਼ਬਰਾਂ ਨੂੰ ਝੂਠਾ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਕੁਝ ਵੀ ਅਜਿਹਾ ਨਹੀਂ ਵਾਪਰਿਆ ਸਗੋਂ ਇਮੀਗ੍ਰੇਸ਼ਨ ਵਾਲਿਆ ਵੱਲੋਂ ਉਨ੍ਹਾਂ ਨੂੰ ਚਾਹ, ਪਾਣੀ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਸਗੋਂ ਅਫਸਰਾਂ ਨੇ ਕਿਹਾ ਕਿ ਉਹ ਭਾਵੇਂ 10 ਦਿਨ ਬਾਅਦ ਹੀ ਵਾਪਸ ਆ ਜਾਣ, ਪਰ ਉਨ੍ਹਾਂ ਕੋਲ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ।
ਕੁਲਤਾਰ ਸੰਧਵਾਂ ਨੇ ਦੱਸਿਆ ਕਿ ਇਮੀਗ੍ਰੇਸ਼ਨ ਨੇ ਉਨ੍ਹਾਂ ਤੋਂ ਇਹੀ ਸਵਾਲ ਕੀਤੇ ਕਿ ਉਨ੍ਹਾਂ ਦਾ ਕੈਨੇਡਾ ਆਉਣ ਦਾ ਮਕਸਦ ਕੀ ਹੈ। ਕੀ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਹਨ ਜਾਂ ਫਿਰ ਕੀ ਉਹ ਸਿਆਸੀ ਗੇੜੀ 'ਤੇ ਆਏ ਹਨ। ਜਿਸਦੇ ਚਲਦਿਆਂ ਪੰਜਾਬ ਤੋਂ ਜਹਾਜ਼ ਵਿਚ ਉੱਡੇ ਦੋਵੇਂ 'ਆਪ' ਵਿਧਾਇਕ ਗੋਰੇ ਅਫਸਰਾਂ ਦੇ ਸਵਾਲਾਂ 'ਚ ਉਲਝ ਗਏ ਤੇ ਕੈਨੇਡਾ ਦੀ ਧਰਤੀ 'ਤੇ ਜਾ ਕੇ ਬਰੰਗ ਪੰਜਾਬ ਵਾਪਸ ਆ ਗਏ। ਹਾਲਾਂਕਿ ਦੋਹਾਂ ਵਿਧਾਇਕਾਂ ਨੇ ਕਿਹਾ ਕਿ ਉਹ ਦੋਬਾਰਾ ਕੈਨੇਡਾ ਜਰੂਰ ਜਾਣਗੇ ਅਤੇ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਜਾਣਗੇ।
ਖ਼ਬਰਾਂ ਇਹ ਵੀ ਮਿਲੀਆਂ ਸਨ ਕਿ ਅਮਨਦੀਪ ਬੈਂਸ ਨਾਂਅ ਦੇ ਸ਼ਖਸ ਨੇ ਉਨ੍ਹਾਂ ਦੋਹਾਂ ਦੀ ਇਮੀਗ੍ਰੈਸ਼ਨ 'ਚ ਸ਼ਿਕਾਇਤ ਕੀਤੀ ਸੀ ਜਿਸ ਕਾਰਨ ਉਨ੍ਹਾਂ ਨੂੰ ਵਾਪਸ ਭੈਜ ਦਿੱਤਾ ਗਿਆ। ਇਸ ਸਬੰਧੀ ਜਦੋਂ ਉਨ੍ਹਾਂ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਬੈਂਸ ਨੂੰ ਨਹੀਂ ਜਾਣਦੇ। ਅਤੇ ਇਹੋ ਜਿਹੀ ਕਿਸੇ ਵੀ ਗੱਲ ਨੂੰ ਉਨ੍ਹਾਂ ਸਾਫ ਨਕਾਰਿਆ ਹੈ।