ਵੀਡੀਓ: ਭਗਵੰਤ ਮਾਨ ਸਰਕਾਰ ਨੇ 6 ਮਹੀਨਿਆਂ 'ਚ ਕੀਤੇ ਸਭ ਤੋਂ ਵੱਧ ਵਿਕਾਸ ਕੰਮ - ਮਲਵਿੰਦਰ ਕੰਗ
ਚੰਡੀਗੜ੍ਹ, 17 ਸਤੰਬਰ 2022 - ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵੀਡੀਓ: ਭਗਵੰਤ ਮਾਨ ਸਰਕਾਰ ਨੇ 6 ਮਹੀਨਿਆਂ 'ਚ ਕੀਤੇ ਸਭ ਤੋਂ ਵੱਧ ਵਿਕਾਸ ਕੰਮ - ਮਲਵਿੰਦਰ ਕੰਗ
- 'ਸਾਡਾ ਕੰਮ ਬੋਲਦਾ', ਆਮ ਆਦਮੀ ਪਾਰਟੀ ਨੇ ਜਨਤਾ ਸਾਹਮਣੇ ਪੇਸ਼ ਕੀਤਾ ਆਪਣਾ ਛੇ ਮਹੀਨਿਆਂ ਦਾ ਪ੍ਰਭਾਵਸ਼ਾਲੀ ਰਿਪੋਰਟ ਕਾਰਡ
- ਪਿਛਲੀਆਂ ਸਰਕਾਰਾਂ ਰਹੀਆਂ ਪੂਰੀ ਤਰ੍ਹਾਂ ਨਾਕਾਮ, 'ਆਪ' ਸਰਕਾਰ ਨੇ 6 ਮਹੀਨਿਆਂ 'ਚ ਕੀਤੇ ਉਨ੍ਹਾਂ ਦੇ ਪੂਰੇ ਸ਼ਾਸ਼ਨਾਂ ਨਾਲੋਂ ਜ਼ਿਆਦਾ ਕੰਮ: ਮਲਵਿੰਦਰ ਸਿੰਘ ਕੰਗ
- ਛੇ ਮਹੀਨਿਆਂ ਵਿੱਚ ਹੀ 'ਆਪ' ਨੇ ਪੂਰੇ ਕੀਤੇ ਵੱਡੇ ਚੋਣ-ਵਾਅਦੇ: ਕੰਗ
- 'ਆਪ' ਸਰਕਾਰ ਕਿਸਾਨ ਪੱਖੀ ਅਤੇ ਲੋਕ ਪੱਖੀ ਸਰਕਾਰ ਹੈ: ਕੰਗ
ਚੰਡੀਗੜ੍ਹ, 17 ਸਤੰਬਰ 2022 - ਆਮ ਆਦਮੀ ਪਾਰਟੀ ਨੇ ਸ਼ਨੀਵਾਰ ਨੂੰ ਪੰਜਾਬ ਦੀ ਜਨਤਾ ਸਾਹਮਣੇ ਆਪਣੀ ਸਰਕਾਰ ਦੇ ਛੇ ਮਹੀਨਿਆਂ ਦਾ ਪ੍ਰਭਾਵਸ਼ਾਲੀ ਰਿਪੋਰਟ ਕਾਰਡ ਪੇਸ਼ ਕੀਤਾ।
ਪਾਰਟੀ ਮੁੱਖ ਦਫ਼ਤਰ ਤੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 'ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ 6 ਮਹੀਨਿਆਂ ਦੀਆਂ ਵੱਡੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਜੋ ਸਿਰਫ ਜਨਤਾ ਨੂੰ ਗੁੰਮਰਾਹ ਕਰਕੇ ਟੈਕਸਦਾਤਾਵਾਂ ਦੇ ਪੈਸੇ ਨਾਲ ਆਪਣੇ ਖਜ਼ਾਨੇ ਭਰਦੀਆਂ ਸਨ, ਉਨ੍ਹਾਂ ਦੇ ਉਲਟ ਆਪ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਜ਼ਮੀਨ ਪੱਧਰ 'ਤੇ ਕੰਮ ਸ਼ੁਰੂ ਕਰ ਦਿੱਤਾ ਸੀ।
ਇਸ ਮੌਕੇ ਮਲਵਿੰਦਰ ਕੰਗ ਨਾਲ ਪਾਰਟੀ ਦੇ ਬੁਲਾਰੇ ਜਗਤਾਰ ਸੰਘੇੜਾ ਅਤੇ ਗੋਵਿੰਦਰ ਮਿੱਤਲ ਵੀ ਮੌਜੂਦ ਰਹੇ।
ਉਨ੍ਹਾਂ ਕਾਂਗਰਸ ਅਤੇ ਅਕਾਲੀ ਦਲ ਨੂੰ ਚੁਣੌਤੀ ਦਿੰਦਿਆਂ, ਕਿ ਉਹ ਆਪਣੀਆਂ ਸਰਕਾਰਾਂ ਦੇ ਪਹਿਲੇ ਛੇ ਮਹੀਨੇ 'ਚ ਕੀਤੇ ਕੰਮਾਂ ਦਾ ਵੇਰਵਾ ਦੇਣ, ਕਿਹਾ, "ਮੈਂ ਕਾਂਗਰਸੀ ਨੇਤਾ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੀਆਂ ਸਰਕਾਰਾਂ ਬਣਾਉਣ ਦੇ ਛੇ ਮਹੀਨਿਆਂ ਅੰਦਰ ਕੀਤੇ ਗਏ ਕਿਸੇ ਵੀ ਵੱਡੇ ਕੰਮ ਦਾ ਵੇਰਵਾ ਦੇਣ ਦੀ ਚੁਣੌਤੀ ਦਿੰਦਾ ਹਾਂ। ਉਨ੍ਹਾਂ ਸਿਰਫ਼ ਲੋਕਾਂ ਨੂੰ ਲੁੱਟਿਆ ਅਤੇ ਹੁਣ 'ਆਪ' ਦੇ ਸਾਫ਼-ਸੁਥਰੇ ਕੰਮਾਂ ਤੋਂ ਇਹ ਲੋਕ ਇੰਨੇ ਨਿਰਾਸ਼ ਹਨ ਕਿ ਬੇਬੁਨਿਆਦ ਦੋਸ਼ ਲਗਾਉਂਦੇ ਰਹਿੰਦੇ ਹਨ।"
ਆਪ ਸਰਕਾਰ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਕੰਗ ਨੇ ਕਿਹਾ ਕਿ ਮਾਨ ਸਰਕਾਰ ਨੇ ਆਪਣੇ ਚੋਣ ਵਾਅਦੇ ਅਨੁਸਾਰ 20,000 ਨੌਕਰੀਆਂ ਦਿੱਤੀਆਂ ਹਨ ਅਤੇ 9000 ਠੇਕਾ ਮੁਲਾਜ਼ਮਾਂ ਨੂੰ ਪੱਕੇ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਪੰਜਾਬ ਦੀ ਸਮੁੱਚੀ ਆਰਥਿਕਤਾ ਖੇਤੀ 'ਤੇ ਨਿਰਭਰ ਹੈ, ਇਸ ਦੇ ਬਾਵਜੂਦ ਪਿਛਲੀਆਂ ਸਰਕਾਰਾਂ ਇਸ ਖੇਤਰ 'ਚ ਸੁਧਾਰ ਲਿਆਉਣ ਵਿੱਚ ਅਸਫਲ ਰਹੀਆਂ। ਪਰ, ਮਾਨ ਸਰਕਾਰ ਨੇ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੂੰਗੀ ਦੀ ਫ਼ਸਲ 'ਤੇ ਐਮ.ਐਸ.ਪੀ. ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਮਾਨ ਸਰਕਾਰ ਵੱਲੋਂ ਗੰਨਾ ਕਾਸ਼ਤਕਾਰਾਂ ਦੇ ਲੰਮੇ ਸਮੇਂ ਤੋਂ ਬਕਾਇਆ ਪਏ ਬਕਾਏ ਵੀ ਕਲੀਅਰ ਕਰ ਦਿੱਤੇ ਗਏ ਹਨ ਅਤੇ ਡਿਫਾਲਟਰ ਖੰਡ ਮਿੱਲਾਂ ਦੀਆਂ ਜਾਇਦਾਦਾਂ ਦੀ ਵੀ ਨਿਲਾਮੀ ਕੀਤੀ ਜਾ ਰਹੀ ਹੈ।
ਪੰਜਾਬ ਦੇ ਪਾਣੀ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਦਾ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਮਾਲਵਾ ਖੇਤਰ ਦੇ ਕਪਾਹ ਦੇ ਕਿਸਾਨਾਂ ਨੂੰ 2020 ਤੋਂ ਬਕਾਇਆ ਪਏ ਮੁਆਵਜ਼ੇ ਨੂੰ ਵੀ ਮਾਨ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। 'ਆਪ' ਸਰਕਾਰ ਕਿਸਾਨ ਪੱਖੀ ਅਤੇ ਲੋਕ ਪੱਖੀ ਸਰਕਾਰ ਹੈ।
ਪਹਿਲਾਂ ਕਿਸਾਨਾਂ ਤੋਂ ਲੋਡ ਵਧਾਉਣ ਲਈ 5000 ਰੁਪਏ ਵਸੂਲੇ ਜਾਂਦੇ ਸਨ ਪਰ ਮਾਨ ਸਰਕਾਰ ਨੇ ਕਿਸਾਨਾਂ ਨੂੰ ਆਰਥਿਕ ਰਾਹਤ ਦੇਣ ਲਈ ਇਹ ਰਾਸ਼ੀ ਘਟਾ ਕੇ 2500 ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ। ਸਰਕਾਰ ਪੰਜਾਬੀਆਂ ਨੂੰ 600 ਮੁਫਤ ਬਿਜਲੀ ਯੂਨਿਟ ਦੇ ਰਹੀ ਹੈ ਅਤੇ ਲਗਭਗ 80% ਲੋਕਾਂ ਨੂੰ ਹੁਣ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ।
ਇਸੇ ਤਰ੍ਹਾਂ ਪੰਜਾਬ ਰੋਡਵੇਜ਼ ਹਮੇਸ਼ਾ ਘਾਟੇ ਵਿੱਚ ਹੀ ਰਹੀ, ਕਿਉਂਕਿ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਅਹਿਮੀਅਤ ਦਿੱਤੀ ਜਾਂਦੀ ਸੀ ਅਤੇ ਪੰਜਾਬ ਰੋਡਵੇਜ਼ ਨੂੰ ਅਣਦੇਖਿਆ ਕੀਤਾ ਜਾਂਦਾ ਰਿਹਾ ਹੈ। ਪਰ ਹੁਣ ਇਮਾਨਦਾਰ ਸਰਕਾਰ ਹੋਣ ਕਰਕੇ ਇਹ ਮੁਨਾਫੇ ਵਿੱਚ ਹੈ ਅਤੇ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਲਈ ਦਿੱਲੀ ਏਅਰਪੋਰਟ ਨੂੰ ਵੋਲਵੋ ਬੱਸਾਂ ਵੀ ਚਾਲੂ ਕੀਤੀਆਂ ਗਈਆਂ ਹਨ।
ਸੂਬੇ ਅੰਦਰ ਖੇਡਾਂ ਦਾ ਮਾਹੌਲ ਸਿਰਜਣ ਲਈ ਸ਼ੁਰੂ ਕੀਤੀਆਂ ਗਈਆਂ 'ਖੇਡਾਂ ਵਤਨ ਪੰਜਾਬ ਦੀਆਂ' ਵਿੱਚ ਬਲਾਕ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਮੁਕਾਬਲੇ ਚਲ ਰਹੇ ਹਨ।
ਅਕਾਲੀ ਦਲ 'ਤੇ ਹਮਲਾ ਕਰਦਿਆਂ ਕੰਗ ਨੇ ਕਿਹਾ ਕਿ ਬਾਦਲ ਸਰਕਾਰ 'ਚ ਕਬੱਡੀ ਟੂਰਨਾਮੈਂਟ ਵੀ ਕਰਵਾਏ ਗਏ, ਪਰ ਉੱਥੇ ਵੱਡੇ ਕਲਾਕਾਰਾਂ 'ਤੇ ਪੈਸਾ ਖਰਚਿਆ ਗਿਆ ਅਤੇ ਖਿਡਾਰੀਆਂ ਨੂੰ ਅਹਿਮੀਅਤ ਨਹੀਂ ਦਿੱਤੀ ਗਈ। ਜਦਕਿ ਮਾਨ ਸਰਕਾਰ ਨੇ ਬਲਬੀਰ ਸਿੰਘ ਸੀਨੀਅਰ ਦੇ ਨਾਂ 'ਤੇ ਸਪੋਰਟਸ ਸਕਾਲਰਸ਼ਿਪ ਸ਼ੁਰੂ ਕੀਤੀ ਹੈ ਅਤੇ ਸਰਕਾਰ ਨੇ ਰਾਸ਼ਟਰਮੰਡਲ ਖੇਡਾਂ ਦੇ ਸਿਤਾਰਿਆਂ ਨੂੰ ਵੀ ਸਨਮਾਨਿਤ ਕੀਤਾ।
ਪਿਛਲੀਆਂ ਸਰਕਾਰਾਂ ਦੇ ਰਾਜ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਰਿਹਾ ਅਤੇ ਪੰਜਾਬ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ। ਜਦੋਂ ਸੂਬਾ ਵਿੱਤੀ ਸੰਕਟ ਨਾਲ ਜੂਝ ਰਿਹਾ ਸੀ ਤਾਂ ਬਾਦਲਾਂ ਦੇ ਸੁਖਵਿਲਾਸ ਹੋਟਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਨੂੰ ਵਿਦੇਸ਼ੀ ਪੱਥਰਾਂ ਨਾਲ ਸਜਾਇਆ ਜਾ ਰਿਹਾ ਸੀ।
ਸਰਕਾਰ ਬਣਨ ਤੋਂ ਬਾਅਦ, ਮਾਨ ਸਰਕਾਰ ਨੇ ਭ੍ਰਿਸ਼ਟ ਸਾਬਕਾ ਮੰਤਰੀਆਂ ਅਤੇ ਸੀਨੀਅਰ ਅਫ਼ਸਰਾਂ 'ਤੇ ਵੀ ਸ਼ਿਕੰਜਾ ਕੱਸਿਆ ਕਿਉਂਕਿ 'ਆਪ' ਨੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੈ।
ਕੰਗ ਨੇ ਅੱਗੇ ਕਿਹਾ ਕਿ ਆਪ ਸਰਕਾਰ ਨੇ 10000 ਏਕੜ ਤੋਂ ਵੱਧ ਨਜਾਇਜ਼ ਕਬਜ਼ੇ ਵਾਲੀ ਜ਼ਮੀਨ ਨੂੰ ਪ੍ਰਭਾਵਸ਼ਾਲੀ ਲੋਕਾਂ ਦੇ ਚੁੰਗਲ ਤੋਂ ਛੁਡਵਾਇਆ ਹੈ। ਲੋਕਾਂ ਦਾ ਪੈਸਾ ਹੁਣ ਪੰਜਾਬ ਦੀ ਭਲਾਈ ਅਤੇ ਪੰਜਾਬ ਦੇ ਲੋਕਾਂ 'ਤੇ ਖਰਚ ਹੋ ਰਿਹਾ ਹੈ।
ਸਿਹਤ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਇੱਕ ਹੋਰ ਵੱਡੇ ਵਾਅਦੇ ਨੂੰ ਪੂਰਾ ਕਰਦਿਆਂ 'ਆਪ' ਸਰਕਾਰ ਨੇ ਛੇ ਮਹੀਨਿਆਂ ਵਿੱਚ 100 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਿੱਥੇ ਹੁਣ ਤੱਕ 1.5 ਲੱਖ ਲੋਕਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਅਤੇ ਇਨ੍ਹਾਂ ਕਲੀਨਿਕਾਂ ਵਿੱਚ 20,000 ਤੋਂ ਵੱਧ ਮੁਫ਼ਤ ਮੈਡੀਕਲ ਟੈਸਟ ਕੀਤੇ ਜਾ ਚੁੱਕੇ ਹਨ।
ਕੰਗ ਨੇ ਅੱਗੇ ਕਿਹਾ ਕਿ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਲਈ 100 ਤੋਂ ਵੱਧ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ।
ਗੈਂਗਸਟਰ ਕਲਚਰ ਖਤਮ ਕਰਨ ਲਈ, ਮਾਨ ਸਰਕਾਰ ਨੇ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਅਤੇ ਸੰਗਠਿਤ ਅਪਰਾਧ ਨਾਲ ਜੁੜੇ 300 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਕਿ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ 4000 ਤੋਂ ਵੱਧ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਕੰਗ ਨੇ ਕਿਹਾ ਕਿ ਪੁਲਿਸ ਨੇ ਸਿੱਧੂ ਮੂਸੇ ਵਾਲੇ ਦੇ ਕਤਲ ਕੇਸ 'ਚ ਗੈਂਗਸਟਰਾਂ ਦਾ ਰਿਮਾਂਡ ਲਿਆ ਅਤੇ ਤੁਰੰਤ ਕਾਰਵਾਈ ਕੀਤੀ ਤਾਂ ਜੋ ਉਸਦੇ ਪ੍ਰਸ਼ੰਸਕਾਂ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਪਿਛਲੀਆਂ ਸਰਕਾਰਾਂ ਅਪਰਾਧੀਆਂ ਨੂੰ ਸਰਪ੍ਰਸਤੀ ਦਿੰਦੀਆਂ ਸਨ। ਉਨ੍ਹਾਂ ਅਕਾਲੀ ਦਲ ਅਤੇ ਕਾਂਗਰਸ 'ਤੇ ਸਵਾਲ ਖੜਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਅਤੇ ਡੀਏਵੀ ਕਾਲਜ ਦੇ ਵਿਦਿਆਰਥੀ ਆਗੂਆਂ ਨੂੰ ਅਪਰਾਧੀ ਬਣਾ ਕੇ ਹਨੇਰ ਦੀ ਦੁਨੀਆ 'ਚ ਧੱਕ ਦਿੱਤਾ।
ਭਾਜਪਾ 'ਤੇ ਹਮਲਾ ਕਰਦਿਆਂ ਕੰਗ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਰੋੜਾਂ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਦੇ 8 ਸਾਲਾਂ ਦੇ ਸ਼ਾਸਨ ਦੌਰਾਨ ਦੇਸ਼ ਦੇ ਇਤਿਹਾਸ 'ਚ ਬੇਰੁਜ਼ਗਾਰੀ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ।
ਉਨ੍ਹਾਂ ਦੁਹਰਾਇਆ ਕਿ 'ਆਪ' ਸਰਕਾਰ ਪੰਜਾਬ ਦੀ ਭਲਾਈ ਲਈ ਵਚਨਬੱਧ ਹੈ ਅਤੇ ਮੁੱਖ ਮੰਤਰੀ ਮਾਨ ਦੀ ਯੋਗ ਅਗਵਾਈ ਹੇਠ ਸੂਬੇ ਨੂੰ ਰੰਗਲਾ ਬਣਾਉਣ ਲਈ ਬਾਕੀ ਵਾਅਦਿਆਂ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ।