ਜੰਮੂ-ਕਸ਼ਮੀਰ 'ਚ NC-ਕਾਂਗਰਸ ਗੱਠਜੋੜ ਦੀ ਸਰਕਾਰ ਬਣੇਗੀ, ਉਮਰ ਅਬਦੁੱਲਾ ਹੋਣਗੇ ਨਵੇਂ ਮੁੱਖ ਮੰਤਰੀ
ਜੰਮੂ ਅਤੇ ਕਸ਼ਮੀਰ, 8 ਅਕਤੂਬਰ, 2024: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਨੈਸ਼ਨਲ ਕਾਨਫਰੰਸ (NC) ਅਤੇ ਕਾਂਗਰਸ ਗਠਜੋੜ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਪੂਰੇ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਿਹਾ ਹੈ। 90 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਬਹੁਮਤ ਦਾ ਅੰਕੜਾ 46 ਹੈ।
ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ 'ਚੋਂ ਗਠਜੋੜ ਨੂੰ ਕੁੱਲ 48 ਸੀਟਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਨੈਸ਼ਨਲ ਕਾਨਫਰੰਸ ਨੂੰ 42 ਅਤੇ ਕਾਂਗਰਸ ਨੂੰ 6 ਸੀਟਾਂ ਮਿਲੀਆਂ ਹਨ। ਭਾਰਤੀ ਜਨਤਾ ਪਾਰਟੀ ਨੇ 29 ਸੀਟਾਂ ਜਿੱਤੀਆਂ ਹਨ।
ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਨੂੰ 3 ਸੀਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਇੱਕ-ਇੱਕ ਸੀਟ ਆਮ ਆਦਮੀ ਪਾਰਟੀ ਅਤੇ ਪੀਪਲਜ਼ ਕਾਨਫਰੰਸ ਦੇ ਖਾਤੇ ਵਿੱਚ ਆਈ ਹੈ। ਇਸ ਚੋਣ ਵਿੱਚ ਸੱਤ ਆਜ਼ਾਦ ਉਮੀਦਵਾਰ ਵੀ ਜੇਤੂ ਰਹੇ ਹਨ।
ਇਸ ਦੌਰਾਨ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਐਲਾਨ ਕੀਤਾ ਹੈ ਕਿ ਉਮਰ ਜੰਮੂ-ਕਸ਼ਮੀਰ ਦੇ ਅਗਲੇ ਮੁੱਖ ਮੰਤਰੀ ਹੋਣਗੇ। ਇਹ ਚੋਣ ਨਤੀਜੇ 2019 ਵਿੱਚ ਧਾਰਾ 370 ਨੂੰ ਰੱਦ ਕਰਨ ਅਤੇ ਪੁਰਾਣੇ ਰਾਜ ਦੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਤੋਂ ਬਾਅਦ ਰਾਜ ਦੀ ਪਹਿਲੀ ਚੁਣੀ ਹੋਈ ਸਰਕਾਰ ਲਈ ਰਾਹ ਪੱਧਰਾ ਕਰਨਗੇ।