ਟਿਕਟ ਕੱਟੇ ਜਾਣ ਤੇ ਮੌਕਾਪ੍ਰਸਤੀ ਦੀ ਸਿਆਸਤ ਦੀ ਕਿਤਾਬ ਵਿੱਚ ਇਕ ਹੋਰ ਨਵਾਂ ਪੰਨਾ ਜੁੜਿਆ
- ਮੋਗਾ ਦੇ ਕਾਂਗਰਸੀ ਵਿਧਾਇਕ ਹਰਜੋਤ ਕਮਲ ਟਿਕਟ ਕਟੀ ਜਾਣ ਦੇ ਕੁਝ ਸਮੇਂ ਬਾਅਦ ਹੀ ਬੀਜੇਪੀ ਵਿੱਚ ਹੋਏ ਸ਼ਾਮਿਲ
ਦੀਪਕ ਗਰਗ
ਚੰਡੀਗੜ੍ਹ 15 ਜਨਵਰੀ 2022
5 ਦਿਨ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਏ ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਕਾਂਗਰਸ ਨੇ ਮੋਗਾ ਤੋਂ ਟਿਕਟ ਦਿੱਤੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਛੱਡ ਕੇ ਆਏ ਭੁਪਿੰਦਰ ਸਿੰਘ ਸਾਹੋਕੇ ਨੂੰ ਨਿਹਾਲ ਸਿੰਘ ਵਾਲਾ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਪਾਰਟੀ ਨੇ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਲੋਹਗੜ੍ਹ ਤੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਨੂੰ ਧਰਮਕੋਟ ਤੋਂ ਉਮੀਦਵਾਰ ਬਣਾਇਆ ਹੈ। ਮੋਗਾ ਸੀਟ ਨੂੰ ਲੈ ਕੇ ਜ਼ਿਲ੍ਹੇ ਵਿੱਚ ਪਹਿਲਾਂ ਹੀ ਵਿਵਾਦ ਚੱਲ ਰਿਹਾ ਹੈ। ਹੁਣ ਇੱਥੋਂ ਮੌਜੂਦਾ ਵਿਧਾਇਕ ਹਰਜੋਤ ਕਮਲ ਦੀ ਟਿਕਟ ਕੱਟ ਦਿੱਤੀ ਗਈ ਹੈ।
ਉਹ ਪਹਿਲਾਂ ਹੀ ਤਿੰਨ ਦਿਨਾਂ ਤੋਂ ਦਿੱਲੀ ਵਿੱਚ ਡੇਰੇ ਲਾਈ ਬੈਠੇ ਸਨ ਅਤੇ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਸੀ ਕਿ ਹਰਜੋਤ ਕਮਲ ਪਿਛਲੇ ਤਿੰਨ ਦਿਨਾਂ ਤੋਂ ਦਿੱਲੀ 'ਚ ਡੇਰੇ ਲਾਈ ਬੈਠੇ ਹਨ। ਹੁਣ ਹਰਜੋਤ ਕਮਲ ਦੇ ਫੇਸਬੁਕ ਅਕਾਉਂਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਹ ਕੁਝ ਹੀ ਸਮਾਂ ਪਹਿਲਾਂ ਬੀਜੇਪੀ ਵਿੱਚ ਸ਼ਾਮਿਲ ਹੋ ਚੁੱਕੇ ਹਨ। ਸੂਤਰਾਂ ਮੁਤਾਬਿਕ ਉਹ ਪੱਕੀ ਟਿਕਟ ਦੀ ਮੰਗ ਕਰ ਰਹੇ ਸਨ। ਕੁਝ ਦਿਨਾਂ ਤੋਂ ਉਨ੍ਹਾਂ ਦੇ ਘਰ ਅੱਗੇ ਸਮਰਥਕਾਂ ਦਾ ਕੋਈ ਇਕੱਠ ਨਹੀਂ ਦਿਖ ਰਿਹਾ ਸੀ।
ਜਦੋਂਕਿ ਬਾਲੀਵੂਡ ਸਟਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਹਰਜੋਤ ਕਮਲ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਸਮੇਂ ਉਨ੍ਹਾਂ ਦੇ ਘਰ ਅੱਗੇ ਸਮਰਥਕਾਂ ਦੇ ਇਕੱਠ ਵਿੱਚ ਉਨ੍ਹਾਂ ਵਲੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਸੀ ਕਿ ਭਾਵੇਂ ਉਹ ਕਿਸੇ ਪਾਰਟੀ ਤੋਂ ਜਾਂ ਆਜ਼ਾਦ ਤੌਰ 'ਤੇ ਚੋਣ ਕਿਉਂ ਨਾ ਲੜਨ। ਉਸ ਸਮੇਂ ਮੋਗਾ ਦੇ ਕੌਂਸਲਰ ਅਤੇ ਵੱਖ-ਵੱਖ ਪਿੰਡਾਂ ਦੇ ਸਰਪੰਚ ਤੇ ਪੰਚ ਵੀ ਮਾਲਵਿਕਾ ਦਾ ਵਿਰੋਧ ਕਰ ਰਹੇ ਸਨ।
ਹੁਣ ਇਹ ਤਾਂ ਬੀਜੇਪੀ ਵਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਤੇ ਹੀ ਪੱਤਾ ਲੱਗੇਗਾ ਕਿ ਜੇਕਰ ਹਰਜੋਤ ਕਮਲ ਨੂੰ ਟਿਕਟ ਮਿਲਦੀ ਹੈ ਤਾਂ ਉਨ੍ਹਾਂ ਦੇ ਕਿੰਨੇ ਸਮਰਥਕ ਉਨ੍ਹਾਂ ਨਾਲ ਖੜਦੇ ਹੋਏ ਬੀਜੇਪੀ ਨਾਲ ਜਾਂਦੇ ਹਨ। ਪਰ ਟਿਕਟ ਕੱਟੀ ਜਾਣ ਤੇ ਹੋ ਰਹੀ ਮੌਕਾਪ੍ਰਸਤੀ ਦੀ ਸਿਆਸਤ ਦੀ ਲਿਖੀ ਜਾ ਰਹੀ ਕਿਤਾਬ ਵਿੱਚ ਇਕ ਹੋਰ ਨਵਾਂ ਪੰਨਾ ਜੁੜ ਗਿਆ ਹੈ।
ਦੇਖੋ ਵੀਡੀਓ....
ਮੋਗੇ ਤੋਂ ਕਾਂਗਰਸੀ ਐਮ.ਐਲ.ਏ ਹਰਜੋਤ ਸਿੰਘ ਕਮਲ ਹੋਏ ਬੀਜੇਪੀ ਵਿੱਚ ਸ਼ਾਮਿਲ
https://www.facebook.com/BabushahiDotCom/videos/1838510839687793