ਮੁਫ਼ਤਖੋਰੀ ਬੰਦ ਹੋਵੇਗੀ, ਤਾਂ ਹੀ ਹੋਵੇਗੀ ਅਸਲ ਤਰੱਕੀ, ਉੱਜਲ ਦੁਸਾਂਝ ਦੀ ਨੇਕ ਸਲਾਹ (ਵੀਡੀਓ ਵੀ ਦੇਖੋ)
ਚੰਡੀਗੜ੍ਹ 20 ਮਈ 2023 - ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ, ਚੰਡੀਗੜ੍ਹ ਵੱਲੋਂ ਅੱਜ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਦੇ ਸਹਿਯੋਗ ਨਾਲ ਕੈਨੇਡਾ ਦੇ ਸਾਬਕਾ ਫੈਡਰਲ ਮੰਤਰੀ ਤੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮਿਅਰ (ਮੁੱਖ ਮੰਤਰੀ )ਉੱਜਲ ਦੁਸਾਂਝ ਨਾਲ ਰੁਬਰੂ ਕਰਵਾਇਆ ਗਿਆ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ......
ਮੁਫ਼ਤਖੋਰੀ ਬੰਦ ਹੋਵੇਗੀ, ਤਾਂ ਹੀ ਹੋਵੇਗੀ ਅਸਲ ਤਰੱਕੀ, ਉੱਜਲ ਦੁਸਾਂਝ ਦੀ ਨੇਕ ਸਲਾਹ (ਵੀਡੀਓ ਵੀ ਦੇਖੋ)
ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਪੰਜਾਬ ਐਂਡ ਚੰਡੀਗੜ ਜਰਨਲਿਸਟਸ ਯੂਨੀਅਨ ਚੰਡੀਗੜ੍ਹ ਦੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਕ ਪੰਜਾਬੀ ਕੈਨੇਡਾ ਵਿੱਚ ਏਨੇ ਵੱਡੇ ਅਹੁਦੇ ਤੇ ਪਹੁੰਚਿਆ। ਜ਼ਿੰਦਗੀ ਦੇ ਆਪਣੇ ਸਫ਼ਰ ਬਾਰੇ ਗੱਲ ਕਰਦਿਆਂ ਉੱਜਲ ਦੁਸਾਂਝ ਨੇ ਕਿਹਾ ਕਿ ਅੱਜ ਦੇ ਸਮੇਂ ਪੰਜਾਬ ਦਾ ਪੈਸਾ, ਜਵਾਨੀ ਅਤੇ ਹੁਨਰ ਬਾਹਰਲੇ ਦੇਸ਼ਾਂ ਨੂੰ ਜਾ ਰਿਹਾ ਹੈ ਜਿਸ ਤੋਂ ਬਚਾਅ ਵਾਸਤੇ ਪੰਜਾਬੀਆਂ ਨੂੰ ਸੰਜੀਦਾ ਹੋ ਕੇ ਵਿਚਾਰ ਕਰਨ ਦੀ ਲੋੜ ਹੈ।
ਓਹਨਾਂ ਕਿਹਾ ਕਿ ਇਹ ਭਰਮ ਹੈ ਕਿ ਪੰਜਾਬੀਆਂ ਦੇ ਪੈਸਿਆਂ ਤੇ ਕੈਨੇਡਾ ਦੀ ਆਰਥਿਕਤਾ ਨਿਰਭਰ ਹੈ ਪਰ ਇਸ ਨਾਲ ਪੰਜਾਬ ਦੇ ਅਰਥਚਾਰੇ ਨੂੰ ਜ਼ਰੂਰ ਨੁਕਸਾਨ ਪਹੁੰਚਦਾ ਹੈ।
ਸ੍ਰੀ ਦੁਸਾਂਝ ਨੇ ਕਿਹਾ ਕਿ ਭੋਲੇ ਭਾਲੇ ਪੰਜਾਬੀ ਬਾਹਰ ਜਾਣ ਦੇ ਚੱਕਰ ਵਿਚ ਠੱਗਾਂ ਦਾ ਸ਼ਿਕਾਰ ਹੋ ਜਾਂਦੇ ਹਨ।
ਓਹਨਾਂ ਕਿਹਾ ਕਿ ਜਾਤ ਪਾਤ ਦਾ ਕੋਹੜ ਓਥੇ ਜਾ ਕੇ ਵੀ ਸਾਡਾ ਪਿੱਛਾ ਨਹੀਂ ਛੱਡ ਰਿਹਾ।
ਇਸ ਮਜ਼ਮੂਨ ਤੇ ਲਿਖੀ ਆਪਣੀ ਕਿਤਾਬ ' ਪਾਸਟ ਇਜ਼ ਨੈਵਰ ਡੈਡ ' ਦੇ ਹਵਾਲੇ ਨਾਲ ਓਹਨਾਂ ਕਿਹਾ ਕਿ ਸਾਡਾ ਪਿਛੋਕੜ ਹਮੇਸ਼ਾ ਸਾਡੇ ਨਾਲ ਹੀ ਟੁਰਦਾ ਹੈ।
ਕੈਨੇਡਾ ਵਿਚ ਗੈਂਗਸਟਰਾਂ ਦੀ ਮੋਜੂਦਗੀ ਤੇ ਉਹਨਾ ਨੂੰ ਭਾਰਤ ਵਾਪਿਸ ਲਿਆਂਦੇ ਜਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਦੋਹਾਂ ਮੁਲਕਾਂ ਵਿਚਕਾਰ ਇਸ ਸਬੰਧੀ ਸੰਧੀਆਂ ਹੁੰਦੀਆਂ ਹਨ ਜਿਨ੍ਹਾਂ ਅਧੀਨ ਕਾਨੂੰਨ ਮੁਤਾਬਿਕ ਹੀ ਸਾਰੀ ਕਾਰਵਾਈ ਕੀਤੀ ਜਾਂਦੀ ਹੈ।
ਜੇ ਪੂਰੇ ਤੱਥਾਂ ਨਾਲ ਕੇਸ ਦੀ ਪੈਰਵੀ ਕੀਤੀ ਜਾਵੇ ਤਾਂ ਸਭ ਮੁਮਕਿਨ ਹੈ।
ਭਾਰਤੀ ਤੇ ਕੈਨੇਡੀਅਨ ਰਾਜਸੀ ਆਗੂਆਂ ਬਾਰੇ ਪੁੱਛੇ ਗਏ ਸਵਾਲ ਨੂੰ ਹਾਸੇ ਨਾਲ ਟਾਲਦਿਆਂ ਉੱਜਲ ਦੁਸਾਂਝ ਨੇ ਕਿਹਾ ਕਿ ਕੈਨੇਡਾ ਦੇ ਰਾਜਸੀ ਨੇਤਾ ਵਧੇਰੇ ਪ੍ਰਤੀਬੱਧ ਨੇ ਜਿੱਥੇ ਰੰਗ ਨਸਲ ਦਾ ਭੇਦ ਕੀਤੇ ਬਗ਼ੈਰ ਲੋਕ ਹਿੱਤਾਂ ਦੀ ਗੱਲ ਕੀਤੀ ਜਾਂਦੀ ਹੈ।
ਉਥੋਂ ਦੇ ਪਚਾਨਵੇਂ ਫੀਸਦੀ ਲੋਕ ਨਸਲੀ ਵਿਤਕਰੇਬਾਜ਼ੀ ਤੋਂ ਮੁਕਤ ਹਨ।
ਖਾਲਿਸਤਾਨ ਦੇ ਮੁੱਦੇ ਤੇ ਉਹਨਾਂ ਕਿਹਾ ਕਿ ਇਸ ਨੂੰ ਕੁਝ ਬੰਦਿਆਂ ਦੇ ਬਿਆਨਾਂ ਦੇ ਅਧਾਰ ਤੇ ਹਵਾ ਦਿੱਤੀ ਜਾਂਦੀ ਹੈ ਪਰ ਧਰਾਤਲ ਵਿਚ ਸਥਿਤੀ ਇਸ ਤਰਾਂ ਦੀ ਨਹੀਂ।
ਸਾਬਕਾ ਪ੍ਰੀਮਿਅਰ ਨੇ ਨੌਜਵਾਨਾਂ ਨੂੰ ਸੁਨੇਹਾ ਦੇਂਦਿਆਂ ਕਿਹਾ ਕਿ ਪੜ੍ਹਨਾ ਲਿਖਣਾ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ ਜਦਕਿ ਪੈਸੇ ਤਾਂ ਸਾਰੀ ਉਮਰ ਕਮਾਏ ਜਾ ਸਕਦੇ ਹਨ। ਉਹਨਾਂ ਦਾ ਵਿਚਾਰ ਸੀ ਕਿ ਸਿਰਫ਼ ਚੋਣ ਲੜਨਾ ਹੀ ਸਿਆਸਤ ਨਹੀਂ।ਬਲਕਿ ਜਿਹੜਾ ਚੋਣ ਨਹੀਂ ਲੜਦਾ ਉਹ ਵੀ ਸਿਆਸਤ ਦਾ ਹੀ ਹਿੱਸਾ ਹੁੰਦਾ ਹੈ।
ਆਪਣੇ ਪਿਛੋਕੜ ਦੀ ਗੱਲ ਕਰਦਿਆਂ ਉੱਜਲ ਦੁਸਾਂਝ ਨੇ ਕਿਹਾ ਕਿ ਸੰਨ 1964 ਵਿਚ ਸਤਾਰਾਂ ਸਾਲ ਦੀ ਉਮਰ ਵਿਚ ਉਹ ਇੰਗਲੈਂਡ ਗਏ ਜਿੱਥੇ ਉਹਨਾਂ ਪੰਜਾਬੀ ਮੈਗਜ਼ੀਨਾਂ ਤੇ ਰੇਡੀਓ ਵਾਸਤੇ ਕੰਮ ਕੀਤਾ।
ਉਹਨਾਂ ਇਸ ਗੱਲ ਤੇ ਜ਼ੋਰ ਦੇ ਕੇ ਕਿਹਾ ਕਿ ਅਜ਼ਾਦੀ ਦੀ ਲਹਿਰ ਵਾਂਗ ਅੱਜ ਦੇ ਯੁੱਗ ਵਿੱਚ ਭ੍ਰਿਸ਼ਟਾਚਾਰ ਮੁਕਤ ਸਮਾਜ ਬਨਾਉਣ ਲਈ ਵੀ ਅੰਦੋਲਨ ਕੀਤੇ ਜਾਣ ਦੀ ਲੋੜ ਹੈ। ਸਰਕਾਰ ਸਿਹਤ ਤੇ ਮਿਆਰੀ ਸਿੱਖਿਆ ਜੇਹੀਆਂ ਸਹੂਲਤਾਂ ਤਾਂ ਲੋਕਾਂ ਨੂੰ ਮੁਫ਼ਤ ਪ੍ਰਦਾਨ ਕਰੇ ਪਰ ਲੋਕਾਂ ਨੂੰ ਇਸ ਤੋਂ ਇਲਾਵਾ ਮੁਫ਼ਤਖੋਰੀ ਦੀ ਆਦਤ ਬਿਲਕੁਲ ਨਹੀਂ ਪਾਉਣੀ ਚਾਹੀਦੀ।
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸੂਬਾਈ ਪ੍ਰਧਾਨ ਬਲਬੀਰ ਸਿੰਘ ਜੰਡੂ ਨੇ ਆਪਣੇ ਸੁਆਗਤੀ ਸ਼ਬਦਾਂ ਵਿਚ ਕਿਹਾ ਕਿ ਉੱਜਲ ਦੁਸਾਂਝ ਤੇ ਸਾਰੇ ਪੰਜਾਬੀਆਂ ਨੂੰ ਫ਼ਖ਼ਰ ਹੈ।
ਮੰਚ ਸੰਚਾਲਨ ਕਰਦਿਆਂ ਯੂਨੀਅਨ ਦੀ ਜਨਰਲ ਸਕੱਤਰ ਬਿੰਦੂ ਸਿੰਘ ਨੇ ਕਿਹਾ ਕਿ ਕਿਸੇ ਵੀ ਸ਼ਖ਼ਸੀਅਤ ਨੂੰ ਚੰਗੀ ਤਰ੍ਹਾਂ ਜਾਨਣ ਲਈ ਸੰਵਾਦ ਸਭ ਤੋਂ ਵਧੀਆ ਰਸਤਾ ਹੈ।
ਇੰਡੀਅਨ ਜਰਨਲਿਸਟਸ ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਜੰਮੂ ਨੇ ਉੱਜਲ ਦੁਸਾਂਝ ਤੇ ਉਹਨਾਂ ਦੀ ਪਤਨੀ ਰਮਿੰਦਰ ਦੁਸਾਂਝ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੰਵਾਦ ਹਮੇਸ਼ਾ ਹੀ ਪ੍ਰੇਰਣਾਦਾਇਕ ਹੁੰਦੇ ਹਨ।
ਇਸ ਮੌਕੇ 'ਤੇ ਕੇਂਦਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ਼ਾਮ ਸਿੰਘ , ਗੁਰਪ੍ਰੀਤ ਸਿੰਘ , ਮਾਲਵਿੰਦਰ ਸਿੰਘ ਮਾਲੀ, ਬਲਜੀਤ ਬੱਲੀ , ਗੁਰਉਪਦੇਸ਼ ਭੁੱਲਰ, ਅਮਰਪਾਲ ਬੈੰਸ, ਜਗਤਾਰ ਭੁੱਲਰ ,. ਭੁਪਿੰਦਰ ਸਿੰਘ ਮਲਿਕ, ਗੁਰਪ੍ਰੀਤ ਡੈਨੀ,ਪ੍ਰੋ ਦਿਲਬਾਗ ਸਿੰਘ , ਪਰਮਿੰਦਰ ਸਿੰਘ ਮਦਾਨ, ਗੁਰਮੀਤ ਸਿੰਘ , ਸਰਬਜੀਤ ਭੱਟੀ, ਪ੍ਰਭਾਤ ਭੱਟੀ , ਅਜਾਇਬ ਔਜਲਾ, ਸਾਬਕਾ ਏ.ਡੀ.ਸੀ ਪ੍ਰੀਤਮ ਸਿੰਘ ਜੌਹਲ, ਜਸਬੀਰ ਕੁਮਾਰ, ਸਰਬਜੀਤ ਸਿੰਘ ਧਾਲੀਵਾਲ , ਦਰਸ਼ਨ ਖੋਖਰ, ਬਲਜੀਤ ਮਰਵਾਹਾ, ਵੀਨੀਤ ਕਪੂਰ ਨੇ ਵੀ ਸੰਵਾਦ 'ਚ ਹਿੱਸਾ ਲਿਆ।