ਮੁਕਤਸਰ: ਪਰਾਲੀ ਦੀ ਰਿਪੋਰਟ ਲੈਣ ਆਈ ਟੀਮ ਦਾ ਕਿਸਾਨਾਂ ਨੇ ਕੀਤਾ ਘਿਰਾਓ, ਬੇਰੰਗ ਮੋੜਿਆ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 3 ਨਵੰਬਰ 2020-ਜ਼ਿਲ੍ਹੇ ਦੇ ਪਿੰਡ ਭਾਗਸਰ ਦੇ ਕਿਸਾਨਾਂ ਨੇ ਇੱਕ ਵਾਰ ਫ਼ਿਰ ਏਕਾ ਕਰਦਿਆਂ ਪਿੰਡ ’ਚ ਪਰਾਲੀ ਦੀ ਰਿਪੋਰਟ ਤਿਆਰ ਕਰਨ ਲਈ ਟੀਮ ਦਾ ਘਿਰਾਓ ਕਰਕੇ ਟੀਮ ਨੂੰ ਬੇਰੰਗ ਮੋੜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਇਕ ਸਰਕਾਰੀ ਟੀਮ ਪਿੰਡ ਭਾਗਸਰ ਤੋਂ ਮਹਾਂਬੱਧਰ ਨੂੰ ਜਾਣ ਵਾਲੀ ਸੜਕ ’ਤੇ ਨਰਸਰੀ ਦੇ ਨੇੜੇ ਰਜਬਾਹੇ ਦੇ ਪੁੱਲ ’ਤੇ ਪਹੁੰਚੀ ਤੇ ਇਸਦੀ ਭਿਣਕ ਪੈਣ ’ਤੇ ਵੱਡੀ ਗਿਣਤੀ ਵਿੱਚ ਕਿਸਾਨ ਉਥੇ ਜਾ ਪਹੁੰਚੇ ਤੇ ਨੋਡਲ ਅਫਸਰ ਤੇ ਪਟਵਾਰੀ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਲਗਭਗ ਅੱਧਾ ਘੰਟਾ ਇਹ ਮੁਲਾਜ਼ਮ ਕਿਸਾਨਾਂ ਦੇ ਘੇਰੇ ਵਿੱਚ ਰਹੇ ਤੇ ਫਿਰ ਉਨ੍ਹਾਂ ਨੇ ਇਹ ਕਹਿ ਕੇ ਆਪਣਾ ਖਹਿੜਾ ਛੁਡਾਇਆ ਕਿ ਅੱਗੇ ਤੋਂ ਉਹ ਪਰਾਲੀ ਦੇ ਮਸਲੇ ਵਿੱਚ ਇਸ ਪਿੰਡ ਵਿੱਚ ਨਹੀਂ ਆਉਣਗੇ ਤੇ ਫਿਰ ਉਥੋਂ ਹੀ ਉਹ ਵਾਪਸ ਚਲੇ ਗਏ। ਪਤਾ ਲੱਗਾ ਹੈ ਕਿ ਕਿ ਉਥੇ ਨਾ ਤਾਂ ਕੋਈ ਉੱਚ ਅਧਿਕਾਰੀ ਪੁੱਜਾ ਤੇ ਨਾ ਹੀ ਪੁਲਿਸ ਪਹੁੰਚੀ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਕਤ ਮੁਲਾਜ਼ਮ ਇਹ ਜਾਣਕਾਰੀ ਇਕੱਤਰ ਕਰਨ ਲਈ ਆਏ ਸਨ ਕਿ ਕਿੰਨਾ-ਕਿੰਨਾ ਕਿਸਾਨਾਂ ਨੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੈ। ਇਸ ਮੌਕੇ ਮਾਹੌਲ ਕਾਫ਼ੀ ਗਰਮਾ ਗਰਮੀ ਵਾਲਾ ਬਣਿਆ ਰਿਹਾ ਤੇ ਆਖ਼ਰਕਾਰ ਟੀਮ ਨੂੰ ਬੇਰੰਗ ਮੁੜਣਾ ਪਿਆ। ਵਰਣਨਯੋਗ ਹੈ ਕਿ ਜ਼ਿਲ੍ਹੇ ਦਾ ਪਿੰਡ ਭਾਗਸਰ ਪੰਜਾਬ ਭਰ ਵਿੱਚ ਅਜਿਹਾ ਪਹਿਲਾ ਪਿੰਡ ਹੈ, ਜਿੱਥੋਂ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੀ ਅਗਵਾਈ ਹੇਠ ਇਹ ਐਲਾਨ ਕੀਤਾ ਸੀ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਣਗੇ ਤੇ ਪੰਜਾਬ ਸਰਕਾਰ ਦੀ ਘੁਰਕੀ ਤੋਂ ਵੀ ਨਹੀਂ ਡਰਨਗੇ, ਕਿਉਂਕਿ ਕਿਸਾਨਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਹੈ। ਦੱਸ ਦੇਈਏ ਕਿ ਇਸੇ ਏਕਤਾ ਦਾ ਸਬੂਤ ਦੇ ਕੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਵੀ ਲਗਾਈ ਸੀ ਤੇ ਉਦੋਂ ਕੋਈ ਅਧਿਕਾਰੀ ਜਾਂ ਸਰਕਾਰੀ ਮੁਲਾਜ਼ਮ ਨਹੀਂ ਆਇਆ ਸੀ।