ਭੁੱਬਾਂ ਮਾਰਕੇ ਚਿੰਬੜੇ ਚੰਦਰੀ ਵੰਡ ਦੇ ਸੰਤਾਪ ਵੱਲੋਂ ਵਿਛੋੜੇ ਭਰਾ, ਵੀਡੀਓ ਵੀ ਦੇਖੋ
ਅਸ਼ੋਕ ਵਰਮਾ
ਬਠਿੰਡਾ,14 ਜਨਵਰੀ 2022: ਚੰਦਰੀ ਵੰਡ ਨੇ ਦੋ ਸਕੇ ਭਰਾਵਾਂ ਨੂੰ ਅਜਿਹਾ ਵਿਛੋੜਿਆ ਕਿ 74 ਸਾਲ ਬਾਅਦ ਦੋਵਾਂ ਦਾ ਮੇਲ ਹੋਇਆ ਹੈ। ਮਹੱਤਵਪੂਰਨ ਤੱਥ ਹੈ ਕਿ ਇਸ ਮਿਲਣੀ ਦਾ ਗਵਾਹ ਸਾਹਿਬ ਸ੍ਰ੍ਰੀ ਗੁਰੂ ਨਾਨਕ ਦੇਵ ਜੀ ਮਾਹਾਰਾਜ ਦੇ ਚਰਨ ਛੋਹ ਪ੍ਰਾਪਤ ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਬਣੀ ਹੈ। ਜਦੋਂ ਸਿੱਕਾ ਖਾਨ ਅਤੇ ਉਸ ਦਾ ਭਰਾ ਆਪਸ ’ਚ ਗੱਲ ਲੱਗੇ ਤਾਂ ਦੋਵਾਂ ਦੀਆਂ ਭੁੱਬਾਂ ਨਿੱਕਲ ਗਈਆਂ। ਦੋਵਾਂ ਭਰਾਵਾਂ ਨੂੰ ਦੇਖਕੇ ਮੌਕੇ ਹਾਜ਼ਰ ਹਰ ਅੱਖ ਨਮ ਹੋਏ ਬਗੈਰ ਨਾਂ ਰਹਿ ਸਕੀ। ਇੰਨ੍ਹਾਂ ਭਰਾਵਾਂ ਨੂੰ ਮਿਲਵਾਉਣ ’ਚ ਬਠਿੰਡਾ ਜਿਲ੍ਹੇ ਦੇ ਪਿਡ ਫੂਲੇਵਾਲਾ ਦੇ ਸੇਵਾਮੁਕਤ ਕਾਨੂੰਗੋ ਜਗਸੀਰ ਸਿੰਘ ਤੇ ਕੁੱਝ ਹੋਰ ਵਿਅਕਤੀਆਂ ਨੇ ਅਹਿਮ ਯੋਗਦਾਨ ਪਾਇਆ ਹੈ।
ਇਸ ਕੰਮ ਲਈ ਮੌਜੂਦਾ ਇੰਟਰਨੈਟ ਤਕਨੀਕਾਂ ਨੇ ਵੀ ਵੰਡ ਦੇ ਅੱਲੇ ਫੱਟਾਂ ਨੂੰ ਹਲਕਾ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।ਜਾਣਕਾਰੀ ਅਨੁਸਾਰ ਪਿੰਡ ਫੂਲੇਵਾਲਾ ਨਿਵਾਸੀ ਸਿੱਕਾ ਖਾਨ ਆਪਣੇ ਨਾਨਕੇ ਘਰ ਰਹਿ ਰਿਹਾ ਹੈ। ਉਸ ਦੇ ਪਿਤਾ ਅਤੇ ਪੰਜ ਸਾਲ ਦਾ ਵੱਡਾ ਭਾਈ ਜਗਰਾਓਂ ’ਚ ਸਨ ਤਾਂ ਇਸੇ ਦੌਰਾਨ ਭਾਰਤ ਪਾਕਿ ਵੰਡ ਹੋ ਗਈ ਅਤੇ ਮੁਸਲਮਾਨ ਪ੍ਰੀਵਾਰਾਂ ਨੂੰ ਨਿਸ਼ਾਨਾ ਬਣਾਇਆ ਜਾਣ ਲੱਗ ਪਿਆ। ਫਿਰਕੂ ਫਸਾਦੀਆਂ ਵੱਲੋਂ ਕੀਤੇ ਕਤਲੇਆਮ ਦੀ ਬਦੌਲਤ ਲਾਸ਼ਾਂ ਦੇ ਢੇਰਾਂ ਦਾ ਮੰਜ਼ਰ ਸੀ ਤਾਂ ਇਸ ਮੌਕੇ ਪੂਰਾ ਪ੍ਰੀਵਾਰ ਕਿਸਮਤ ਨਾਲ ਬਚਕੇ ਪਾਕਿਸਤਾਨ ਚਲਾ ਗਿਆ। ਉਸ ਵਕਤ ’ਚ ਆਪਣੀ ਮਾਂ ਦੀ ਗੋਦ ’ਚ ਰਹਿਣ ਵਾਲਾ ਮਾਸੂਮ ਸਿੱਕਾ ਖਾਨ ਅਤੇ ਉਸ ਦੀ ਮਾਂ ਬਠਿੰਡਾ ਜਿਲ੍ਹੇ ’ਚ ਰਹਿ ਗਏ।
ਵੀਡੀਓ ਵੀ ਦੇਖੋ....
https://www.facebook.com/BabushahiDotCom/videos/961334411468901
ਬਹੁਤ ਕੋਸ਼ਿਸ਼ਾਂ ਕਰਨ ਤੋਂ ਬਾਅਦ ਜਦੋਂ ਹਬੀਬ ਖਾਨ ਨਾਂ ਮਿਲਿਆਂ ਤਾਂ ਪਿੰਡ ਵਾਲਿਆਂ ਦੀ ਸਹਾਇਤਾ ਨਾਲ ਤਲਾਸ਼ ਸ਼ੁਰੂ ਕਰ ਦਿੱਤੀ। ਅੰਤ ਨੂੰ ਯਤਨ ਰੰਗ ਲਿਆਏ ਤਾਂ ਸ੍ਰੀ ਕਰਤਾਰਪੁਰ ਸਾਹਿਬ ’ਚ ਦੋਨੋਂ ਇੱਕ ਦੂਜੇ ਨੂੰ ਮਿਲੇ। ਪਤਾ ਲੱਗਿਆ ਹੈ ਕਿ ਦੋ ਸਾਲ ਪਹਿਲਾਂ ਜਦੋਂ ਭਰਾਵਾਂ ਦਾ ਆਪਸ ’ਚ ਸੰਪਰਕ ਹੋਇਆ ਤਾਂ ਉਨ੍ਹਾਂ ਨੇ ਪਾਸਪੋਰਟ ਬਣਵਾ ਲਿਆ। ਇਸੇ ਦੌਰਾਨ ਕੋਰੋਨਾ ਵਾਇਰਸ ਫੈਲ ਗਿਆ ਜਿਸ ਕਾਰਨ ਰਾਹ ਬੰਦ ਕਰ ਦਿੱਤੇ ਅਤੇ ਭਰਾਵਾਂ ਵਿਚ ਮੁਲਾਕਾਤ ਨਾ ਹੋ ਸਕੀ। ਹੁਣ ਕੋਰੋਨਾ ਮਗਰੋਂ ਜਦੋਂ ਸਰਹੱਦਾਂ ਖੁੱਲ੍ਹੀਆਂ ਹਨ ਤਾਂ ਦੋਵੇਂ ਭਰਾ ਮਿਲ ਸਕੇ ਹਨ। ਇਸ ਮੌਕੇ ਅਜਿਹੀ ਸਥਿਤੀ ਬਣੀ ਕਿ ਦੋਵਾਂ ਭਰਾਵਾਂ ਦੀਆਂ ਅੱਖਾਂ ’ਚ ਤਾਂ ਪਾਣੀ ਆਪ ਮੁਹਾਰੇ ਵਹਿ ਰਿਹਾ ਸੀ ।
ਇਸ ਤੋਂ ਇਲਾਵਾ ਮੌਕੇ ਤੇ ਹਾਜ਼ਰ ਹਰ ਕਿਸੇ ਦੀ ਅੱਖ ਨਮ ਹੋਈ ਸੀ। ਸਿੱਕਾ ਖਾਨ ਨੇ ਕਿਹਾ ਕਿ ਇੱਕ ਵਾਰ ਤਾਂ ਉਸ ਨੇ ਉਮੀਦ ਹੀ ਛੱਡ ਦਿੱਤੀ ਸੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਦੋਵੇਂ ਭਰਾ ਮਿਲ ਸਕੇ ਹਨ। ਉਨ੍ਹਾਂ ਭਾਰਤ ਅਤੇ ਪਾਕਿਸਤਾਨ ਸਰਕਾਰ ਤੋਂ ਉਸ ਨੂੰ ਵੀਜਾ ਜਾਰੀ ਕਰਨ ਦੀ ਮੰਗ ਕੀਤੀ ਤਾਂ ਜੋ ਉਹ ਆਪਣੇ ਭਰਾ ਨਾਲ ਕਾਫੀ ਸਮਾਂ ਬਿਤਾ ਸਕੇ। ਗੱਲਬਾਤ ਦੌਰਾਨ ਕਈ ਵਾਰ ਭਾਵੁਕ ਵੀ ਹੋਇਆ। ਉਸ ਨੇ ਦੱਸਿਆ ਕਿ ਰੱਬ ਦੀ ਮਿਹਰ ਨੇ ਇਹ ਜਿੰਦਗੀ ਬਖਸ਼ੀ ਤੇ ਉਹ ਭਰਾ ਦੇ ਗਲ ਲੱਗ ਸਕਿਆ ਹੈ। ਉਸ ਨੇ ਦੁਆ ਮੰਗ ਕਿ ਸ਼ਾਲਾ ਕਿਸੇ ਦਾ ਭਰਾਵਾਂ ’ਚ ਵਿਛੋੜੇ ਨਾਂ ਪੈਣ ਤੇ ਨਾਂ ਹੀ ਵੰਡ ਦਾ ਸੰਤਾਪ ਹੰਢਾਉਣਾ ਪਵੇ।
ਸਰਕਾਰਾਂ ਖੁੱਲ੍ਹ ਦਿਲੀ ਦਿਖਾਉਣ
ਜਗਸੀਰ ਸਿੰਘ ਨੇ ਦੱਸਿਆ ਕਿ ਸਿੱਕਾ ਖਾਨ ਉਨ੍ਹਾਂ ਕੋਲ ਪਿਛਲੇ 10-12 ਸਾਲ ਤੋਂ ਕੰਮ ਕਰ ਰਿਹਾ ਹੈ ਜੋਕਿ ਬਹੁਤ ਨਰਮ ਸੁਭਾਅ ਦਾ ਹੈ। ਉਨ੍ਹਾਂ ਦੱਸਿਆ ਕਿ ਸਿੱਕਾ ਖਾਨ ਨੂੰ ਬੜੀ ਉਮੀਦ ਸੀ ਕਿ ਉਸ ਦਾ ਭਰਾ ਜਰੂਰ ਮਿਲੇਗਾ ਤੇ ਅੰਤ ਨੂੰ ਉਸ ਦੀ ਇਹ ਇੱਛਾ ਪੂਰੀ ਹੋ ਗਈ ਹੈ। ਉਨ੍ਹਾਂ ਆਖਿਆ ਕਿ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਅਜਿਹੇ ਮਾਮਲਿਆਂ ’ਚ ਖੁੱਲ੍ਹਦਿਲੀ ਦਿਖਾਉਣੀ ਚਾਹੀਦੀ ਹੈ ਅਤੇ ਵੰਡ ਦਾ ਸ਼ਿਕਾਰ ਹੋਏ ਲੋਕਾਂ ਨੂੰ ਵੀਜ਼ੇ ਜਾਰੀ ਕਰ ਦੇਣੇ ਚਾਹੀਦੇ ਹਨ।
ਅਜਾਦੀ ਪ੍ਰਵਾਨਿਆਂ ਦੇ ਸੁਫਨੇ ਅਧੂਰੇ
ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਸੇਵਾਮੁਕਤ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਅਗਸਤ 1947 ਵਿੱਚ ਫਿਰਕੂ ਆਧਾਰ ਤੇ ਦੇਸ਼ ਦੀ ਚੰਦਰੀ ਵੰਡ ਭਾਰਤੀ ਉਪ ਮਹਾਂਦੀਪ ਦਾ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਆਖਿਆ ਜਾ ਸਕਦਾ ਹੈ ਜਿਸ ਨੇ ਸਿਰਫ ਸਿੱਕਾ ਖਾਨ ਹੀ ਨਹੀਂ ਬਲਕਿ ਹਜਾਰਾਂ ਭੈਣਾਂ ਭਰਾਵਾਂ ਅਤੇ ਮਾਪਿਆਂ ’ਚ ਵਿਛੋੜਾ ਪਾਇਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਸਾਡੇ ਅਜਾਦੀ ਪ੍ਰਵਾਨਿਆਂ ਨੇ ਜੋ ਅਜਾਦ ਭਾਰਤ ਦੀ ਫਿਜ਼ਾ ਦੇ ਨਕਸ਼ ਤਰਾਸ਼ੇ ਤੇ ਸੁਪਨੇ ਦੇਖੇ ਸਨ ਉਹ ਹੁਣ ਤੱਕ ਪੂਰੇ ਨਹੀਂ ਹੋਏ ਹਨ। ਉਨ੍ਹਾਂ ਆਖਿਆ ਕਿ ਦੇਸ਼ ਵਲੋਂ ਵੰਡ ਦਾ ਦੁਖਾਂਤ ਹੰਢਾਉਂਣ ਦੇ ਬਾਵਜੂਦ ਅੱਜ ਵੀ ਕਾਫੀ ਲੋਕ ਹਨ ਜਿੰਨ੍ਹਾਂ ਨੂੰ ਸਰਹੱਦਾਂ ਅਤੇ ਸਿਆਸੀ ਲੋਕਾਂ ਕਾਰਨ ਆਪਣੇ ਪਿਆਰਿਆਂ ਦੀ ਝਲਕ ਨਸੀਬ ਨਹੀਂ ਹੋ ਸਕੀ ਹੈ ਜਿੰਨ੍ਹਾਂ ਦੀ ਬਾਂਹ ਫੜ੍ਹੀ ਜਾਣੀ ਚਾਹੀਦੀ ਹੈ।