ਬਠਿੰਡਾ ਫ਼ਾਈਰਿੰਗ: 4 ਫ਼ੌਜੀਆਂ ਦੀ ਮੌਤ ਦੀ ਪੁਸ਼ਟੀ, ਪੜ੍ਹੋ ਵੇਰਵੇ
ਅਸ਼ੋਕ ਵਰਮਾ
ਬਠਿੰਡਾ, 12 ਅਪ੍ਰੈਲ 2023 - ਬਠਿੰਡਾ ਮਿਲਟਰੀ ਸਟੇਸ਼ਨ ਫ਼ਾਈਰਿੰਗ 'ਤੇ ਫ਼ੌਜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਫ਼ੌਜ ਮੁਤਾਬਿਕ, ਘਟਨਾ ਵਿਚ ਮਾਰੇ ਗਏ ਲੋਕ ਚਾਰੇ ਫ਼ੌਜੀ ਜਵਾਨ ਸਨ। ਘਟਨਾ ਸਵੇਰੇ 4.35 ਵਜੇ ਵਾਪਰੀ। ਗੋਲੀਬਾਰੀ ਦੇ ਕਾਰਨਾਂ ਦਾ ਅਜੇ ਪਤਾ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਤਲਾਸ਼ੀ ਮੁਹਿੰਮ ਵੀ ਜਾਰੀ ਹੈ। ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਫੌਜ ਮੁਖੀ ਇਸ ਘਟਨਾ ਦੀ ਜਾਣਕਾਰੀ ਰੱਖਿਆ ਮੰਤਰੀ ਨੂੰ ਦੇਣਗੇ।
ਫੌਜ ਨੇ ਦੱਸਿਆ ਕਿ ਇਹ ਕੋਈ ਅੱਤਵਾਦੀ ਘਟਨਾ ਨਹੀਂ ਹੈ। ਗੋਲੀਬਾਰੀ 80 ਮੀਡੀਅਮ ਰੈਜੀਮੈਂਟ ਦੇ ਤੋਪਖਾਨੇ ਦੇ ਅਫਸਰਾਂ ਦੀ ਮੇਸ ਵਿੱਚ ਹੋਈ। ਕੁਝ ਦਿਨ ਪਹਿਲਾਂ ਯੂਨਿਟ ਦੇ ਗਾਰਡ ਰੂਮ ਤੋਂ ਇੱਕ ਅਸਾਲਟ ਰਾਈਫਲ ਗਾਇਬ ਹੋ ਗਈ ਸੀ। ਰਾਈਫਲ ਅਤੇ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਭਾਲ ਜਾਰੀ ਹੈ।
ਦੂਜੇ ਪਾਸੇ ਬਠਿੰਡਾ ਦੇ ਐਸਐਸਪੀ ਗੁਲਨੀਤ ਖੁਰਾਣਾ ਨੇ ਦੱਸਿਆ ਹੈ ਕਿ ਇਹ ਕੋਈ ਅਤਿਵਾਦੀ ਹਮਲਾ ਨਹੀਂ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਪ੍ਰਤੀਕਿਰਿਆ ਟੀਮਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।
ਫੌਜ ਦੀ ਦੱਖਣੀ ਪੱਛਮੀ ਕਮਾਨ ਨੇ ਇਕ ਬਿਆਨ 'ਚ ਕਿਹਾ ਕਿ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਅਤੇ ਤਤਕਾਲ ਪ੍ਰਤੀਕਿਰਿਆ ਟੀਮਾਂ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ।
ਪੰਜਾਬ ਪੁਲਿਸ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਰਮੀ ਕੈਂਟ ਬਠਿੰਡਾ ਜੀਓ ਮੈਸ 'ਚ ਗੋਲੀਬਾਰੀ ਹੋਈ ਹੈ। ਆਰਮੀ ਕੈਂਟ ਦੇ ਸਾਰੇ ਐਂਟਰੀ ਗੇਟ ਬੰਦ ਕਰ ਦਿੱਤੇ ਗਏ ਹਨ। ਕਰੀਬ 2 ਦਿਨ ਪਹਿਲਾਂ ਇੰਸਾਸ ਰਾਈਫਲ ਸਮੇਤ 28 ਕਾਰਤੂਸ ਵੀ ਗਾਇਬ ਹੋ ਗਏ ਸਨ।