ਫਾਇਰ ਸਟੇਸ਼ਨ ਸਮਰਾਲਾ ਦਾ ਬਿਜਲੀ ਕੁਨੈਕਸ਼ਨ ਕੱਟਿਆ, ਲੇਬਰ 'ਤੇ ਬਿਜਲੀ ਚੋਰੀ ਕਰਨ ਦੇ ਇਲਜ਼ਾਮ
ਰਵਿੰਦਰ ਢਿੱਲੋਂ
ਸਮਰਾਲਾ, 11 ਫਰਵਰੀ 2023 - ਸਮਰਾਲਾ ਫਾਇਰ ਬਿ੍ਰਗੇਡ ਸਟੇਸ਼ਨ ਵੱਲੋਂ ਕਰੀਬ 2 ਲੱਖ 35 ਹਜ਼ਾਰ ਰੁਪਏ ਦੇ ਬਕਾਇਆ ਬਿਜ਼ਲੀ ਬਿੱਲ ਦਾ ਭੁਗਤਾਨ ਨਾ ਕੀਤੇ ਜਾਣ ’ਤੇ ਪਾਵਰਕਾਮ ਨੇ ਫਾਇਰ ਸਟੇਸ਼ਨ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ। ਬਿਜ਼ਲੀ ਕੁਨੈਕਸ਼ਨ ਕੱਟੇ ਜਾਣ ਤੋਂ ਬਾਅਦ ਫਾਇਰ ਮੁਲਾਜ਼ਮਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੁਲਾਜ਼ਮ ਰਾਤ ਵੇਲੇ ਸਾਰਾ ਕੰਮ ਹਨੇਰੇ ਵਿੱਚ ਹੀ ਕਰ ਰਹੇ ਹਨ। ਇੱਥੋਂ ਤੱਕ ਕਿ ਨੂੰ ਰਾਤ ਦੀ ਡਿਊਟੀ ਵੇਲੇ ਐਂਟਰੀ ਅਤੇ ਹੋਰ ਕਾਗਜ਼ੀ ਕਾਰਵਾਈ ਮੋਬਾਇਲ ਫੋਨ ਦੀ ਟਾਰਚ ਲਾਈਟ ਵਿੱਚ ਹੀ ਕੀਤੀ ਜਾ ਰਹੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਫਾਇਰ ਸਟੇਸ਼ਨ ਸਮਰਾਲਾ ਦਾ ਬਿਜਲੀ ਕੁਨੈਕਸ਼ਨ ਕੱਟਿਆ, ਲੇਬਰ 'ਤੇ ਬਿਜਲੀ ਚੋਰੀ ਕਰਨ ਦੇ ਇਲਜ਼ਾਮ (ਵੀਡੀਓ ਵੀ ਦੇਖੋ)
ਸਮਰਾਲਾ ਦੇ ਫਾਇਰ ਅਫ਼ਸਰ ਹਰਦੀਪ ਸਿੰਘ ਵੱਲੋਂ ਪਿੱਛਲੇ 10 ਦਿਨਾਂ ਤੋਂ ਫਾਇਰ ਸਟੇਸ਼ਨ ਦਾ ਬਿਜ਼ਲੀ ਕੁਨੈਕਸ਼ਨ ਕਰੀਬ 2 ਲੱਖ 35 ਹਜ਼ਾਰ ਰੁਪਏ ਦਾ ਬਕਾਇਆ ਹੋਣ ਕਾਰਨ ਕੱਟੇ ਜਾਣ ਦੀ ਪੁਸ਼ਟੀ ਕਰਦਿਆ ਨਾਲ ਹੀ ਇਹ ਇਸ ਫਾਇਰ ਸਟੇਸ਼ਨ ਦੀ ਬਿਜ਼ਲੀ ਚੋਰੀ ਕੀਤੇ ਜਾਣ ਦੇ ਇਲਜ਼ਾਮ ਵੀ ਲਗਾਏ ਗਏ ਹਨ। ਉਨਾਂ ਦੱਸਿਆ ਕਿ, ਨਗਰ ਕੌਂਸਲ ਅਧੀਨ ਨਵੇਂ ਬੱਸ ਅੱਡੇ ’ਤੇ ਬਣੇ ਇਸ ਫਾਇਰ ਸਟੇਸ਼ਨ ਦੇ ਨਾਲ ਦੇ ਕਮਰਿਆਂ ਵਿੱਚ ਲੰਬੇ ਸਮੇਂ ਤੋਂ ਨਜਾਇਜ਼ ਰੂਪ ਵਿੱਚ ਲੇਬਰ ਬੈਠੀ ਹੈ। ਇਹ ਲੇਬਰ ਕਥਿਤ ਤੌਰ ’ਤੇ ਫਾਇਰ ਸਟੇਸ਼ਨ ਦੇ ਬਿਜ਼ਲੀ ਕੁਨੈਕਸ਼ਨ ਰਾਹੀ ਬਿਜ਼ਲੀ ਦੀ ਚੋਰੀ ਕਰ ਰਹੀ ਹੈ, ਜਿਸ ਦੇ ਚਲਦਿਆ ਹੀ ਫਾਇਰ ਸਟੇਸ਼ਨ ਦਾ ਇੰਨਾ ਭਾਰੀ ਭਰਕਮ ਬਿੱਲ ਆ ਗਿਆ ਹੈ। ਜਦਕਿ ਉਨਾਂ ਦਾ ਸਟਾਫ਼ ਰਾਤ ਵੇਲੇ ਸਿਰਫ ਇੱਕ ਬਲੱਬ ਅਤੇ ਗਰਮੀਆਂ ਵਿੱਚ ਇੱਕ ਪੱਖੇ ਦੀ ਹੀ ਵਰਤੋਂ ਕਰਦੇ ਆ ਰਹੇ ਹਨ।
ਓਧਰ ਦੂਜੇ ਪਾਸੇ ਸਥਾਨਕ ਨਗਰ ਕੌਂਸਲ ਦੇ ਕਾਰਜ਼ ਸਾਧਕ ਅਫ਼ਸਰ ਨੇ ਦੱਸਿਆ ਕਿ, ਫਾਇਰ ਸਟੇਸ਼ਨ ਦਾ ਬਿਜ਼ਲੀ ਕੁਨੈਕਸ਼ਨ ਕੱਟੇ ਜਾਣ ਦਾ ਮਾਮਲਾ ਉਨਾਂ ਦੇ ਧਿਆਨ ਵਿੱਚ ਹੈ ਅਤੇ ਜਲਦੀ ਹੀ ਕੁਨੈਕਸ਼ਨ ਚਾਲੂ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।