ਪੰਜਾਬ ਦੇ 2700 ਇੱਟ ਭੱਠਾਂ ਮਾਲਕਾ ਵੱਲੋਂ ਸਾਰੇ ਭੱਠੇ ਅਣਮਿੱਥੇ ਸਮੇਂ ਤੱਕ ਬੰਦ ਰੱਖਣ ਦਾ ਐਲਾਨ
-ਆਲ ਇਡੀਆ ਬ੍ਰਕਿਸ ਐਸੋਸੀਏਸ਼ਨ ਦੇ ਹੜਤਾਲ ਦੇ ਸੱਦੇ ਦਾ ਕੀਤਾ ਸਮਰਥਨ
ਪਰਮਿੰਦਰ ਵਰਮਾ
ਸਮਰਾਲਾ, 23 ਜੁਲਾਈ 2022 - ਕੇਂਦਰ ਸਰਕਾਰ ਵੱਲੋਂ ਇਮਾਰਤਾਂ ਅਤੇ ਹੋਰ ਉਸਾਰੀ ਦੇ ਕੰਮਾਂ ’ਚ ਵਰਤੀਆਂ ਜਾਂਦੀਆਂ ਇੱਟਾਂ ਉੱਤੇ ਜੀ.ਐੱਸ.ਟੀ. ਦੀ ਦਰ ਵਧਾਏ ਜਾਣ ਅਤੇ ਕੋਲੇ ਦੇ ਰੇਟਾਂ ਵਿੱਚ ਹੋਏ ਅਥਾਹ ਵਾਧੇ ਤੋਂ ਇਲਾਵਾ ਹੋਰ ਕਈ ਮੰਗਾਂ ਨੂੰ ਲੈ ਕੇ ਅੱਜ ਇੱਥੇ ਪੰਜਾਬ ਭੱਠਾ ਐਸੋਸੀਏਸ਼ਨ ਵੱਲੋਂ ਸੂਬੇ ਦੇ ਸਮੂਹ 2700 ਭੱਠੇ ਅਣਮਿੱਥੇ ਸਮੇਂ ਲਈ ਬੰਦ ਰੱਖਣ ਦਾ ਐਲਾਨ ਕਰਦੇ ਹੋਏ ਇਹ ਚਿਤਵਾਨੀ ਵੀ ਦਿੱਤੀ ਕਿ, ਜੇਕਰ ਸਰਕਾਰ ਨੇ ਉਨਾਂ ਦੀਆਂ ਮੰਗਾਂ ’ਤੇ ਧਿਆਨ ਨਾ ਦਿੱਤਾ ਤਾਂ ਉਹ ਪੁਰਾਣੀ ਬਣੀ ਪਈ ਇੱਟਾਂ ਦੀ ਵਿਕਰੀ ਵੀ ਠੱਪ ਕਰ ਦੇਣਗੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਪੰਜਾਬ ਦੇ 2700 ਇੱਟ ਭੱਠਾਂ ਮਾਲਕਾ ਵੱਲੋਂ ਸਾਰੇ ਭੱਠੇ ਅਣਮਿੱਥੇ ਸਮੇਂ ਤੱਕ ਬੰਦ ਰੱਖਣ ਦਾ ਐਲਾਨ (ਵੀਡੀਓ ਵੀ ਦੇਖੋ)
ਮੀਟਿੰਗ ਦੀ ਪ੍ਰਧਾਨਗੀ ਕਰਦਿਆ ਪੰਜਾਬ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਮੋਹੀ ਅਤੇ ਵਾਈਸ ਪ੍ਰਧਾਨ ਲਾਡੀ ਕਣਾਣੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੀ.ਐੱਸ.ਟੀ. ਦੀ ਦਰ 5 ਪ੍ਰਤੀਸ਼ਤ ਤੋਂ ਵਧਾ ਕੇ 12 ਫੀਸਦੀ ਕਰਕੇ ਦੇਸ਼ ਦੇ ਲੱਖਾਂ ਭੱਠਾਂ ਮਾਲਕਾਂ ਸਮੇਤ ਇਸ ਕਿੱਤੇ ਨਾਲ ਸਿੱਧੇ ਤੌਰ ’ਤੇ ਜੁੜੇ ਕਰੋੜਾਂ ਮਜ਼ਦੂਰਾਂ ਅਤੇ ਹੋਰ ਗਰੀਬ ਲੋਕਾਂ ਦਾ ਰੁਜ਼ਗਾਰ ਦਾ ਖੋਹਣ ਵਾਲਾ ਕੰਮ ਕੀਤਾ ਹੈ। ਇਨਾਂ ਆਗੂਆਂ ਨੇ ਆਖਿਆ ਕਿ ਭੱਠੇ ਚਲਾਉਣ ਲਈ ਵਰਤੇ ਜਾਂਦੇ ਕੋਲੇ ਦੇ ਰੇਟਾਂ ’ਚ ਵੀ ਅਚਾਨਕ ਤਿੰਨ ਗੁਣਾ ਵਾਧਾ ਹੋਣ ਨਾਲ ਉਹ ਆਪਣੇ ਭੱਠੇ ਬੰਦ ਕਰਨ ਲਈ ਮਜ਼ਬੂਰ ਹੋ ਗਏ ਹਨ। ਜਿਸ ਕਰਕੇ ਪੰਜਾਬ ਦੇ ਭੱਠਿਆਂ ’ਤੇ ਕੰਮ ਕਰਦੇ ਢਾਈ ਲੱਖ ਮਜ਼ਦੂਰਾਂ ਦੀ ਰੋਟੀ-ਰੋਜੀ ਠੱਪ ਹੋ ਗਈ ਹੈ।
ਇਸ ਮੌਕੇ ਹਾਜ਼ਰ ਹੋਰ ਆਗੂਆਂ ਨੇ ਵੀ ਆਲ ਇੰਡੀਆ ਟਾਈਲ ਮੈਨੂਫੈਕਚਰ ਫੈਡਰੇਸ਼ਨ ਵੱਲੋਂ ਮੰਗਾਂ ਨੂੰ ਲੈ ਕੇ ਹੜਤਾਲ ਦੇ ਲਏ ਫੈਸਲੇ ਦਾ ਪੂਰਾ ਸਮਰਥਨ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ, ਪੰਜਾਬ ਦੇ ਭੱਠਾ ਮਾਲਕ ਲੋੜ ਪੈਣ ’ਤੇ ਪਹਿਲਾ ਤੋਂ ਬਣੀਆਂ ਇੱਟਾਂ ਦੀ ਵਿਕਰੀ ਬੰਦ ਕਰਨ ਦਾ ਫੈਸਲਾ ਵੀ ਲੈ ਸਕਦੇ ਹਨ। ਜਿਸ ਨਾਲ ਸਰਕਾਰੀ ਯੋਜਨਾਵਾਂ ਅਤੇ ਪ੍ਰੋਜੈਕਟਾਂ ’ਤੇ ਵੀ ਸਿੱਧਾ ਅਸਰ ਪਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਵੀਨ ਜਿੰਦਲ, ਇੰਦਰਜੀਤ ਸਿੰਘ ਲੋਪੋਂ, ਅਸਵਨੀ ਸ਼ਰਮਾ, ਕੁਲਵੰਤ ਪੁਰੀ, ਸੁਰਿੰਦਰ ਤਾਗੜੀ, ਅਵਤਾਰ ਸਿੰਘ, ਬੱਬੂ ਵਿਰਦੀ, ਜਗਜੀਤ ਸਿੰਘ, ਹਰਦੀਪ ਸਿੰਘ, ਸਮਸ਼ੇਰ ਸਿੰਘ ਆਦਿ ਸਮੇਤ ਐਸੋਸੀਏਸ਼ਨ ਨਾਲ ਜੁੜੇ ਹੋਰ ਕਈ ਪ੍ਰਮੁੱਖ ਆਗੂ ਤੇ ਮੈਂਬਰ ਹਾਜ਼ਰ ਸਨ।
ਫੋਟੋ ਕੈਪਸ਼ਨ- ਸਮਰਾਲਾ ਨੇੜੇ ਨੀਲੋਂ ਵਿਖੇ ਹੋਈ ਮੀਟਿੰਗ ਤੋਂ ਬਾਅਦ ਭੱਠਾ ਮਾਲਕ ਰੋਸ ਪ੍ਰਦਸ਼ਨ ਕਰਦੇ ਹੋਏ।