ਅਸ਼ੋਕ ਵਰਮਾ
- ਰੋਕ ਦੌਰਾਨ ਰਾਜ ਵਿਚ ਫਿਲਮ ਦੇ ਪ੍ਰਦਰਸ਼ਨ ਨੂੰ ਅਪ੍ਰਵਾਨਿਤ ਮੰਨਿਆ ਜਾਵੇਗਾ
- ਪੰਜਾਬ ਸਰਕਾਰ ਨੇ ਲਗਾਈ ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ 'ਤੇ ਆਧਾਰਤ ਪੰਜਾਬੀ ਫਿਲਮ ‘ਸ਼ੂਟਰ’ 'ਤੇ ਰੋਕ
ਮਾਨਸਾ, 13 ਫਰਵਰੀ 2020 - ਪੰਜਾਬ ਸਰਕਾਰ ਦੁਆਰਾ ਸ਼ਾਰਪ ਸ਼ੂਟਰ ਦੇ ਨਾਂ ਨਾਲ ਜਾਣੇ ਜਾਂਦੇ ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ਤੇ ਆਧਾਰਤ ਬਣੀ ਫਿਲਮ ‘ਸ਼ੂਟਰ’ ਦੇ ਪ੍ਰਦਰਸ਼ਨ ਤੇ ਪਾਬੰਦੀ ਲਗਾਈ ਗਈ ਹੈ। ਇਸ ਪਾਬੰਦੀ ਦੌਰਾਨ ਫਿਲਮ ਦੇ ਪ੍ਰਦਰਸ਼ਨ ਨੂੰ ਅਪ੍ਰਵਾਨਿਤ ਮੰਨਿਆ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ ਨੇ ਦੱਸਿਆ ਕਿ ਫਿਲਮ ਸ਼ੂਟਰ ਇਕ ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ਤੇ ਆਧਾਰਤ ਹੈ ਜਿਸ ਨੂੰ ਜਨਵਰੀ 2015 ਵਿਚ ਇਕ ਹੋਰ ਗੈਂਗਸਟਰ ਵਿੱਕੀ ਗੌਂਡਰ ਨੇ ਉਸ ਸਮੇਂ ਮਾਰ ਦਿੱਤਾ ਸੀ ਜਦੋਂ 6 ਪੁਲਿਸ ਮੁਲਾਜ਼ਮ ਸੁੱਖਾ ਕਾਹਲਵਾਂ ਨੂੰ ਜਲੰਧਰ ਅਦਾਲਤ ਵਿਚ ਸੁਣਵਾਈ ਤੋਂ ਬਾਅਦ ਇਕ ਜੀਪ ਵਿਚ ਵਾਪਸ ਨਾਭਾ ਜੇਲ੍ਹ ਲਿਜਾ ਰਹੇ ਸਨ।
ਫਿਲਮ ਦਾ ਟਰੇਲਰ 18 ਜਨਵਰੀ 2020 ਨੂੰ ਰਿਲੀਜ਼ ਹੋਇਆ ਅਤੇ ਫਿਲਮ 21 ਫਰਵਰੀ 2020 ਨੂੰ ਰਿਲੀਜ਼ ਹੋਣੀ ਹੈ। ਟਰੇਲਰ ਵੇਖਣ ਤੋਂ ਪਤਾ ਲੱਗਦਾ ਹੈ ਕਿ ਫਿਲਮ ਨੌਜਵਾਨਾਂ ਤੇ ਮਾੜਾ ਪ੍ਰਭਾਵ ਪਾ ਸਕਦੀ ਹੈ। ਸੁੱਖਾ ਕਾਹਲਵਾਂ ਨੂੰ ਪੰਜਾਬ ਦਾ ਸਭ ਤੋਂ ਮਾੜਾ ਗੈਂਗਸਟਰ ਮੰਨਿਆ ਜਾਂਦਾ ਸੀ ਜਿਸ ਦੇ ਨਾਮ 'ਤੇ ਦਰਜਨਾਂ ਕੇਸ ਦਰਜ ਹੋਏ ਸਨ। ਉਹ ਵੱਖ-ਵੱਖ ਰਾਜਾਂ ਦੀ ਪੁਲਿਸ ਨੂੰ ਲੋੜੀਂਦਾ ਸੀ ਅਤੇ 40 ਤੋਂ ਵੱਧ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਸੀ। ਉਸ ਉੱਤੇ ਹੱਤਿਆ ਕਰਨ ਤੋਂ ਲੈ ਕੇ ਲੁੱਟ ਖੋਹ ਕਰਨ ਦੇ ਮੁਕੱਦਮੇ ਦਰਜ ਸਨ।
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਪੁਲਿਸ ਡਾਇਰੈਕਟਰ ਜਨਰਲ ਨੂੰ ਨਿਰਦੇਸ਼ ਦਿੱਤੇ ਸਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਗੀਤਾਂ ਅਤੇ ਲਾਈਵ ਪ੍ਰੋਗਰਾਮਾਂ ਵਿਚ ਗਾਏ ਜਾਣ ਵਾਲੇ ਕਿਸੇ ਵੀ ਗੀਤ ਵਿਚ ਸ਼ਰਾਬ, ਨਸ਼ੇ ਅਤੇ ਹਿੰਸਾ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ। ਪੰਜਾਬੀ ਫਿਲਮ ਸ਼ੂਟਰ ਪੰਜਾਬ ਵਿਚ ਗੈਂਗਸਟਰ, ਗੰਨ ਕਲਚਰ ਅਤੇ ਹਿੰਸਾ ਦੀ ਵਡਿਆਈ ਕਰਦੀ ਹੈ। ਜੇਕਰ ਇਸ ਫਿਲਮ ਨੂੰ ਪੰਜਾਬ ਵਿਚ ਰਿਲੀਜ਼ ਕੀਤਾ ਗਿਆ ਤਾਂ ਕੁਝ ਸੰਸਥਾਵਾਂ ਰਾਜ ਵਿਚ ਵੱਖ-ਵੱਖ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਕਰਕੇ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਕਰ ਸਕਦੀਆਂ ਹਨ। ਗੈਂਗਸਟਰ ਦੀ ਜ਼ਿੰਦਗੀ ਤੇ ਆਧਾਰਤ ਇਹ ਫਿਲਮ ਨੌਜਵਾਨਾਂ ਨੂੰ ਵੀ ਗੁੰਮਰਾਹ ਕਰ ਸਕਦੀ ਹੈ। ਇਸ ਤੋਂ ਇਲਾਵਾ ਫਿਲਮ ਦਾ ਪ੍ਰਭਾਵ ਸਕੂਲੀ ਬੱਚਿਆਂ ਅਤੇ ਕਾਲਜ ਵਿਦਿਆਰਥੀਆਂ ਤੇ ਪਵੇਗਾ ਕਿਉਂਕਿ ਉਹ ਇਸ ਕਿਸਮ ਦੀ ਫਿਲਮ ਤੋਂ ਵਧੇਰੇ ਪ੍ਰਭਾਵਿਤ ਹੁੰਦੇ ਹਨ।
ਇਸ ਫਿਲਮ ਦਾ ਵੱਖ-ਵੱਖ ਕੱਟੜਪੰਥੀ ਸੰਗਠਨਾਂ, ਐਨ.ਜੀ.ਓਜ਼, ਅਤੇ ਸਮਾਜਿਕ ਸੰਗਠਨਾਂ ਦੁਆਰਾ ਵਿਰੋਧ ਕੀਤਾ ਜਾ ਰਿਹਾ ਹੈ। ਸੋ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਇਸ ਫਿਲਮ ਤੇ ਰੋਕ ਲਗਾਈ ਗਈ ਹੈ। ਇਹ ਹੁਕਮ ਅਗਲੇ 2 ਮਹੀਨਿਆਂ ਤੱਕ ਲਾਗੂ ਰਹਿਣਗੇ।