ਬੀਕੇਯੂ ਉਗਰਾਹਾਂ ਨੇ ਮਾਨਸਾ ਵਿੱਚ ਰੇਲਾਂ ਦਾ ਚੱਕਾ ਕੀਤਾ ਜਾਮ
--ਦੁਪਹਿਰ 12 ਤੋਂ 3 ਵਜੇ ਤੱਕ ਕੀਤੀ ਰੇਲ ਆਵਾਜਾਈ ਠੱਪ
--ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਮਾਨਸਾ, 22 ਸਤੰਬਰ 2022 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਾਨਸਾ ਵਿੱਚ ਰੇਲਵੇ ਫਾਟਕ ਦੇ ਨਜ਼ਦੀਕ ਦੁਪਹਿਰ 12 ਤੋਂ 3 ਵਜੇ ਤੱਕ ਰੇਲਵੇ ਟਰੈਕ ਤੇ ਧਰਨਾ ਲਗਾ ਕੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਅਤੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਮੌਜੂਦਾ ਆਪ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀ ਲੋਕਾਂ ਦੇ ਭਖਦੇ ਹੱਕੀ ਮਸਲਿਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਉੱਥੇ ਹੀ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਤੇ ਲਗਾਈਆਂ ਸ਼ਰਤਾਂ ਹਟਾਉਣ ਦੀ ਮੰਗ ਕੀਤੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਬੀਕੇਯੂ ਉਗਰਾਹਾਂ ਨੇ ਮਾਨਸਾ ਵਿੱਚ ਰੇਲਾਂ ਦਾ ਚੱਕਾ ਕੀਤਾ ਜਾਮ (ਵੀਡੀਓ ਵੀ ਦੇਖੋ)
ਮਾਨਸਾ ਵਿੱਚ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਰਾਮ ਸਿੰਘ, ਇੰਦਰਜੀਤ ਸਿੰਘ ਅਤੇ ਜਗਸੀਰ ਸਿੰਘ ਨੇ ਦੱਸਿਆ ਕਿ ਅੱਜ ਜਥੇਬੰਦੀ ਵੱਲੋਂ ਪੂਰੇ ਪੰਜਾਬ ਅੰਦਰ ਤਿੰਨ ਘੰਟਿਆਂ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸਨ ਕਿਉਂਕਿ ਇਹਨਾਂ ਨੇ ਲੋਕਾਂ ਨਾਲ ਬਹੁਤ ਵਾਅਦੇ ਕੀਤੇ ਸਨ ਪਰ ਹੁਣ ਹਾਲਾਤ ਇਸਦੇ ਬਿਲਕੁਲ ਉਲਟ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਪਿਛਲੇ ਸਾਲ ਦਾ ਨਰਮੇ ਦੇ ਨੁਕਸਾਨ ਦਾ ਮੁਆਵਜ਼ਾ ਹਾਲੇ ਤੱਕ ਨਹੀਂ ਦਿੱਤਾ, ਓਥੇ ਇਸ ਸਾਲ ਨਰਮੇ ਅਤੇ ਗਵਾਰੇ ਦੀ ਫਸਲ ਦੇ ਹੋਏ ਖ਼ਰਾਬੇ ਦੀ ਗਿਰਦਾਵਰੀ ਨਹੀਂ ਕਰਵਾਈ ਗਈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਪਣੀਆਂ ਜ਼ਮੀਨਾਂ ਵਿੱਚੋਂ ਮਿੱਟੀ ਕੱਢ ਕੇ ਜ਼ਮੀਨ ਪੱਧਰ ਕਰ ਰਹੇ ਕਿਸਾਨਾਂ ਉੱਪਰ ਮਾਇਨਿੰਗ ਦੇ ਝੂਠੇ ਪਰਚੇ ਪਾਏ ਜਾ ਰਹੇ ਹਨ ਅਤੇ ਆਪਣਾ ਹੱਕ ਮੰਗਦੇ ਬੇਰੁਜ਼ਗਾਰਾਂ ਉੱਪਰ ਲਾਠੀਚਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 68 ਮਣ ਝੋਨਾ ਐਮਐਸਪੀ ਤੇ ਖਰੀਦ ਕਰਨ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਪਰਾਲੀ ਫੂਕਣ ਵਾਲੇ ਕਿਸਾਨਾਂ ਦੇ ਖਿਲਾਫ ਜੰਗ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਅਤੇ ਪੰਜਾਬ ਸਰਕਾਰ ਨੇ ਇਹਨਾਂ ਫ਼ੈਸਲਿਆਂ ਨੂੰ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਕੀਤਾ ਜਾਵੇਗਾ।