ਪੜ੍ਹੋ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਿਸ ਪਰਤੇ ਮੁੱਖ ਮੰਤਰੀ ਚੰਨੀ ਨੇ ਕੀ ਕੀਤਾ ਐਲਾਨ ?
ਡੇਰਾ ਬਾਬਾ ਨਾਨਕ, 18 ਨਵੰਬਰ 2021 - ਕਰਤਾਰਪੁਰ ਸਾਹਿਬ (ਪਾਕਿਸਾਤਨ) ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੱਥਾ ਟੇਕਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਲਾਂਘਾ ਖੁੱਲ੍ਹਣ ਨਾਲ ਸਿੱਖ ਕੌਮ ਦੀਆਂ ਅਰਦਾਸਾਂ ਪੂਰੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਜਦੋਂ ਉਹ ਪੀ ਐਮ ਮੋਦੀ ਨੂੰ ਮਿਲੇ ਸਨ ਤਾਂ ਉਨ੍ਹਾਂ ਵੱਲੋਂ ਲਿਖ ਕੇ ਪੀ ਐਮ ਮੋਦੀ ਕੋਲ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਬੇਨਤੀ ਕੀਤੀ ਗਈ ਸੀ।
ਉਨ੍ਹਾਂ ਅੱਗੇ ਐਲਾਨ ਕੀਤਾ ਕਿ ਉਹ ਪੰਜਾਬ 'ਚ ਫਰੀ ਬੱਸ ਸੇਵਾ ਚਲਾਉਣਗੇ ਅਤੇ ਜਿਨ੍ਹਾਂ ਦਾ ਵੀਜ਼ਾ ਲੱਗੇਗਾ ਉਹ ਸਿੱਖ ਸ਼ਰਧਾਲੂ ਫਰੀ 'ਚ ਇੱਥੇ ਆ ਸਕਣਗੇ ਅਤੇ ਬੜੀ ਜਲਦੀ ਉਨ੍ਹਾਂ ਵੱਲੋਂ ਇਹ ਬੱਸਾਂ ਚਲਾਈਆਂ ਜਾਣਗੀਆਂ।
ਉਨ੍ਹਾਂ ਵੱਲੋਂ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਬੇਨਤੀ ਕੀਤੀ ਕਿ ਸ਼ਰਧਾਲੂਆਂ ਨੂੰ ਵੀਜ਼ਾ ਦੇਣ ਦਾ ਪ੍ਰੋਸੈਸ ਨੂੰ ਛੋਟਾ ਕੀਤਾ ਜਾਵੇ ਅਤੇ ਜਲਦੀ ਵੀਜ਼ਾ ਦਿੱਤਾ ਜਾਵੇ। ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਬਾਰਡਰਾਂ 'ਤੇ ਵਪਾਰ ਵੀ ਸ਼ੁਰੂ ਕੀਤਾ ਜਾਵੇ ਅਤੇ ਆਗਿਆ ਦਿੱਤੀ ਜਾਵੇ ਅਤੇ ਇਸ ਪ੍ਰੋਸੈਸ ਨੂੰ ਵੀ ਆਸਾਨ ਕੀਤਾ ਜਾਵੇ ਤਾਂ ਜੋ ਵਪਾਰਕ ਸਾਂਝ ਵੀ ਵਧੇ।