ਜਿਥੇ ਮੁੱਖ ਮੰਤਰੀ ਪ੍ਰਤਾਪ ਬਾਜਵਾ ਦੇ ਟਵੀਟ ਤੇ ਚਿੱਠੀਆਂ ਭੁੱਲ ਗਏ, ਉਥੇ ਹੀ ਨਵਜੋਤ ਸਿੱਧੂ ਦੇ ਵੀ ਭੁੱਲ ਜਾਣ : ਤ੍ਰਿਪਤ ਬਾਜਵਾ
ਚੰਡੀਗੜ੍ਹ, 18 ਜੁਲਾਈ, 2021: ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਜਿਥੇ ਉਹਨਾਂ ਐਮ ਪੀ ਪ੍ਰਤਾਪ ਸਿੰਘ ਬਾਜਵਾ ਦੇ ਉਹਨਾਂ ਖਿਲਾਫ ਤਿੱਖੇ ਟਵੀਟ ਤੇ ਚਿੱਠੀਆਂ ਭੁਲਾ ਦਿੱਤੀਆਂ ਹਨ, ਇਸੇ ਤਰੀਕੇ ਉਹ ਨਵਜੋਤ ਸਿੱਧੂ ਦੇ ਟਵੀਟ ਤੇ ਚਿੱਠੀਆਂ ਵੀ ਭੁਲਾ ਦੇਣ। ਇਹ ਬਿਆਨ ਅੱਜ ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਪਰਤਾਪ ਸਿੰਘ ਬਾਜਵਾ ਦੀ ਸੀ ਐਮ ਨਾਲ ਹੋਈ ਮੀਟਿੰਗ ਅਤੇ ਅੱਜ ਦਿੱਲੀ ਵਿੱਚ ਬਾਜਵਾ ਦੀ ਕੋਠੀ ਐਮ ਪੀਜ਼ ਦੀ ਮੀਟਿੰਗ ਬਾਰੇ ਹੋਏ ਸਵਾਲਾਂ ਦੇ ਜਵਾਬ ਵਿੱਚ ਦਿੱਤਾ ਸੀ ।
ਉਹਨਾਂ ਖੁਦ ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਇਸ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ " ਮੈਂ ਇਹ ਕਿਹਾ ਸੀ ਕੀ ਮੁੱਖ ਮੰਤਰੀ ਬਹੁਤ ਵੱਡੇ ਦਿਲ ਵਾਲੇ ਹਨ । ਪਰਤਾਪ ਬਾਜਵਾ ਵੀ ਤਾਂ ਬਹੁਤ ਕੁਝ ਖਿਲਾਫ ਬੋਲਦੇ ਤੇ ਲਿਖਦੇ ਰਹੇ ਹਨ । ਜੇਕਰ ਕੈਪਟਨ ਸਾਹਿਬ ਪਰਤਾਪ ਬਾਜਵਾ ਦੇ ਬਿਆਨਾਂ ਤੇ ਖਤਾਂ ਨੂੰ ਭੁੱਲ ਸਕਦੇ ਹਨ ਤਾਂ ਪਾਰਟੀ ਦੇ ਹਿਤ ਲਈ ਨਵਜੋਤ ਸਿੱਧੂ ਦੇ ਟਵੀਟ ਵੀ ਭਲ ਜਾਣੇ ਚਾਹੀਦੇ ਹਨ ਅਤੇ ਮਾਫ਼ੀ ਵਾਲੀ ਗੱਲ ਨੂੰ ਭੁਲਾ ਦੇਣ ਚਾਹੀਦਾ ਹੈ । "
ਇਥੇ ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਕਿਹਾ ਸੀ ਕਿ ਜਦੋਂ ਤੱਕ ਨਵਜੋਤ ਸਿੱਧੂ ਆਪਣੇ ਟਵੀਟਾਂ ਲਈ ਮੁਆਫੀ ਨਹੀਂ ਮੰਗਦੇ, ਉਹ ਉਹਨਾਂ ਨੂੰ ਨਹੀਂ ਮਿਲਣਗੇ।