ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ: ਬੀ ਕੇ ਯੂ (ਉਗਰਾਹਾਂ) ਨੇ ਦਿੱਤਾ ਸਮਰਥਨ
ਪਟਿਆਲਾ, 28 ਮਾਰਚ 2023 - ‘ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ’ ਵੱਲੋਂ ਯੂਨੀਵਰਸਿਟੀ ਦੀ ਕਰਜਾ-ਮੁਕਤੀ ਅਤੇ ਗ੍ਰਾਂਟ ਦੀ ਮੰਗ ਲਈ ਚੱਲ ਰਹੇ ਸੰਘਰਸ਼ ਨੂੰ ਉਸ ਵੇਲ਼ੇ ਹੋਰ ਵੀ ਬਲ ਮਿਲਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਸ੍ਰੀ ਜੋਗਿੰਦਰ ਸਿੰਘ ਉਗਰਾਹਾਂ ਆਪਣੇ ਇੱਕ ਵੱਡੇ ਜਥੇ ਨੂੰ ਨਾਲ਼ ਲੈ ਕੇ ਇਸ ਮੋਰਚੇ ਵਿੱਚ ਸ਼ਾਮਿਲ ਹੋਏ ਅਤੇ ਪੁਰਜ਼ੋਰ ਸਮੱਰਥਨ ਦੇ ਕੇ ਗਏ । ਕਲਾਸਾਂ ਦਾ ਬਾਈਕਾਟ ਕਰਕੇ ਅਧਿਆਪਕਾਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੇ ਯੂਕੋ ਅਤੇ ਸਾਇੰਸ ਬਲਾਕਾਂ ਤੋਂ ਚੱਲ ਕੇ ਮੇਨ ਗੇਟ ਤੱਕ ਰੋਸ ਮਾਰਚ ਕੀਤਾ ਅਤੇ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਮੰਚ ਉੱਤੇ ਬੁਲਾਰਿਆਂ ਦੇ ਬੋਲਣ ਤੋਂ ਪਹਿਲਾਂ ਕਮਲ ਜਲੂਰ ਨੇ ਇੱਕ ਇਨਕਲਾਬੀ ਗੀਟੇ ਪੇਸ਼ ਕੀਤਾ । ਏਥੇ ਮੰਚ ਤੋਂ ਬੋਲਦਿਆਂ ਸ੍ਰੀ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆ ਕਿ ਜਦੋਂ ਉਹਨਾਂ ਨੇ ਸੁਣਿਆ ਕਿ ਸਰਕਾਰਾਂ ਦੀ ਬੇਧਿਆਨੀ ਕਰਕੇ ਪੰਜਾਬੀ ਯੂਨੀਵਰਸਿਟੀ ਕਰਜੇ ਵਿੱਚ ਹੈ ਤਾਂ ਉਹਨਾਂ ਦਾ ਸਿਰ ਸ਼ਰਮ ਨਾਲ਼ ਝੁਕ ਗਿਆ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ: ਬੀ ਕੇ ਯੂ (ਉਗਰਾਹਾਂ) ਨੇ ਦਿੱਤਾ ਸਮਰਥਨ (ਵੀਡੀਓ ਵੀ ਦੇਖੋ)
ਉਹਨਾਂ ਕਿਹਾ ਕਿ ਸਰਕਾਰੀ ਯੂਨੀਵਰਸਿਟੀਆਂ ਨੂੰ ਜਾਣਬੁਝ ਕੇ ਇੱਕ ਸੋਚੀ ਸਮਝੀ ਚਾਲ ਨਾਲ਼ ਇਸ ਹਾਲਤ ਵਿੱਚ ਕਰ ਦਿੱਤਾ ਗਿਆ ਹੈ ਤਾਂ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਫਾਇਦਾ ਹੋ ਸਕੇ । ਇਸ ਪੰਜਾਬੀ ਯੂਨੀਵਰਸਿਟੀ ਵਿੱਚ ਆਮ ਕਿਸਾਨ ਖੇਤ ਮਜ਼ਦੂਰਾਂ ਦੇ ਅਤੇ ਸਧਾਰਨ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ ਅਤੇ ਇਹ ਕਿਹਾ ਜਾ ਸਕਦਾ ਹੈ ਕਿ ਪੂਰੇ ਮਾਲਵੇ ਦੇ ਵਿੱਚ ਸਭ ਤੋਂ ਸਸਤੀ ਵਿੱਦਿਆ ਇਸ ਪੰਜਾਬੀ ਯੂਨੀਵਰਸਿਟੀ ਵਿੱਚ ਮਿਲਦੀ ਹੈ । ਇਸ ਕਰਕੇ ਉਹ ਮੋਰਚੇ ਦੀ ਮੰਗ ਦੇ ਨਾਲ਼ ਸਹਿਮਤ ਹਨ ਅਤੇ ਉਹਨਾਂ ਦੀ ਭਗਵੰਤ ਮਾਨ ਸਰਕਾਰ ਨੂੰ ਸਖਤ ਚਿਤਾਵਨੀ ਦਿੱਤੀ ਕਿ ਯੂਨੀਵਰਸਿਟੀ ਨੂੰ ਗ੍ਰਾਂਟ ਅਤੇ ਕਰਜਮੁਕਤੀ ਦਾ ਮਸਲਾ ਇਕੱਲੇ ਅੰਦਰ ਬੈਠੇ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਅਧਿਆਪਕਾਂ ਦਾ ਮਸਲਾ ਨਹੀਂ ਬਲਕਿ ਇੱਕ ਜਨਤਕ ਮਸਲਾ ਹੈ ਜੋ ਸਰਕਾਰ ਦੀ ਨੀਤੀ ਨਾਲ਼ ਜੁੜਿਆ ਹੋਇਆ ਹੈ ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪ੍ਰੈਸ ਸਕੱਤਰ ਜਗਤਾਰ ਸਿੰਘ ਕਾਲਝਾੜ ਨੇ ਮੋਰਚੇ ਦੀ ਮੰਗ ਦਾ ਪੱਖ ਪੂਰਿਆ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਗ੍ਰਾਂਟ ਜਾਰੀ ਕਰਨ ਲਈ ਕਿਹਾ । ਜ਼ਿਕਰਯੋਗ ਹੈ ਕਿ ਅੱਜ ਮੋਰਚੇ ਨੂੰ ਅੱਜ ਪੀ.ਆਰ.ਟੀ. ਸੀ-ਪਨਬਸ-ਪੰਜਾਬ ਰੋਡਵੇਜ ਕੰਟਰੈਕਟ ਵਰਕਰਜ ਯੂਨੀਅਨ ਦੇ ਗੁਰਪ੍ਰੀਤ ਪੰਨੂ ਨੇ ਵੀ ਇਸ ਮੋਰਚੇ ਨੂੰ ਭਰਵਾਂ ਸਮੱਰਥਨ ਦਿੱਤਾ ਅਤੇ ਕਿਹਾ ਕਿ ਸਾਡੇ ਹੀ ਬੱਚੇ ਇਸ ਯੂਨੀਵਰਸਿਟੀ ਵਿੱਚ ਪੜ੍ਹਦੇ ਹਨ ਜਿਸ ਕਰਕੇ ਇਹ ਮਸਲਾ ਸਿੱਧਾ ਸਾਨੂੰ ਵੀ ਪ੍ਰਭਾਵਿਤ ਕਰਦਾ ਹੈ । ਅੱਜ ਮੋਰਚੇ ਵਿੱਚ ਡੈਮੋਕ੍ਰੇਟਿਕ ਲਾਇਰਜ ਐਸੋਸੀਏਸ਼ਨ ਤੋਂ ਰਾਜੀਵ ਲੋਹਟਬੱਦੀ ਨੇ ਵੀ ਮੋਰਚੇ ਨੂੰ ਪੂਰਨ ਸਮੱਰਥਨ ਦੇਣ ਦਾ ਐਲਾਨ ਕੀਤਾ ਜਿਸ ਦਾ ਮੰਚ ਤੋਂ ਧੰਨਵਾਦ ਕੀਤਾ ਗਿਆ । ਅੱਜ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਪੰਜਾਬ ਸਟੂਡੇੰਟ ਯੂਨੀਅਨ ਦੇ ਆਗੂ ਅਮਨਦੀਪ ਖਿਓਵਾਲੀ ਨੇ ਆਖਿਆ ਕਿ ਸਾਡੇ ਵਿਦਿਆਰਥੀ ਹੁਣ ਹਰ ਕੁਰਬਾਨੀ ਕਰਨ ਨੂੰ ਤਿਆਰ ਹੋ ਚੁੱਕੇ ਹਨ, ਇਸ ਕਰਕੇ ਸਰਕਾਰ ਗ੍ਰਾਂਟ ਅਤੇ ਕਰਜਾਮੁਕਤੀ ਦੀ ਮੰਗ ਨੂੰ ਸੁਣੇ ਅਤੇ ਪੂਰਾ ਕਰੇ ਨਾ ਕਿ ਉਹਨਾਂ ਦੇ ਸਬਰ ਨੂੰ ਪਰਖੇ ।
ਮੰਚ ਤੋਂ ਗੁਰਸੇਵਕ ਲੰਬੀ ਨੇ ਇੱਕ ਗੀਤ 'ਰੱਖ ਹੌਸਲਾ ਸਾਡੀ ਵੀ ਸਵੇਰ ਹੋਵੇਗੀ' ਪੇਸ਼ ਕੀਤਾ। ਮੋਰਚੇ ਦੀ ਸਟੇਜ ਤੋਂ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਜਿਸ ਵਿੱਚ ਅਧਿਆਪਕਾਂ ਵਿੱਚੋਂ ਅਤੇ ਡਾ ਗੁਰਜੰਟ ਸਿੰਘ ਪੂਟਾ ਤੋਂ ਡਾ. ਗੁਲਸ਼ਨ ਬਾਂਸਲ , ਨਾਨ- ਟੀਚਿੰਗ ਵਿੱਚੋਂ ਜਗਤਾਰ ਸਿੰਘ, ਪੰਜਾਬ ਰੈਡੀਕਲ ਸਟੂਡੇਂਟਸ ਯੂਨੀਅਨ ਦੇ ਆਗੂ ਰਸ਼ਪਿੰਦਰ ਜਿੰਮੀ, ਪੰਜਾਬ ਸਟੂਡੇਂਟਸ ਯੂਨੀਅਨ (ਲਲਕਾਰ) ਦੇ ਆਗੂ ਗੁਰਪ੍ਰੀਤ, ਡਾ ਅੰਬੇਡਕਰ ਸਟੂਡੇਂਟਸ ਫਰੰਟ ਆਫ ਇੰਡੀਆ ਤੋਂ ਅਵਤਾਰ ਸਿੰਘ ਅਤੇ ਪੈਨਸ਼ਨਰਜ਼ ਵੱਲੋਂ ਡਾ. ਜਗਬੀਰ ਸਿੰਘ ਅਤੇ ਡਾ. ਮਾਨ ਸਿੰਘ ਢੀਂਡਸਾ ਨੇ ਸੰਬੋਧਨ ਕੀਤਾ । ਬੁਲਾਰਿਆਂ ਨੇ ਆਖਿਆ ਕਿ ਯੂਨੀਵਰਸਿਟੀ ਨੂੰ ਸੈਲਫ਼ ਫਾਈਨਾਂਸ ਕਰਨ ਦਾ ਮਤਲਬ ਵਿਦਿਆਰਥੀਆਂ ਦੀਆਂ ਫ਼ੀਸਾਂ ਵਧਾਉਣਾ ਹੀ ਹੁੰਦਾ ਹੈ, ਜਿਸਦਾ ਸਿੱਧਾ ਬੋਝ ਉਹਨਾਂ ਦੇ ਗਰੀਬ ਮਾਪਿਆਂ ਉੱਤੇ ਹੀ ਪੈਂਦਾ ਹੈ ।
ਮੋਰਚੇ ਦੇ ਆਗੂਆਂ ਨੇ ਜਾਇਜ ਮੰਗਾਂ ਲਈ ਆਵਾਜ ਉਠਾ ਰਹੇ ਧਰਨਾਕਰੀਆਂ ਉੱਤੇ ਵਾਈਸ-ਚਾਂਸਲਰ ਵੱਲੋਂ ਕੈਂਪਸ ਵਿੱਚ ਪੁਲਸ ਫੋਰਸ ਬੁਲਾਉਣ ਲਈ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਸਿੱਧੇ ਤੌਰ ਉੱਤੇ ਕੈਂਪਸ ਵਿੱਚ ਸਰਕਾਰੀ ਦਖਲ ਅੰਦਾਜ਼ੀ ਹੈ ਜੋ ਕਿ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੋਰਚੇ ਦੇ ਆਗੂਆਂ ਨੇ ਇਹ ਵੀ ਆਖਿਆ ਕਿ ਕੁਝ ਸਰਕਾਰ ਪੱਖੀ ਤਾਕਤਾਂ ਇਸ ਮੋਰਚੇ ਵਿਰੁੱਧ ਇਹ ਭੰਡੀ ਪ੍ਰਚਾਰ ਕਰ ਰਹੀਆਂ ਹਨ ਕਿ ਇਹ ਮੋਰਚਾ ਅਥਾਰਟੀ ਵੱਲੋਂ ਹੀ ਲਗਾਇਆ ਗਿਆ ਹੈ ਜੋ ਕਿ ਕੋਰਾ ਝੂਠ ਹੈ ਅਤੇ ਮੋਰਚਾ ਇਸ ਗੱਲ ਦੀ ਨਿਖੇਧੀ ਕਰਦਾ ਹੈ । ਉਹਨਾਂ ਆਖਿਆ ਕਿ ਮੋਰਚਾ ਯੂਨੀਵਰਸਿਟੀ ਅਥਾਰਟੀ ਦੇ ਕਹਿਣ ਉੱਤੇ ਨਾ ਤਾਂ ਧਰਨਾ ਲਗਾ ਰਿਹਾ ਹੈ ਨਾ ਹੀ ਉਹਨਾਂ ਦੇ ਕਹਿਣ ਉੱਤੇ ਬੰਦ ਕਰ ਰਿਹਾ ਹੈ, ਸਗੋਂ ਮੋਰਚਾ ਯੂਨੀਵਰਸਿਟੀ ਦੀ ਗ੍ਰਾਂਟ ਅਤੇ ਕਰਜਮੁਕਤੀ ਨੂੰ ਲੈ ਕੇ ਇੱਕ ਸਰਕਾਰੀ ਨੀਤੀ ਬਣਵਾਉਣ ਦੀ ਲੜ੍ਹਾਈ ਲੜ ਰਿਹਾ ਹੈ ਅਤੇ ਇਹ ਮੋਰਚਾ ਸਾਰੀਆਂ ਧਿਰਾਂ ਲਈ ਖੁਲ੍ਹਾ ਹੈ ਜਿਸ ਦੀ ਸਾਰੀਆਂ ਧਿਰਾਂ ਨੂੰ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਹੈ । ਅੱਜ ਮੰਚ ਸੰਚਾਲਨ ਦੀ ਕਾਰਵਾਈ ਡਾ ਰਾਜਦੀਪ ਸਿੰਘ ਨੇ ਕੀਤਾ । ਅੰਤ ਪੈਨਸ਼ਨਰਜ ਵੱਲੋਂ ਡਾ ਮਾਨ ਸਿੰਘ ਢੀਂਡਸਾ ਨੇ ਸਾਰੇ ਹੀ ਹਾਜ਼ਰੀਨਾਂ ਦਾ ਧੰਨਵਾਦ ਕੀਤਾ ।