ਚੋਰੀ ਦੀ ਇਕ ਹੋਰ ਵੱਡੀ ਵਾਰਦਾਤ, 20 ਤੋਲੇ ਸੋਨੇ ਦੇ ਗਹਿਣਿਆਂ ਸਮੇਤ 30 ਹਜ਼ਾਰ ਤੋਂ ਵੱਧ ਨਕਦੀ ਚੋਰੀ
ਰੋਹਿਤ ਗੁਪਤਾ
ਗੁਰਦਾਸਪੁਰ 29 ਮਾਰਚ 2023 - ਥਾਣਾ ਸਦਰ ਗੁਰਦਾਸਪੁਰ ਦੇ ਅਧੀਨ ਪੈਂਦੀ ਹਯਾਤ ਨਗਰ ਕਲੋਨੀ ਵਿਖੇ ਚੋਰਾਂ ਨੇ ਇੱਕ ਘਰ ਵਿੱਚ ਵੜ ਕੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰ ਇਸ ਘਰ ਦੇ ਤਾਲੇ ਤੋੜ ਕੇ ਵੀਹ ਤੋਲੇ ਤੋਂ ਵੱਧ ਸੋਨੇ ਅਤੇ ਕੁੱਝ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ 30 ਹਜ਼ਾਰ ਰੁਪਏ ਤੋਂ ਵੱਧ ਨਕਦੀ ਚੋਰੀ ਕਰਕੇ ਲੈ ਗਏ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਚੋਰੀ ਦੀ ਇਕ ਹੋਰ ਵੱਡੀ ਵਾਰਦਾਤ, 20 ਤੋਲੇ ਸੋਨੇ ਦੇ ਗਹਿਣਿਆਂ ਸਮੇਤ 30 ਹਜ਼ਾਰ ਤੋਂ ਵੱਧ ਨਕਦੀ ਚੋਰੀ (ਵੀਡੀਓ ਵੀ ਦੇਖੋ)
ਜਾਣਕਾਰੀ ਦਿੰਦਿਆਂ ਚੋਰੀ ਦਾ ਸ਼ਿਕਾਰ ਹੋਏ ਪਰਿਵਾਰ ਦੀ ਔਰਤ ਪਰਮਜੀਤ ਕੌਰ ਪਤਨੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਹਯਾਤ ਨਗਰ ਕਲੋਨੀ ਹਰਦੋਛੰਨੀ ਰੋਡ ਤੇ ਪਿਛਲੇ ਪੱਚੀ ਸਾਲਾਂ ਤੋਂ ਰਹਿ ਰਹੇ ਹਨ। ਬੀਤੀ ਦੁਪਹਿਰ ਸਾਢੇ ਤਿੰਨ ਵਜੇ ਤੋਂ ਬਾਅਦ ਉਹ ਆਪਣੀ ਭੈਣ ਨੂੰ ਮਿਲਣ ਨਜ਼ਦੀਕੀ ਪਿੰਡ ਗਏ ਸਨ। ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਜਦੋਂ ਵਾਪਸ ਘਰ ਪਰਤੇ ਤਾਂ ਬਾਹਰ ਵਾਲੇ ਗੇਟ ਦੇ ਤਾਲੇ ਟੁੱਟੇ ਹੋਏ ਸਨ। ਉਨ੍ਹਾਂ ਨੂੰ ਉਸੇ ਵੇਲੇ ਸ਼ੱਕ ਹੋ ਗਿਆ ਸੀ ਕਿ ਘਰ ਵਿੱਚ ਚੋਰੀ ਹੋ ਗਈ ਹੈ।
ਘਰ ਦੇ ਅੰਦਰ ਆ ਕੇ ਉੱਪਰ ਜਾ ਕੇ ਵੇਖਿਆ ਤਾਂ ਚੋਰਾਂ ਵੱਲੋਂ ਕਮਰੇ ਦੇ ਤਾਲੇ ਤੋੜ ਕੇ ਅੰਦਰ ਦੀ ਅਲਮਾਰੀ ਦਾ ਵੀ ਤਾਲਾ ਤੋੜਿਆ ਗਿਆ ਸੀ ਅਤੇ ਅਲਮਾਰੀ ਅੰਦਰ ਪਏ 20 ਤੋਲੇ ਤੋਂ ਵੱਧ ਵਜਨ ਦੇ ਸੋਨੇ ਦੇ ਗਹਿਣੇ (ਜਿਨ੍ਹਾਂ ਵਿਚ ਚਾਰ ਸੈਟ, 3 ਚੈਨੀਆਂ ,ਕੜੇ ਅਤੇ ਚੂੜੀਆਂ ਆਦਿ ਵੀ ਸ਼ਾਮਲ ਹਨ) ਤੋਂ ਇਲਾਵਾ ਉਨ੍ਹਾਂ ਵਲੋਂ ਆਪਣੀ ਪੋਤੀ ਲਈ ਬਣਾਏ ਗਏ ਅਤੇ ਉਪਹਾਰ ਵਿੱਚ ਗਿਲੇ ਚਾਂਦੀ ਦੇ ਗਹਿਣੇ 30 ਹਜ਼ਾਰ ਰੁਪਏ ਤੋਂ ਵੱਧ ਦੇ ਨਕਦ ਰਾਸ਼ੀ ਚੋਰੀ ਕਰ ਕੇ ਲੈ ਗਏ । ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਗਹਿਣੇ ਉਨ੍ਹਾਂ ਦੇ ਪੁੱਤਰ ਅਤੇ ਉਸ ਦੀ ਵਹੁਟੀ ਦੇ ਸਨ ਜੋ ਕਰੀਬ ਦੋ ਸਾਲ ਪਹਿਲਾਂ ਹੋਏ ਉਨ੍ਹਾਂ ਦੇ ਵਿਆਹ ਵੇਲੇ ਬਣਵਾਏ ਗਏ ਸਨ। ਉਨ੍ਹਾਂ ਦੱਸਿਆ ਕਿ ਚੋਰੀ ਦੀ ਵਾਰਦਾਤ ਦੀ ਜਾਣਕਾਰੀ ਥਾਣਾ ਸਦਰ ਦੀ ਪੁਲੀਸ ਨੂੰ ਦੇ ਦਿੱਤੀ ਗਈ ਹੈ।
ਦੂਜੇ ਪਾਸੇ ਜਦੋਂ ਇਸ ਬਾਰੇ ਥਾਣਾ ਸਦਰ ਦੇ ਪੁਲੀਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਦਾ ਇਹੋ ਜਵਾਬ ਸੀ ਕਿ ਵਾਰਦਾਤ ਦੀ ਜਾਣਕਾਰੀ ਉਨ੍ਹਾਂ ਨੂੰ ਮਿਲ ਗਈ ਹੈ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਪਰ ਅਧਿਕਾਰੀ ਇਹ ਗੱਲ ਕੈਮਰੇ ਦੇ ਸਾਹਮਣੇ ਆ ਕੇ ਕਹਿਣ ਲਈ ਤਿਆਰ ਨਹੀਂ ਹੋਏ।