Photo Source ANI
ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਨਾਲ ਨਸ਼ੇ 'ਚ ਧੁੱਤ ਕਾਰ ਚਾਲਕ ਨੇ ਕੀਤੀ ਛੇੜਛਾੜ, ਇੱਕ ਗ੍ਰਿਫਤਾਰ
ਨਵੀਂ ਦਿੱਲੀ, 19 ਜਨਵਰੀ 2023 - ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੂੰ ਸ਼ਰਾਬੀ ਕਾਰ ਚਾਲਕ ਵੱਲੋਂ 15 ਮੀਟਰ ਤੱਕ ਘਸੀਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬੁੱਧਵਾਰ ਦੇਰ ਰਾਤ ਏਮਜ਼ ਹਸਪਤਾਲ ਨੇੜੇ ਵਾਪਰੀ, ਜਦੋਂ ਸਵਾਤੀ ਦਿੱਲੀ ਦੀਆਂ ਸੜਕਾਂ 'ਤੇ ਰਿਐਲਿਟੀ ਚੈੱਕ ਕਰਨ ਲਈ ਨਿਕਲੀ ਸੀ। ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਹਰੀਸ਼ ਚੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਬਾਰੇ ਸਵਾਤੀ ਨੇ ਕਿਹਾ ਕਿ ਅੰਜਲੀ ਵਰਗਾ ਹਾਦਸਾ ਉਸ ਨਾਲ ਹੋਣ ਵਾਲਾ ਸੀ। ਸਿਰਫ਼ ਪਰਮਾਤਮਾ ਨੇ ਹੀ ਉਸ ਨੂੰ ਬਚਾਇਆ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਨਾਲ ਨਸ਼ੇ 'ਚ ਧੁੱਤ ਕਾਰ ਚਾਲਕ ਨੇ ਕੀਤੀ ਛੇੜਛਾੜ, ਇੱਕ ਗ੍ਰਿਫਤਾਰ (ਵੀਡੀਓ ਵੀ ਦੇਖੋ)
ਸਵਾਤੀ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਜਦੋਂ ਉਹ ਦਿੱਲੀ ਦੀਆਂ ਸੜਕਾਂ 'ਤੇ ਔਰਤਾਂ ਦੀ ਸੁਰੱਖਿਆ ਦੀ ਸਥਿਤੀ ਦਾ ਜਾਇਜ਼ਾ ਲੈ ਰਹੀ ਸੀ ਤਾਂ ਇਕ ਸ਼ਰਾਬੀ ਕਾਰ ਚਾਲਕ ਉਸ ਕੋਲ ਆਇਆ ਅਤੇ ਉਸ ਨੂੰ ਆਪਣੀ ਕਾਰ 'ਚ ਬੈਠਣ ਦੀ ਜ਼ਿੱਦ ਕਰਨ ਲੱਗਾ। ਜਦੋਂ ਸਵਾਤੀ ਨੇ ਮਨ੍ਹਾ ਕੀਤਾ ਤਾਂ ਉਹ ਕਾਰ ਲੈ ਕੇ ਅੱਗੇ ਚਲਾ ਗਿਆ, ਪਰ 10 ਮਿੰਟ ਬਾਅਦ ਫਿਰ ਯੂ-ਟਰਨ ਲੈ ਕੇ ਨਾਲ-ਨਾਲ ਚੱਲਣ ਲੱਗਾ।
ਇਸ ਤੋਂ ਬਾਅਦ ਉਸ ਨੇ ਅਸ਼ਲੀਲ ਇਸ਼ਾਰੇ ਕਰਦੇ ਹੋਏ ਉਨ੍ਹਾਂ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਸਵਾਤੀ ਉਸ ਨੂੰ ਫੜਨ ਲਈ ਅੱਗੇ ਵਧੀ ਤਾਂ ਉਸ ਨੇ ਕਾਰ ਦੀਆਂ ਖਿੜਕੀਆਂ ਬੰਦ ਕਰ ਦਿੱਤੀਆਂ। ਇਸ ਦੌਰਾਨ ਸਵਾਤੀ ਦਾ ਹੱਥ ਸ਼ੀਸ਼ੇ 'ਚ ਫਸ ਗਿਆ ਪਰ ਦੋਸ਼ੀ ਨਹੀਂ ਰੁਕਿਆ। ਉਹ ਸਵਾਤੀ ਨੂੰ ਕਰੀਬ 15 ਮੀਟਰ ਤੱਕ ਘਸੀਟਦਾ ਰਿਹਾ।
ਸਵਾਤੀ ਨੇ ਕਿਹਾ ਕਿ ਮੇਰੀ ਟੀਮ ਦੇ ਲੋਕ ਕੁਝ ਦੂਰੀ 'ਤੇ ਮੇਰਾ ਇੰਤਜ਼ਾਰ ਕਰ ਰਹੇ ਸਨ। ਟੀਮ ਦੇ ਇੱਕ ਮੈਂਬਰ ਨੇ ਜਦੋਂ ਮੈਨੂੰ ਕਾਰ ਤੋਂ ਘਸੀਟਦੇ ਦੇਖਿਆ ਤਾਂ ਉੱਚੀ-ਉੱਚੀ ਚੀਕਿਆ। ਉਸ ਦੀ ਆਵਾਜ਼ ਸੁਣ ਕੇ ਮੁਲਜ਼ਮ ਮੈਨੂੰ ਛੱਡ ਗਿਆ। ਜੇ ਉਹ ਮੈਨੂੰ ਨਾ ਛੱਡਦਾ ਤਾਂ ਮੇਰੇ ਨਾਲ ਵੀ ਉਹੀ ਘਟਨਾ ਵਾਪਰੀ ਹੋਣੀ ਸੀ ਜੋ ਅੰਜਲੀ ਨਾਲ ਵਾਪਰੀ ਸੀ।
ਦਿੱਲੀ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਉਠਾਉਂਦੇ ਹੋਏ ਸਵਾਤੀ ਨੇ ਕਿਹਾ ਕਿ ਪਰਮਾਤਮਾ ਨੇ ਮੇਰੀ ਜਾਨ ਬਚਾਈ ਹੈ। ਜੇਕਰ ਦਿੱਲੀ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੀ ਸੁਰੱਖਿਅਤ ਨਹੀਂ ਹੈ ਤਾਂ ਆਮ ਜਨਤਾ ਦਾ ਕੀ ਹੋਵੇਗਾ।
ਦੱਖਣੀ ਦਿੱਲੀ ਦੇ ਡੀਸੀਪੀ ਚੰਦਨ ਸਿੰਘ ਨੇ ਇਸ ਮਾਮਲੇ ਵਿੱਚ ਕਿਹਾ ਕਿ ਸਵਾਤੀ ਨੇ ਹੌਜ਼ ਖਾਸ ਥਾਣੇ ਵਿੱਚ ਘਟਨਾ ਦੀ ਸ਼ਿਕਾਇਤ ਕੀਤੀ ਸੀ। ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਮੁਲਜ਼ਮ ਦੀ ਪਛਾਣ 47 ਸਾਲਾ ਹਰੀਸ਼ ਚੰਦਰ ਵਜੋਂ ਹੋਈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।