ਸਰੀ, ਕੈਨੇਡਾ, 16 ਸਤੰਬਰ 2019 - “ ਮੱਚਦੀ ਧਰਤੀ ਦੇ ਕਾਗਜ਼ ’ਤੇ, ਇਕ ਖ਼ਤ ਲਿਖਿਓ ਕਿਣਮਿਣ ਵਰਗਾ ” ਵਰਗੀ ਪ੍ਰਸਿੱਧ ਨਜ਼ਮ ਲਿਖਣ ਵਾਲੀ ਡਾ: ਗੁਰਮਿੰਦਰ ਸਿੱਧੂ ਉਹ ਲੇਖਿਕਾ ਹੈ ਜਿਸਨੇ ਆਪਣੀਆਂ ਖੂਬਸੂਰਤ ਰਚਨਾਵਾਂ ਨਾਲ ਭਾਰਤ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਆਪਣੀ ਖ਼ਾਸ ਥਾਂ ਬਣਾ ਲਈ ਹੈ। ਪਹਿਲੀ ਜਨਵਰੀ 1950 ਨੂੰ ਲੁਧਿਆਣਾ ਜ਼ਿਲੇ ਦੇ ਪਿੰਡ ਸਿਧਵਾਂ ਬੇਟ ਵਿਖੇ ਜਨਮੀ ਗੁਰਮਿੰਦਰ ਪੇਸ਼ੇ ਵਜੋਂ ਡਾਕਟਰ ਹੈ, ਐਮ.ਬੀ.ਬੀ.ਐਸ ਤੇ ਡੀ.ਸੀ.ਐਚ. ਯਾਨੀ ਕਿ ਬਾਲ-ਰੋਗਾਂ ਦੀ ਮਾਹਿਰ । ਪਿਤਾ ਕੈਪਟਨ ਕਰਨੈਲ ਸਿੰਘ ਤੇ ਮਾਤਾ ਕਰਤਾਰ ਕੌਰ ਦੀ ਇਹ ਸਪੁਤਰੀ ਚੌਦਾਂ ਸਾਲ ਦੀ ਅੱਲੜ੍ਹ ਵਰੇਸ ਤੋਂ ਅਖਬਾਰਾਂ/ਰਸਾਲਿਆਂ ਵਿੱਚ ਛਪਦੀ ਆ ਰਹੀ ਹੈ। ਠੇਠ ਪੰਜਾਬੀ ਸਭਿਆਚਾਰ ਵਿੱਚ ਗੁੰਨ੍ਹੀ ਹੋਈ ਉਹਦੀ ਕਵਿਤਾ ਰੂਹ ਨੂੰ ਸਰਸ਼ਾਰ ਕਰਦੀ ਹੈ ਜਾਂ ਫਿਰ ਤਿੱਖੇ ਤੀਰ ਵਾਂਗ ਕਾਲਜੇ ਵਿੱਚ ਵੱਜਦੀ ਹੈ ।
ਸਾਲ 1988 ਵਿੱਚ ਪੰਜਾਬ ਦੇ ਸੰਤਾਪ ਬਾਰੇ ਉਹਦੀ ਨਜ਼ਮ ‘ਘੋੜੀ’ ਨੂੰ ‘ਸਰਵੋਤਮ ਕਵਿਤਾ ਪੁਰਸਕਾਰ’ ਮਿਲਿਆ। ਸਾਲ 1990 ਦੇ ਸਰਬ-ਭਾਰਤੀ ਕਹਾਣੀ ਮੁਕਾਬਲੇ ਵਿੱਚ ਉਹਦੀ ਕਹਾਣੀ ‘ ਪਹੁ ਫੁਟਾਲਾ’ ਪਹਿਲੇ ਨੰਬਰ ਤੇ ਆਈ । ਉਹ ਕਾਵਿ-ਪੁਸਤਕਾਂ ‘ਹੰਝੂ ਭਿੱਜਿਆ ਮੌਸਮ’, ‘ਤਾਰਿਆਂ ਦੀ ਛਾਵੇਂ’, ‘ਮੱਸਿਆ ਤੇ ਗੁਲਾਬੀ ਲੋਅ’, ‘ਬੁੱਕਲ਼ ਵਿਚਲੇ ਸੂਰਜ’, ‘ਹੁਣ ਅਲਵਿਦਾ ਹੁੰਦੇ ਨੇ ਖ਼ਤ’, ਬਾਲ-ਕਵਿਤਾਵਾਂ-‘ਚੰਦ ਦੀ ਬਰਫੀ’, ਜਿਸਨੂੰ ਭਾਸ਼ਾ-ਵਿਭਾਗ ਪੰਜਾਬ ਵਲੋਂ ਬਾਲ-ਸਾਹਿਤ ਵਜੋਂ *ਸ੍ਰੀ ਗੁਰੂ ਹਰਕਿਸ਼ਨ ਪੁਰਸਕਾਰ* ਮਿਲਿਆ ਹੈ ਅਤੇ ਵਾਰਤਕ ‘ਨਾ!ਮੰਮੀ ਨਾ’ ਅਤੇ ‘ਚੇਤਿਆਂ ਦਾ ਸੰਦੂਕ’ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੀ ਹੈ। ਬਾਲਾਂ ਲਈ ਪੁਸਤਕ ‘ਰੁੱਖਾਂ ਦੀ ਅੰਤਾਕਸ਼ਰੀ’ ਛਪਾਈ ਅਧੀਨ ਹੈ।
ਕੰਨਿਆ ਭਰੂਣ-ਹੱਤਿਆ ਤੋਂ ਵਰਜਦੀਆਂ ਅਤੇ ਔਰਤ ਅੰਦਰ ਜਿਊਣ ਤੇ ਜੂਝਣ ਦਾ ਜੋਸ਼ ਭਰਦੀਆਂ ਦੋ ਕਿਤਾਬਾਂ ‘ਕਹਿ ਦਿਓ ਉਸ ਕੁੜੀ ਨੂੰ’ ਤੇ ‘ਧੀਆਂ ਨਾਲ ਜੱਗ ਵਸੇਂਦਾ’ ਨੇ ਕੁੜੀਆਂ ਅੰਦਰ ਬਹੁਤ ਜੋਸ਼ ਭਰਿਆ ਹੈ।ਡਾ : ਗੁਰਮਿੰਦਰ ਸਿੱਧੂ ਪਹਿਲੀ ਡਾਕਟਰ ਹੈ ਜਿਸਨੇ ਸੈਕਸ-ਟੈਸਟ ਰਾਹੀਂ ਧੀ ਦਾ ਪਤਾ ਲੱਗਣ ’ਤੇ ਗਰਭਪਾਤ ਵਿਰੁੱਧ ਆਵਾਜ਼ ਬੁਲੰਦ ਕੀਤੀ। ਉਹਦੀ ਚਿੱਠੀ-ਨੁਮਾ ਰਚਨਾ ‘ਨਾ! ਮੰਮੀ ਨਾ’ ਨੇ ਸਮਾਜ ਦੇ ਹਰ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ। ਲੱਗਭੱਗ ਹਰ ਰਿਸਾਲੇ ਅਖ਼ਬਾਰ ਨੇ ਇਹ ਛਾਪੀ।ਹਿੰਦੀ ਦੇ‘ ਦੈਨਿਕ-ਭਾਸਕਰ’ ਅਤੇ ਹੋਰ ਕਈ ਭਾਸ਼ਾਵਾਂ ਵਿੱਚ ਵਿੱਚ ਅਨੁਵਾਦ ਛਪੇ।
‘ਇੰਡੀਅਨ ਐਕਸਪਰੈਸ’ ਵਿੱਚ ਇਹਦਾ ਅੰਗਰੇਜ਼ੀ ਅਨੁਵਾਦ ਦੋ ਵਾਰ ਛਪਿਆ ਅਤੇ ‘ਪੰਜਾਬੀ ਟ੍ਰਿਬਿਊਨ ਦੇ’ ਕਾਲਮ ‘ਕਲਾ ਝਰੋਖੇ’ ਵਿੱਚ ਸੁਪ੍ਰਸਿੱਧ ਨਾਟਕਕਾਰ ਸ: ਗੁਰਸ਼ਰਨ ਸਿੰਘ ਨੇ ਇਹਨੂੰ ਸ਼ਾਹਕਾਰ ਰਚਨਾ ਦਾ ਮਾਣ ਦਿੱਤਾ। ਉਹਦੀਆਂ ਕਵਿਤਾਵਾਂ ’ਤੇ ਆਧਾਰਿਤ ਨਾਟਕ “ ਚਿੜੀ ਦੀ ਅੰਬਰ ਵੱਲ ਉਡਾਣ ” ਅਨੀਤਾ ਸ਼ਬਦੀਸ਼ ਵਲੋਂ ਦੇਸ-ਵਿਦੇਸ਼ ਦੀਆਂ ਸਟੇਜਾਂ ’ਤੇ ਪੇਸ਼ ਕੀਤਾ ਜਾ ਰਿਹੈ, ਜਿਸਦੇ ਇਕ ਸੌ ਪੰਜਾਹ ਤੋਂ ਉਪਰ ਸ਼ੋ ਹੋ ਚੁੱਕੇ ਨੇ। ਲੋਕਾਂ ਨੂੰ ਨਾਜ਼ਾਇਜ਼ ਰਿਸ਼ਤਿਆਂ ਵਿਰੁੱਧ ਬੜੀ ਸਫ਼ਲਤਾ ਨਾਲ ਵਰਜਦੀ ਏਡਜ਼ ਸਬੰਧੀ ਰਚਨਾ, ‘ਪਲੀਜ਼ ਪਾਪਾ’ ਨੇ ਵੀ ਬਹਤ ਪ੍ਰਸ਼ੰਸਾ ਖੱਟੀ ਹੈ ।
ਵਿਆਹਾਂ ਦੇ ਕਾਰਡ ਪੰਜਾਬੀ ਵਿਚ ਛਪਵਾਉਣ ਲਈ ਉਤਸ਼ਾਹਿਤ ਕਰਦੀ ਉਹਦੀ ਕਿਤਾਬ ‘ਚੌਮੁਖੀਆ ਇਬਾਰਤਾਂ’, ਜਿਸ ਵਿਚ ਸਵਾਗਤੀ ਸਮਾਰੋਹ, ਜਨਮ-ਦਿਨ, ਨਵਾਂ ਸਾਲ, ਦੀਵਾਲੀ, ਲੋਹੜੀ, ਹੋਲੀ ਵਰਗੇ ਤਿਉਹਾਰਾਂ ਲਈ ਸ਼ੁਭ-ਇਛਾਵਾਂ ਤੇ ਕਾਰਡਾਂ ਦੇ ਨਮੂਨੇ ਵੀ ਹਨ, ਇੰਟਰਨੈਟ ’ਤੇ ਬਹੁਤ ਚਰਚਿਤ ਹੋਈ ਹੈ, ਜਿਹਨਾਂ ਨੂੰ ਪੰਜਾਬੀ ਪ੍ਰੇਮੀ ਫੇਸਬੁਕ ਜਾਂ ਵਟਸ ਐਪ ਦੇ ਸੁਨੇਹਿਆਂ ਰਾਹੀਂ ਇਕ ਦੂਜੇ ਨੂੰ ਭੇਜਣ ਲਈ ਵਰਤ ਰਹੇ ਹਨ। ਉਸਦੇ ਹੋਰ ਬਹੁਤ ਸਾਰੇ ਸਾਂਝੇ ਕਾਵਿ-ਸੰਗ੍ਰਹਿ ਤੇ ਕਹਾਣੀ ਸੰਗ੍ਰਹਿ ਛਪੇ ਹਨ।
ਗੁਰਮਿੰਦਰ ਸਿੱਧੂ ਨੂੰ ‘ਭਾਰਤ ਜਿਓਤੀ ਐਵਾਰਡ’,‘ਦੇਸ਼ ਸੇਵਾ ਰਤਨ’,‘ਧੀ ਪੰਜਾਬ ਦੀ ਐਵਾਰਡ’ , ‘ਮਾਲਵੇ ਦਾ ਮਾਣ’,‘ਪਾਸ਼ ਯਾਦਗਾਰੀ ਐੇਵਾਰਡ’,‘ਐੇਵਾਰਡ ਆਫ ਆਨਰ’,‘ਡਾ:ਜਸਵੰਤ ਗਿੱਲ ਐੇਵਾਰਡ’,‘ਪਿੰਡ ਦਾ ਮਾਣ’,‘ਲਾਭ ਸਿੰਘ ਚਾਤ੍ਰਿਕ ਐੇਵਾਰਡ’,‘ਐੇਵਾਰਡ ਆਫ ਐੇਕਸੀਲੈਂਸ’,‘ਰਾਣੀ ਸਾਹਿਬ ਕੌਰ ਪੁਰਸਕਾਰ’, ‘ਮਾਤਾ ਮਾਨਸ ਕੌਰ ਐਵਾਰਡ’, ‘ਗਿਆਨੀ ਦਿੱਤ ਸਿੰਘ ਪੁਰਸਕਾਰ’, ‘ਪੰਜਾਬੀ ਕਵਿਤਾ ਵਿੱਚ ਵਿਲੱਖਣ ਸ਼ਖਸ਼ੀਅਤ’, ‘ਸਰਵੋਤਮ ਕਵਿੱਤਰੀ’ , ‘ਸਾਹਿਤ ਅਤੇ ਮੈਡੀਕਲ ਕਿੱਤੇ ਦੀ ਵਿਲੱਖਣ ਸ਼ਖਸ਼ੀਅਤ’ , ’ਸਿਹਤ ਅਤੇ ਪਰਵਿਾਰ ਭਲਾਈ ਦੇ ਕੰਮ ਲਈ ਪ੍ਰਸ਼ੰਸਾ ਪੱਤਰ’, ‘ਉੱਤਮ ਲੋਕ ਸੇਵਾ ਲਈ ਪ੍ਰਸ਼ੰਸਾ ਪੱਤਰ’ , ‘ਪੰਜਾਬੀ ਸਾਹਿਤ ਸੇਵਾ ਲਈ ਵਿਸ਼ੇਸ਼ ਸਨਮਾਨ’ , ‘ਕਵਿੱਤਰੀ-ਲੇਖਕਾ ਸਮਾਜ ਸੇਵਾ ਸਨਮਾਨ’, ਪੰਜਾਬ ਕਲਾ ਪਰੀਸ਼ਦ ਵਲੋਂ ‘ਐਵਾਰਡ ਆਫ ਆਨਰ’, ‘ਟਰਾਈਸਿਟੀ ਦਾ ਗੌਰਵ’, ‘ਅੰਤਰਰਾਸ਼ਟਰੀ ਨਾਰੀ-ਦਿਵਸ ਸਨਮਾਨ’, ‘ਕਰਨਲ ਭੱਠਲ ਕਲਾਕਾਰ ਸਾਹਿਤਕ ਪੁਰਸਕਾਰ’ ਅਤੇ ਦੇਸ਼-ਵਿਦੇਸ਼ ਦੇ ਸਾਹਿਤਿਕ ਅਦਾਰਿਆਂ, ਸਾਹਿਤ ਸਭਾਵਾਂ, ਵਿਭਾਗਾਂ,ਸੰਸਥਾਵਾਂ ਵਲੋਂ ਅਨੇਕਾਂ ਮਾਣ ਸਨਮਾਨ ਦਿੱਤੇ ਗਏ ਹਨ।‘ ਇੰਟਰਨੈਸ਼ਨਲ ਲੇਖਕ ਡਾਇਰਕੈਟਰੀ ’/ਇੰਟਰਨੈਸ਼ਨਲ ਰਾਈਟਰਜ਼ ਬਾਇਓਗ੍ਰਾਫੀ ਵਿੱਚ ਨਾਂ ਅਤੇ ਜੀਵਨ-ਵੇਰਵਾ ਸ਼ਾਮਿਲ ਹੈ। ਲਾਲ ਕਿਲ੍ਹਾ,ਦਿੱਲੀ ਵਿਖੇ ਹੁੰਦੇ ਗਣਤੰਤਰ ਦਿਵਸ ਕਵੀ ਦਰਬਾਰ ਵਿੱਚ ਬਹੁਤ ਵਾਰੀ ਸ਼ਾਮਿਲ ਹੋਈ ਹੈ।
ਆਕਾਸ਼ਬਾਣੀ ਜਲੰਧਰ, ਪਟਿਆਲਾ,ਚੰਡੀਗੜ੍ਹ ਅਤੇ ਦੂਰਦਰਸ਼ਨ ਤੋਂ ਅਕਸਰ ਕਵਿਤਾਵਾਂ ਅਤੇ ਵਾਰਤਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਉਹਦੇ ਰਚੇ ਗੀਤਾਂ ਨੂੰ ਗਾਇਕਾਂ ਨੇ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਤਾੜੀਆਂ ਦੀ ਗੂੰਜ ਵਿੱਚ ਗਾਇਆ ਹੈ। ਰੇਡਿਓ ਤੇ ਦੂਰਦਰਸ਼ਨ ਜਲੰਧਰ ਤੋਂ ਪੇਸ਼ ਹੁੰਦੀਆਂ ਉਹਦੀਆਂ ਕਵਿਤਾਵਾਂ ਕੀਲ ਕੇ ਬਿਠਾ ਲੈਂਦੀਆਂ ਨੇ ਤੇ ਉਹਦੀ ਕਲਮ ਤੋਂ ਕਿਰੇ ਬੋਲਾਂ ਦਾ ਪਾਠਕ ਤੇ ਸਰੋਤੇ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ। ਸੈਂਟਰਲ ਐਸੋਸੀਏਸ਼ਨ ਆਫ ਪੰਜਾਬੀ ਰਾਈਟਰਜ਼ ਆਫ ਨਾਰਥ ਅਮਰੀਕਾ,ਇੰਡੋ ਕੈਨੇਡੀਅਨ ਟਾਈਮਜ਼ ਟਰੱਸਟ ਅਤੇ ਇੰਟਰਨੈਸ਼ਨਲ ਕਲਚਰਲ ਫੋਰਮ ਵੱਲੋਂ ਉਹਨੂੰ ‘ਐਵਾਰਡ ਆਫ ਐਕਸੀਲੈਂਸ’ ਦਿੱਤੇ ਗਏ ਹਨ।
ਉਹ ਮੈਂਬਰ ਕਾਰਜਕਾਰਨੀ ਕਮੇਟੀ ਕੇਂਦਰੀ ਪੰਜਾਬੀ ਲੇਖਕ ਸਭਾ-1997-98 ਤੇ 2001-2003, ਸੀਨੀਅਰ ਮੀਤ ਪ੍ਰਧਾਨ ਸਾਹਿਤ ਕਲਾ ਸੱਭਿਆਚਾਰਕ ਮੰਚ,ਸੀਨੀਅਰ ਮੀਤ ਪ੍ਰਧਾਨ ਲੋਕ ਸਾਹਿਤ ਸੰਗਮ ਰਾਜਪੁਰਾ ਤੇ ਮੈਂਬਰ ਜਨਰਲ ਕਮੇਟੀ ਪੰਜਾਬ ਸਾਹਿਤ ਅਕਾਦਮੀ-2010,2011,2012 ਰਹੀ ਹੈ । ਅੱਜ ਕੱਲ੍ਹ ਉਹ ਮੀਤ ਪ੍ਰਧਾਨ ਕਲਾਕਾਰ ਸੰਗਮ, ਪੰਜਾਬੀ ਲੇਖਕ ਸਭਾ ਚੰਡੀਗੜ ਦੀ ਕਾਰਜਕਾਰਨੀ ਕਮੇਟੀ ਦੀ ਮੈਂਬਰ ਤੇ ਪੰਜਾਬ ਸਾਹਿਤ ਅਕਾਦਮੀ ਦੀ ਐਸੋਸੀਏਟ ਮੈਂਬਰ ਹੈ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ, ਇੰਡੀਅਨ ਸੋਸਾਇਟੀ ਆਫ ਆਥਰਜ਼, ਪੰਜਾਬੀ ਸਾਹਿਤ ਅਕਾਦਮੀ, ਆਲ ਇੰਡੀਆ ਪੌਇਟੈਸ ਕਾਨਫਰੰਸ ਦੀ ਜੀਵਨ ਮੈਂਬਰ ਹੈ।
ਸਿਰਨਾਵਾਂ ਪੱਕਾ: # 658 ਫੇਜ਼ 3 ਬੀ-1, ਮੋਹਾਲੀ-160059
ਫੋਨ ਮੋਬਾਈਲ:91 9872003658, 9872007658 ਘਰ: 0172 4623658
ਕੈਨੇਡਾ #12573, 70 ਏ ਐਵੇਨਿਊ, ਸਰੀ, ਬ੍ਰਿਟਿਸ਼ ਕੋਲੰਬੀਆ, ਫੋਨ: 1 604 763 1658
ਈਮੇਲ: gurmindersidhu13@gmail.com