ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਨੂੰ ਦਿੱਤੀਆਂ ਨਸੀਹਤਾਂ, ਵੀਡੀਓ ਵੀ ਦੇਖੋ...
- ਜੇ ਕੋਈ ਸਮੱਸਿਆ ਹੈ ਤਾਂ ਉੱਥੇ ਜਾਓ ਅਤੇ ਹੱਲ ਕਰੋ
- ਜੇ ਤੁਹਾਡੇ ਇੱਕ ਹਸਤਾਖਰ ਨਾਲ ਕਿਸੇ ਚੁੱਲ੍ਹੇ ਦੀ ਅੱਗ ਬਦਲੀ ਹੈ ਤਾਂ ਇਸ ਤੋਂ ਵੱਡਾ ਕੋਈ ਪੁੰਨ ਨਹੀਂ
- ਬਦਲਾਖੋਰੀ ਦੀ ਨੀਤੀ ਅਪਨਾਉਣਾ ਸਾਡਾ ਕੰਮ ਨਹੀਂ
- ਅਸੀਂ ਲੋਕਾਂ ਨੂੰ ਡਰਾਉਣ ਨਹੀਂ ਆਏ ਹਾਂ
- ਇੱਕ ਮਹੀਨੇ ਅੰਦਰ ਨੌਕਰੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ
- ਸਿਫਾਰਸ਼ ਨਾਲ ਕਿਸੇ ਦਾ ਹੱਕ ਨਹੀਂ ਮਾਰਿਆ ਜਾਣਾ ਚਾਹੀਦਾ
- ਹਰ ਮੰਤਰੀ ਅਤੇ ਵਿਧਾਇਕ ਦਾ ਕੀਤਾ ਜਾਵੇਗਾ ਸਰਵੇ
- ਆਪਣੀ ਸੀਟ ਪੱਕੀ ਕਰਨੀ ਹੈ ਤਾਂ ਜਨਤਾ ਨਾਲ ਕਰਨੀ ਹੋਵੇਗੀ ਪੱਕੀ ਦੋਸਤੀ
ਚੰਡੀਗੜ੍ਹ, 20 ਮਾਰਚ 2022 - 'ਆਪ' ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਸਾਨੂੰ ਜੋ ਪ੍ਰਚੰਡ ਬਹੁਮਤ ਦਿੱਤਾ ਹੈ, ਉਸਦੀ ਵਰਤੋਂ ਲੋਕਾਂ ਦੀ ਭਲਾਈ ਲਈ ਕਰਨੀ ਹੈ। ਸਾਨੂੰ ਲੋਕਾਂ ਨੇ ਕੰਮ ਕਰਨ ਲਈ ਚੁਣਿਆ ਹੈ। ਪੰਜਾਬ ਦੇ ਲੋਕ ਕਾਂਗਰਸ-ਅਕਾਲੀ-ਭਾਜਪਾ ਦੇ ਭ੍ਰਿਸ਼ਟਾਚਾਰ ਅਤੇ ਮਾਫੀਆ ਰਾਜ ਤੋਂ ਤੰਗ ਆ ਚੁੱਕੇ ਸਨ। ਇਸ ਲਈ ਰਿਵਾਇਤੀ ਪਾਰਟੀਆਂ ਦੇ ਵੱਡੇ-ਵੱਡੇ ਦਿੱਗਜ ਲੀਡਰਾਂ ਨੂੰ ਲੋਕਾਂ ਨੇ ਹਰਾ ਦਿੱਤਾ ਅਤੇ ਸਾਡੇ ਸਾਧਾਰਨ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜੇਤੂ ਬਣਾਇਆ ਹੈ। ਸਾਨੂੰ ਇਸ ਜਿੱਤ ਦੇ ਅਰਥ ਸਮਝ ਕੇ ਲੋਕਾਂ ਲਈ ਕੰਮ ਕਰਨਾ ਹੈ ਅਤੇ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਲੈਕੇ ਜਾਣਾ ਹੈ।
ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਨੂੰ ਦਿੱਤੀਆਂ ਨਸੀਹਤਾਂ, ਵੀਡੀਓ ਵੀ ਦੇਖੋ...
ਮਾਨ ਨੇ ਕਿਹਾ ਕਿ ਲੋਕਾਂ ਨੇ ਸਾਨੂੰ ਆਪਣੇ ਦੁੱਖ ਦਰਦ ਦੂਰ ਕਰਨ ਲਈ ਮੁੱਖ ਮੰਤਰੀ ਬਣਾਇਆ ਹੈ, ਹਰੇ ਰੰਗ ਦੀ ਕਲਮ ਸੌਂਪੀ ਹੈ। ਅਸੀਂ ਪਹਿਲੇ ਦਿਨ ਹੀ ਉਸ ਹਰੇ ਰੰਗ ਦੀ ਕਲਮ ਦੀ ਵਰਤੋਂ ਬੇਰੁਜ਼ਗਾਰ ਨੌਜਵਾਨਾਂ ਦੀ ਤਕਲੀਫ ਨੂੰ ਦੂਰ ਕਰਨ ਲਈ ਕੀਤਾ ਹੈ। ਭਵਿੱਖ ਵਿੱਚ ਵੀ ਇਸ ਕਲਮ ਦੀ ਵਰਤੋਂ ਲੋਕਾਂ ਦੀ ਰੋਜ਼ੀ-ਰੋਟੀ ਅਤੇ ਸੁੱਖ-ਸਹੂਲਤਾਂ ਲਈ ਕਰਾਂਗੇ। ਆਪਣੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਜੋ 25000 ਸਰਕਾਰੀ ਨੌਕਰੀਆਂ ਦਾ ਐਲਾਨ ਅਸੀਂ ਕੀਤਾ ਹੈ, ਉਸਦੀ ਨੋਟੀਫਿਕੇਸ਼ਨ 25 ਦਿਨਾਂ ਦੇ ਅੰਦਰ ਜਾਰੀ ਕਰ ਦੇਵਾਂਗੇ।
ਮਾਨ ਨੇ ਸਮੂਹ ਵਿਧਾਇਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਕਰੀ ਲਈ ਕਿਸੇ ਦੀ ਵੀ ਗਲਤ ਸਿਫਾਰਿਸ਼ ਨਾ ਕਰਨ, ਇਸ ਨਾਲ ਯੋਗ ਨੌਜਵਾਨਾਂ ਦਾ ਹੱਕ ਖੁਸ ਜਾਵੇਗਾ। ਹੋ ਸਕਦਾ ਹੈ ਅਜਿਹੇ ਹਜ਼ਾਰਾਂ ਯੋਗ ਲੋਕ ਹੋਣਗੇ, ਜਿਨ੍ਹਾਂ ਦੀ ਪਹੁੰਚ 'ਆਪ' ਤੱਕ ਨਾ ਹੋਵੇ, ਪਰ ਨੌਕਰੀ ਲਈ ਯੋਗਤਾ ਪੂਰੀ ਰੱਖਦੇ ਹੋਣ। ਇਸ ਲਈ ਸਹੀ ਲਈ ਸਿਫਾਰਸ਼ ਕਰੋ, ਗਲਤ ਦੇ ਲਈ ਨਹੀਂ। ਸਾਡੀ ਸਰਕਾਰ ਲੋਕਾਂ ਦੇ ਹੱਕ ਦੇਣ ਲਈ ਬਣੀ ਹੈ, ਹੱਕ ਖੋਹਣ ਦੇ ਲਈ ਨਹੀਂ।
ਮਾਨ ਨੇ ਕਿਹਾ ਕਿ ਲੋਕਾਂ ਨੂੰ ਸਾਡੇ ਤੋਂ ਬਹੁਤ ਉਮੀਦਾਂ ਹਨ, ਇਸ ਲਈ ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਓ, ਕਿਸੇ ਨਾਲ ਵੀ ਮਾੜਾ ਵਤੀਰਾ ਨਾ ਕਰੋ। ਹਰ ਵਰਗ ਦੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਹਨ, ਭਾਵੇਂ ਉਹ ਕਿਸਾਨ ਹੋਣ, ਨੌਜਵਾਨ ਹੋਣ, ਵਪਾਰੀ ਹੋਣ, ਵਕੀਲ ਹੋਣ ਜਾਂ ਸਰਕਾਰੀ ਮੁਲਾਜ਼ਮ ਹੋਣ। ਸਾਰਿਆਂ ਨੇ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਇਸ ਲਈ ਲੋਕਾਂ ਦੇ ਨਾਲ ਬਿਨਾਂ ਕਿਸੇ ਭੇਦਭਾਵ ਕੀਤੇ ਉਨ੍ਹਾਂ ਦੇ ਗੱਲ ਸੁਣੋ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ। ਮਾਨ ਨੇ ਇੱਕ ਕਹਾਵਤ ਕਹੀ ਕਿ... ਪਤਾ ਨਹੀਂ ਕਿਸ ਭੇਸ ਵਿੱਚ ਨਰਾਇਣ ਮਿਲ ਜਾਣ। ਰੱਬ ਵੱਖ-ਵੱਖ ਭੇਸਾਂ ਵਿੱਚ ਸਾਨੂੰ ਪਰਖਦਾ ਹੈ। ਸਾਨੂੰ ਨਹੀਂ ਪਤਾ ਹੁੰਦਾ ਕਿ ਰੱਬ ਕਦੋਂ ਕਿਸ ਰੂਪ ਵਿੱਚ ਸਾਡੇ ਸਾਹਮਣੇ ਪ੍ਰਗਟ ਹੋ ਜਾਵੇ।
ਮਾਨ ਨੇ ਵਿਧਾਇਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਦਿੱਲੀ ਵਿੱਚ ‘ਆਪ’ ਵਿਧਾਇਕਾਂ ਦੇ ਕੰਮ ਦਾ ਸਰਵੇ ਕਰਵਾਇਆ ਜਾਂਦਾ ਹੈ। ਜਿਨ੍ਹਾਂ ਵਿਧਾਇਕਾਂ ਦੀ ਸਰਵੇ ਰਿਪੋਰਟ ਨੈਗੇਟਿਵ ਆਉਂਦੀ ਹੈ, ਉਨ੍ਹਾਂ ਸਾਰੀਆਂ ਦੀ ਟਿਕਟ ਕੱਟ ਦਿੱਤੀ ਜਾਂਦੀ ਹੈ । 2020 ਵਿੱਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਅਜਿਹੇ 22 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਸਨ। ਪੰਜਾਬ ਦੇ ਵਿਧਾਇਕਾਂ ਦੇ ਕੰਮਾਂ ਦੇ ਵੀ ਸਰਵੇ ਕਰਵਾਏ ਜਾਣਗੇ। ਇਸ ਲਈ ਸਾਰੇ ਵਿਧਾਇਕਾਂ ਨੂੰ ਆਪਣੇ ਹਲਕੇ ਵਿੱਚ ਪੱਕਾ ਦਫ਼ਤਰ ਖੋਲ੍ਹਨ ਅਤੇ ਉਥੇ ਮੌਜੂਦ ਰਹਿਣ। ਲੋਕਾਂ ਦੀਆਂ ਸਮੱਸਿਆਵਾਂ ਸੁਣੋ ਅਤੇ ਹੱਲ ਕਰਨ ਦੀ ਕੋਸ਼ਿਸ਼ ਕਰੋ। ਮਿਲਣ ਲਈ ਜੋ ਵੀ ਸਮਾਂ ਲੋਕਾਂ ਦਿੱਤਾ ਜਾਵੇ, ਹਰ ਹਾਲਤ ਵਿੱਚ ਉਸ ਸਮੇਂ ਉਥੇ ਮੌਜੂਦ ਰਹੋ। ਖੁਦ ਦੇ ਸਮੇਂ ਦੀ ਕੀਮਤ ਸਮਝੋ ਅਤੇ ਲੋਕਾਂ ਦੇ ਸਮੇਂ ਦੀ ਵੀ ਕਦਰ ਕਰੋ। ਜੇਕਰ ਅਗਲੀ ਵਾਰ ਆਪਣੀ ਸੀਟ ਪੱਕੀ ਕਰਨੀ ਹੈ ਤਾਂ ਲੋਕਾਂ ਦੇ ਕੰਮ ਵੀ ਪੱਕੇ ਕਰਨੇ ਹੋਣਗੇ। ਹਮੇਸ਼ਾ ਆਪਣੇ ਇਲਾਕੇ ਵਿੱਚ ਰਹਿਣਾ ਹੋਵੇਗਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਹੋਣਗੀਆਂ।
ਮਾਨ ਨੇ ਕਿਹਾ ਕਿ ਸਾਡਾ ਟਾਰਗੇਟ ਰੇਸ ਦੀ ਜਿੱਤ ਦਾ ਰੀਬਨ ਹੈ। ਰੀਬਨ ਦਾ ਮਤਲਬ ਹੈ 'ਰੰਗਲਾ ਪੰਜਾਬ''। ਰੰਗਲਾ ਪੰਜਾਬ ਦਾ ਮਤਲਬ ਹੈ ਗੁਰੂਆਂ ਦੇ ਸੁਪਨਿਆਂ ਦਾ ਪੰਜਾਬ, ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ, ਲੇਖਕਾਂ-ਕਵੀਆਂ ਦੀਆਂ ਰਚਨਾਵਾਂ ਦਾ ਪੰਜਾਬ। ਨੈਲਸਨ ਮੰਡੇਲਾ ਦੇ ਇੱਕ ਬਿਆਨ ਦਾ ਜ਼ਿਕਰ ਕਰਦੇ ਹੋਏ ਮਾਨ ਨੇ ਕਿਹਾ ਕਿ ਨੇਤਾ ਉਹ ਹੁੰਦਾ ਹੈ ਜੋ ਜਨਤਾ ਦੇ ਸੁੱਖ ਸਮੇਂ ਪਿੱਛੇ ਅਤੇ ਦੁੱਖ ਦੇ ਸਮੇਂ ਅੱਗੇ ਖੜ੍ਹਾ ਰਹਿੰਦਾ ਹੈ। ਸਾਨੂੰ ਵੀ ਆਪਣੀ ਖੁਸ਼ੀ ਦਾ ਤਿਆਗ ਕਰਕੇ ਜਨਤਾ ਦੀ ਖੁਸ਼ੀ ਲਈ ਕੰਮ ਕਰਨਾ ਹੈ।