ਨਵੀਂ ਦਿੱਲੀ, 4 ਅਪ੍ਰੈਲ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਛੇਵੀਂ ਵਾਰ ਆਪਣੀ ਰਿਵਾਇਤੀ ਸੀਟ ਗ੍ਰੇਟਰ ਕੈਲਾਸ਼ ਤੋਂ ਉਮੀਦਵਾਰ ਹੋਣਗੇਂ। ਅੱਜ ਪਾਰਟੀ ਦਫ਼ਤਰ ਵਿਖੇ ਜਾਗੋ ਪਾਰਟੀ ਦੇ ਉਮੀਦਵਾਰਾਂ ਦੀ ਤੀਜ਼ੀ ਸੂਚੀ ਜਾਰੀ ਕਰਦੇ ਹੋਏ ਜਾਗੋ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਬਾਬਤ ਜਾਣਕਾਰੀ ਦਿੱਤੀ। ਜੀਕੇ ਨੇ ਦਸਿਆ ਕਿ ਜਾਗੋ ਪਾਰਟੀ 30 ਸੀਟਾਂ 'ਤੇ ਪਹਿਲਾਂ ਹੀ ਉਮੀਦਵਾਰ ਘੋਸ਼ਿਤ ਕਰ ਚੁੱਕੀ ਹੈ। 7 ਸੀਟਾਂ 'ਤੇ ਅੱਜ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।
ਜਿਸ ਵਿਚ 6 ਉਮੀਦਵਾਰ ਜਾਗੋ ਪਾਰਟੀ ਦੇ ਅਤੇ 1 ਉਮੀਦਵਾਰ ਸ਼੍ਰੋੋਮਣੀ ਅਕਾਲੀ ਦਲ ਪੰਥਕ ਦਾ ਹੈ। ਜੀਕੇ ਨੇ ਕਿਹਾ ਕਿ ਜਾਗੋ ਦਾ ਸੁਖਦੇਵ ਸਿੰਘ ਢੀਂਡਸਾ ਦੀ ਸ਼੍ਰੇਮਣੀ ਅਕਾਲੀ ਦਲ ਡੈਮੋਕ੍ਰੇਟਿਕ ਅਤੇ ਸ਼੍ਰੋਮਣੀ ਅਕਾਲੀ ਦਲ ਪੰਥਕ ਨਾਲ ਕੁਝ ਸੀਟਾਂ 'ਤੇ ਸਮਝੌਤਾ ਹੋਇਆ ਹੈ। ਸਮਝੋਤੇ ਤਹਿਤ ਦੇਵ ਨਗਰ ਸੀਟ ਸ਼੍ਰੋਮਣੀ ਅਕਾਲੀ ਦਲ ਪੰਥਕ ਨੂੰ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਪੰਥਕ ਦੇ ਸਕੱਤਰ ਜਨਰਲ ਰਾਜਾ ਹਰਵਿੰਦਰ ਸਿੰਘ ਨੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੂੰ ਦੇਵ ਨਗਰ ਸੀਟ ਤੋਂ ਉਮੀਦਵਾਰ ਐਲਾਨਿਆ ਹੈ। ਇਸ ਲਈ ਰਾਣਾ ਜਾਗੋ ਅਤੇ ਪੰਥਕ ਦੇ ਸਾਂਝੇ ਉਮੀਦਵਾਰ ਵਜੋਂ ਕਿਤਾਬ ਨਿਸ਼ਾਨ 'ਤੇ ਚੋਣ ਲੜਨਗੇ।
ਜੀਕੇ ਨੇ ਕਿਹਾ ਕਿ ਇਕ ਪਾਰਟੀ ਸੱਜਣ ਕੁਮਾਰ ਨੂੰ ਸਿਰੋਪਾ ਪਾਉਣ ਵਾਲੇ ਨੂੰ ਆਪਣਾ ਉਮੀਦਵਾਰ ਬਣਾ ਰਹੀ ਹੈ ਜਦਕਿ ਦੂਜੀ ਪਾਰਟੀ ਐਚ.ਕੇ.ਐਲ. ਭਗਤ ਦੇ ਖਿਲਾਫ਼ ਗਵਾਹੀ ਮੁਕਰਾਉਣ ਵਾਲੇ ਸਖ਼ਸ਼ ਨੂੰ ਟਿਕਟ ਦਿੰਦੀ ਹੈ। ਜੀਕੇ ਨੇ ਕਿਹਾ ਕਿ ਅਸੀਂ 1984 ਦੀ ਲੜਾਈ ਲੜੀ ਹੈ ਇਸ ਲਈ 1984 ਦੀ ਪੀੜਿਤ ਕਾਲੋਨੀ ਤੋਂ ਅਸੀਂ ਲੰਬੇ ਸਮੇਂ ਤੋਂ 84 ਦੀ ਲੜਾਈ ਲੜਨ ਵਾਲੇ ਬਾਬੂ ਸਿੰਘ ਦੁੱਖੀਆ ਨੂੰ ਤਿਲਕ ਵਿਹਾਰ ਤੋਂ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਸਿਵਿਲ ਲਾਈਨ ਵਾਰਡ ਤੋਂ ਜਤਿੰਦਰ ਸਿੰਘ ਸਿਯਾਲੀ, ਰਾਜਿੰਦਰ ਨਗਰ ਵਾਰਡ ਤੋਂ ਅੱਛਰ ਸਿੰਘ ਪਰਮਾਰ, ਰਘੁਬੀਰ ਨਗਰ ਵਾਰਡ ਤੋਂ ਜੋਰਾਵਰ ਸਿੰਘ ਅਤੇ ਕ੍ਰਿਸ਼ਣਾ ਪਾਰਕ ਵਾਰਡ ਤੋਂ ਹਰਜੀਤ ਸਿੰਘ ਟੈਕਨੋ ਉਮੀਦਵਾਰ ਹੋਣਗੇ।