ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਦੇ ਭੋਗ ਰਸਮ 'ਚ ਹੋਏ ਸ਼ਾਮਲ
- ਮੁੱਖ ਮੰਤਰੀ ਨੇ ਭਾਵੁਕ ਹੋ ਕੇ ਕਿਹਾ-ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਐਨੀ ਜਲਦੀ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਦੇਣੀ ਪਵੇਗੀ
- ਕਿਹਾ - ਹਰ ਪੰਜਾਬੀ ਬੋਲਣ ਵਾਲੇ ਨੂੰ ਪਾਤਰ ਸਾਹਿਬ ਪ੍ਰਤੀ ਮਾਣ ਹੁੰਦਾ ਹੈ, ਇਹ ਬਿਲਕੁਲ ਨਹੀਂ ਹੋ ਸਕਦਾ ਕਿ ਜਿਹੜਾ ਪੰਜਾਬੀ ਭਾਸ਼ਾ ਨੂੰ ਪਿਆਰ ਕਰੇ ਉਹ ਪਾਤਰ ਸਾਹਿਬ ਨੂੰ ਪਿਆਰ ਨਾ ਕਰੇ
ਚੰਡੀਗੜ੍ਹ/ਲੁਧਿਆਣਾ, 20 ਮਈ 2024 - ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਜੀ ਦੇ ਭੋਗ ਰਸਮ ਵਿੱਚ ਸ਼ਾਮਲ ਹੋਏ। ਮੁੱਖ ਮੰਤਰੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਨੂੰ ਪਾਤਰ ਸਾਹਿਬ ਨੂੰ ਐਨੀ ਜਲਦੀ ਸ਼ਰਧਾਂਜਲੀ ਭੇਟ ਕਰਨੀ ਪਵੇਗੀ।
ਉਨ੍ਹਾਂ ਕਿਹਾ ਕਿ ਜਦੋਂ ਵੀ ਮੈਨੂੰ ਮੌਕਾ ਮਿਲਦਾ ਤਾਂ ਮੈਂ ਪਾਤਰ ਸਾਹਿਬ ਦੇ ਲਿਖੇ ਸ਼ਬਦ ਪੜ੍ਹ ਕੇ ਚਰਚਾ ਕਰਦਾ ਸੀ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੀ ਤਰਫ਼ੋਂ ਪਾਤਰ ਐਵਾਰਡ ਸ਼ੁਰੂ ਕਰਾਂਗੇ। ਜਿਸ ਵਿੱਚ ਸੱਤਵੀਂ ਜਮਾਤ ਤੋਂ ਲੈ ਕੇ ਗਰੈਜੂਏਸ਼ਨ ਤੱਕ ਦੇ ਬੱਚਿਆਂ ਲਈ ਵੱਖ-ਵੱਖ ਪੱਧਰਾਂ ’ਤੇ ਕਵਿਤਾ ਮੁਕਾਬਲੇ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਪਾਤਰ ਸਾਹਿਬ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਸਾਰ ਲਈ ਬਹੁਤ ਕਾਰਜ ਕੀਤੇ ਹਨ। ਪੰਜਾਬੀ ਬੋਲਣ ਵਾਲਾ ਹਰ ਕੋਈ ਉਨ੍ਹਾਂ 'ਤੇ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਵੀ ਸੰਭਵ ਨਹੀਂ ਹੈ ਕਿ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਪਾਤਰ ਸਾਹਿਬ ਨੂੰ ਪਿਆਰ ਨਾ ਕਰਦਾ ਹੋਵੇ।
ਉਨ੍ਹਾਂ ਕਿਹਾ ਕਿ ਅੱਜ ਪੰਜਾਬੀ ਮਾਂ ਬੋਲੀ ਇਸ ਲਈ ਦੁਖੀ ਹੈ ਕਿਉਂਕਿ ਇਸ ਦਾ ਲਾਡਲਾ ਪੁੱਤਰ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ ਹੈ। ਅਜਿਹੀਆਂ ਕਲਮਾਂ ਕਦੇ-ਕਦਾਈਂ ਹੀ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪਾਤਰ ਸਾਹਿਬ ਦਾ ਪਰਿਵਾਰ ਵੀ ਮੇਰੇ ਪਰਿਵਾਰ ਵਾਂਗ ਹੈ। ਮੈਂ ਉਨ੍ਹਾਂ ਦੇ ਨਾਲ ਹਮੇਸ਼ਾ ਖੜ੍ਹਾ ਹਾਂ ।