← ਪਿਛੇ ਪਰਤੋ
ਵਿਜੇਪਾਲ ਬਰਾੜ ਚੰਡੀਗੜ੍ਹ, 8 ਅਗਸਤ, 2017 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਹੈ ਕਿ ਚੰਡੀਗੜ੍ਹ ਛੇੜਛਾੜ ਮਾਮਲੇ ਸਬੰਧੀ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਨੂੰ ਅਸਤੀਫਾ ਦੇਣ ਦੀ ਕੋਈ ਲੋੜ ਨਹੀਂ ਹੈ । ਕੈਪਟਨ ਅਮਰਿੰਦਰ ਨੇ ਆਪਣੀ ਦਿੱਲੀ ਫੇਰੀ ਦੌਰਾਨ ਇੱਕ ਨਿੱਜੀ ਚੈਨਲ ਵੱਲੋਂ ਬਰਾਲਾ ਦੇ ਅਸਤੀਫੇ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਬਰਾਲਾ ਨੂੰ ਅਸਤੀਫਾ ਦੇਣ ਦੀ ਕੋਈ ਜਰੂਰਤ ਨਹੀਂ ਹੈ ਪਰ ਚੰਡੀਗੜ੍ਹ ਪੁਲਿਸ ਤੇ ਇਸ ਮਾਮਲੇ ਵਿੱਚ ਕੋਈ ਦਬਾਅ ਨਹੀਂ ਹੋਣਾ ਚਾਹੀਦਾ ਤੇ ਪੁਲਿਸ ਨੂੰ ਕਾਨੂੰਨ ਮੁਤਾਬਿਕ ਹੀ ਕਾਰਵਾਈ ਕਰਨੀ ਚਾਹੀਦੀ ਹੈ । ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਜਾਰੀ ਕੀਤੇ ਰਸਮੀ ਬਿਆਨ ਵਿੱਚ ਵੀ ਕੈਪਟਨ ਅਮਰਿੰਦਰ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਅਸਤੀਫੇ ਦੀ ਮੰਗ ਦੇ ਸਬੰਧ ਵਿੱਚ ਵੀ ਇਹੀ ਬਿਆਨ ਦਿੱਤਾ ਹੈ ਪਰ ਉਸ ਰਸਮੀ ਬਿਆਨ ਵਿੱਚ ਸੁਭਾਸ਼ ਬਰਾਲਾ ਦੇ ਅਸਤੀਫੇ ਸਬੰਧੀ ਕੋਈ ਜਿਕਰ ਨਹੀਂ ਕੀਤਾ ਗਿਆ । ਕੈਪਟਨ ਅਮਰਿੰਦਰ ਨੇ ਇਸ ਕਾਂਡ ਦੀ ਸਖਤ ਨਿਖੇਧੀ ਕਰਦਿਆਂ ਇਹ ਗੱਲ ਜੋਰ ਦੇ ਕੇ ਕਹੀ ਹੈ ਕਿ ਚੰਡੀਗੜ੍ਹ ਪੁਲਿਸ ਨੂੰ ਕਾਨੂੰਨ ਅਨੁਸਾਰ ਕੰਮ ਕਰਨ ਦੀ ਖੁੱਲ ਦੇਣੀ ਚਾਹੀਦੀ ਹੈ ਤੇ ਉਸਤੇ ਕਿਸੇ ਤਰਾਂ ਦਾ ਦਬਾਅ ਨਹੀਂ ਹੋਣਾ ਚਾਹੀਦਾ । ਯਾਦ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਕਾਂਗਰਸ ਹਾਈਕਮਾਨ ਦੇ ਨੇਤਾਵਾਂ ਵੱਲੋਂ ਲਗਾਤਾਰ ਸੁਭਾਸ਼ ਬਰਾਲਾ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ।
Total Responses : 267