- 307 ਵਰਗੀ ਗੰਭੀਰ ਧਾਰਾਵਾਂ 'ਚ ਅਦਾਲਤਾਂ ਵੱਲੋਂ ਧੜਾਧੜ ਜਮਾਨਤਾਂ ਦੇਣਾ ਪੁਲਿਸ ਲਈ ਨਮੋਸ਼ੀ ਭਰਿਆ : ਜੀਕੇ
ਨਵੀਂ ਦਿੱਲੀ, 26 ਫਰਵਰੀ 2021 - ਕਿਰਤੀ ਕਾਰਕੁਨਾਂ ਲਈ ਕਾਰਜ ਕਰਨ ਵਾਲੀ ਨੌਦੀਪ ਕੌਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅੱਜ ਜਮਾਨਤ ਦੇਣ ਦਾ ਜਾਗੋ ਪਾਰਟੀ ਨੇ ਸਵਾਗਤ ਕੀਤਾ ਹੈ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਨੌਦੀਪ ਕੌਰ ਦਾ ਮਾਮਲਾ ਸਭ ਤੋਂ ਪਹਿਲਾਂ 3 ਫਰਵਰੀ ਨੂੰ ਪ੍ਰੈਸ ਕਾਨਫਰੰਸ ਕਰਕੇ ਅਸੀਂ ਚੁੱਕਿਆ ਸੀ ਅਤੇ ਨਾਲ ਹੀ ਨੌਦੀਪ ਕੌਰ ਦੇ ਖਿਲਾਫ਼ ਹਰਿਆਣਾ ਪੁਲਿਸ ਵੱਲੋਂ ਦਰਜ਼ ਕੀਤੀ ਗਈ ਐਫ਼.ਆਈ.ਆਰ. ਨੂੰ ਗਲਤ ਦੱਸਦੇ ਹੋਏ ਨੌਦੀਪ ਕੌਰ ਦੀ ਰਿਹਾਈ ਦੀ ਮੰਗ ਕੀਤੀ ਸੀ।
ਇਸਦੇ ਨਾਲ ਹੀ ਇੱਕ ਪੱਤਰ ਕੇਂਦਰੀ ਸਮਾਜਿਕ ਭਲਾਈ ਅਤੇ ਨਿਆਂ ਮੰਤਰੀ ਥਾਵਰ ਚੰਦ ਗਹਿਲੋਤ ਨੂੰ ਵੀ ਭੇਜਿਆ ਸੀ। ਜੀਕੇ ਨੇ ਕਿਹਾ ਕਿ ਸਿੱਖਾਂ ਦੇ ਖਿਲਾਫ਼ ਝੂਠੇ ਮਾਮਲੇ ਬਣਾਉਣ ਵਾਲੇ ਪੁਲਿਸ ਅਧਿਕਾਰੀ ਸਾਡੇ ਨਿਸ਼ਾਨੇ 'ਤੇ ਹਨ। ਇਸ ਲਈ ਕੁੰਡਲੀ ਥਾਣੇ ਦੇ ਐਸ.ਐਚ.ਓ. ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਆਪਣੀ ਕਾਨੂੰਨੀ ਟੀਮ ਨੂੰ ਮੈਂ ਸਰਗਰਮ ਕਰ ਦਿੱਤਾ ਹੈ।
ਜੀਕੇ ਨੇ ਕਿਹਾ ਕਿ ਨੌਦੀਪ ਕੌਰ ਦੇ ਨਾਲ ਪੁਲਿਸ ਹਿਰਾਸਤ 'ਚ ਸ਼ਰੀਰਿਕ ਸ਼ੋਸ਼ਣ ਪੁਲਿਸ ਵੱਲੋਂ ਕਰਨ ਦਾ ਨੌਦੀਪ ਦੀ ਭੈਣ ਰਾਜਵੀਰ ਕੌਰ ਵੱਲੋਂ ਦਾਅਵਾ ਕੀਤਾ ਗਿਆ ਸੀ, ਉਹ ਬਹੁਤ ਹੈਰਾਨ ਕਰਨ ਵਾਲਾ ਹੈ। ਇਹੀ ਕਾਰਨ ਹੈ ਕਿ ਅਮਰੀਕਾ ਦੀ ਉਪਰਾਸ਼ਟਰਪਤੀ ਕਮਲਾ ਹੈਰੀਸ ਦੀ ਭਤੀਜੀ ਮੀਨਾ ਹੈਰੀਸ ਵੱਲੋਂ ਟਵੀਟ ਕਰਨ ਤੋਂ ਬਾਅਦ ਨੌਦੀਪ ਕੌਰ ਦਾ ਮਾਮਲਾ ਕੌਮਾਂਤਰੀ ਪੱਧਰ 'ਤੇ ਸੁਰਖੀਆਂ 'ਚ ਆ ਗਿਆ ਸੀ। ਇਹ 1989-90 ਦਾ ਦਹਾਕਾ ਨਹੀਂ ਹੈ, ਸਗੋਂ ਸ਼ੋਸ਼ਲ ਮੀਡੀਆ ਦੀ 21 ਵੀਂ ਸਦੀ ਹੈ।
ਕੋਈ ਵੀ ਪੁਲਿਸ ਅਧਿਕਾਰੀ ਇਹ ਸਮਝ ਕੇ ਨਾ ਚਲੇ ਕਿ ਕਿਸੇ ਵੀ ਗਰੀਬ-ਮਜਲੂਮ ਨੂੰ ਝੂਠੇ ਮਾਮਲੇ 'ਚ ਫਸਾ ਕੇ ਉਹ ਆਪਣੀ ਜਿੰਮੇਦਾਰੀ ਤੋਂ ਬੱਚ ਜਾਏਗਾ। ਇਹੀ ਕਾਰਨ ਹੈ ਕਿ 26 ਜਨਵਰੀ ਨੂੰ ਜਿਨ੍ਹਾਂ ਕਿਸਾਨਾਂ ਨੂੰ ਬਿਨਾਂ ਸਬੂਤਾਂ ਦੇ ਦਿੱਲੀ ਪੁਲਿਸ ਨੇ ਭਰਪੂਰ ਸਬੂਤ ਨਾ ਹੋਣ ਦੇ ਬਾਵਜੂਦ ਜੇਲ੍ਹਾਂ 'ਚ ਡੱਕਿਆ ਸੀ। ਅੱਜ ਉਨ੍ਹਾਂ ਨੂੰ 307 ਦੀ ਗੰਭੀਰ ਧਾਰਾਵਾਂ 'ਚ ਵੀ ਦਿੱਲੀ ਦੀ ਅਦਾਲਤਾਂ ਧੜਾਧੜ ਜਮਾਨਤਾਂ ਦੇ ਰਹੀਆਂ ਹਨ। ਇਹ ਪੁਲਿਸ ਅਧਿਕਾਰੀਆਂ ਲਈ ਨਮੋਸ਼ੀ ਵਾਲੀ ਗੱਲ ਹੈ।