ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਸੈਂਕੜੇ ਪ੍ਰਸੰਸਕ, ਮਾਤਾ ਚਰਨ ਕੌਰ ਨੂੰ ਮਿਲੇ
--ਮੂਸੇ ਪਿੰਡ ਦੇ ਲੋਕਾਂ ਨੂੰ ਹਵੇਲੀ ਅੱਗੋ ਲੰਘਣ ਸਮੇਂ ਸਿੱਧੂ ਦੀਆਂ ਯਾਦਾਂ ਹੋ ਜਾਦੀਆਂ ਤਾਜਾ
--ਜਵਾਹਰਕੇ ਪਿੰਡ ਦੇ ਲੋਕਾਂ ਨੂੰ ਵੀ ਪੰਜ ਵਜੇ ਸਿੱਧੂ ਦੀ ਘਟਨਾ ਆਉਣ ਲੱਗ ਜਾਂਦੀ ਹੈ ਚੇਤੇ
ਮਾਨਸਾ, 6 ਨਵੰਬਰ 2022 : ਐਤਵਾਰ ਦੇ ਦਿਨ ਮੂਸਾ ਪਿੰਡ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸੰਸਕ ਉਨ੍ਹਾਂ ਦੇ ਮਾਤਾ ਪਿਤਾ ਨੂੰ ਮਿਲਣ ਦੇ ਲਈ ਵੱਡੀ ਤਾਦਾਦ ਵਿੱਚ ਪਹੁੰਚਦੇ ਹਨ ਬੇਸ਼ੱਕ ਅੱਜ ਵੀ ਮੂਸੇਵਾਲਾ ਦੇ ਪ੍ਰਸੰਸਕ ਉਨ੍ਹਾਂ ਦੀ ਹਵੇਲੀ ਪਹੁੰਚੇ ਪਰ ਮਾਤਾ ਚਰਨ ਕੌਰ ਵੱਲੋਂ ਸਾਰੇ ਹੀ ਪ੍ਰਸੰਸਕਾਂ ਨੂੰ ਜੀ ਆਇਆ ਕਿਹਾ ਅਤੇ ਉਨ੍ਹਾਂ ਦੇ ਸੰਘਰਸ਼ ਵਿੱਚ ਸਾਥ ਦੇਣ ਦੇ ਲਈ ਵੀ ਧੰਨਵਾਦ ਕੀਤਾ ਇਸ ਦੌਰਾਨ ਹਵੇਲੀ ਵਿਚ ਪਹੁੰਚੇ ਪ੍ਰਸੰਸਕਾਂ ਦੇ ਨਾਲ ਮਾਤਾ ਚਰਨ ਕੌਰ ਮਿਲੇ ਅਤੇ ਉਨ੍ਹਾਂ ਦੇ ਨਾਲ ਫੋਟੋਆਂ ਵੀ ਕਰਵਾਈਆਂ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਸੈਂਕੜੇ ਪ੍ਰਸੰਸਕ, ਮਾਤਾ ਚਰਨ ਕੌਰ ਨੂੰ ਮਿਲੇ (ਵੀਡੀਓ ਵੀ ਦੇਖੋ)
ਮੂਸਾ ਪਿੰਡ ਪਹੁੰਚੇ ਸਿੱਧੂ ਮੂਸੇਵਾਲਾ ਦੇ ਪ੍ਰਸੰਸਕਾਂ ਵੱਲੋਂ ਉਨ੍ਹਾਂ ਦੀ ਮਾਤਾ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਸਰਕਾਰਾਂ ਨੂੰ ਅਪੀਲ ਕੀਤੀ ਗਈ ਕਿ ਸਿੱਧੂ ਮੂਸੇ ਵਾਲਾ ਨੂੰ ਇਨਸਾਫ ਦਿੱਤਾ ਜਾਵੇ। ਇਸ ਮੌਕੇ ਫਾਜ਼ਿਲਕਾ ਤੋਂ ਪਹੁੰਚੀ ਹਰਸ਼ਦੀਪ ਕੌਰ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਨੂੰ ਮਿਲਣਾ ਚਾਹੁੰਦੇ ਸਨ ਪਰ ਕੁਦਰਤ ਨੂੰ ਇਹ ਮਨਜ਼ੂਰ ਨਹੀਂ ਸੀ ਪਰ ਉਹ ਪਰਿਵਾਰ ਦੇ ਵਿੱਚ ਦੋ ਭੈਣਾਂ ਹਨ ਅਤੇ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਮੰਨਦੀਆਂ ਸਨ ਕਿਉਂਕਿ ਸਿੱਧੂ ਨੇ ਕਦੇ ਵੀ ਧੀਆਂ ਤੇ ਅਜਿਹਾ ਗੀਤ ਨਹੀਂ ਗਾਇਆ ਜਿਸ ਨਾਲ ਕਿਸੇ ਪਰਿਵਾਰ ਨੂੰ ਠੇਸ ਪਹੁੰਚੇ ਉਨ੍ਹਾਂ ਸਰਕਾਰ ਅੱਗੇ ਹੱਥ ਜੋੜ ਕਿਹਾ ਕਿ ਸਰਕਾਰ ਪਰਿਵਾਰ ਨੂੰ ਇਨਸਾਫ ਦੇਵੇ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿੰਡ ਦੀ ਹੀ ਮਾਤਾ ਹਰਬੰਸ ਕੌਰ ਨੇ ਕਿਹਾ ਕਿ ਸਾਡੇ ਪਿੰਡ ਦੀਆਂ ਗਲੀਆਂ ਸੁੰਨੀਆਂ ਹੋ ਗਈਆਂ ਹਨ ਅਤੇ ਸਾਡੇ ਪਿੰਡ ਦਾ ਹੀਰਾ ਬੱਚਾ ਸੀ ਅਤੇ ਸਾਥੋਂ ਭੁਲਾਇਆਂ ਨਹੀਂ ਜਾਂਦਾ ਅਤੇ ਹਵੇਲੀ ਦੇ ਅੱਗੋਂ ਵੀ ਨਹੀਂ ਲੰਘਿਆ ਜਾਂਦਾ ਅਤੇ ਉਸ ਦੀਆਂ ਯਾਦਾਂ ਹਰ ਸਮੇਂ ਤਾਜ਼ਾ ਰਹਿੰਦੀਆਂ ਹਨ ਉਨ੍ਹਾਂ ਕਿਹਾ ਕਿ ਪਿੰਡ ਦੇ ਚੌਕ ਵਿੱਚ ਬੱਚਿਆਂ ਦੇ ਨਾਲ 11-11 ਵਜੇ ਤੱਕ ਬੈਠਾ ਹਾਸਾ ਮਜ਼ਾਕ ਕਰਦਾ ਰਹਿੰਦਾ ਸੀ ਉਧਰੋਂ ਜਵਾਹਰਕੇ ਪਿੰਡ ਤੋਂ ਪਹੁੰਚੀ ਔਰਤ ਨੇ ਵੀ ਕਿਹਾ ਕਿ ਪਿੰਡ ਜਵਾਹਰਕੇ ਦੇ ਵਿੱਚ ਜਦੋਂ ਸ਼ਾਮ ਦੇ ਪੰਜ ਵੱਜ ਜਾਂਦੇ ਹਨ ਤਾਂ ਪਿੰਡ ਦੇ ਚੁੱਲ੍ਹੇ ਤਪਣੇ ਬੰਦ ਹੋ ਜਾਂਦੇ ਹਨ ਅਤੇ ਸਿੱਧੂ ਮੂਸੇਵਾਲਾ ਨੂੰ ਉਸ ਸਮੇਂ ਹਰ ਕੋਈ ਯਾਦ ਕਰਦਾ ਹੈ ਕਿ ਪੰਜ ਵਜੇ ਦੇ ਕਰੀਬ ਸਿੱਧੂ ਮੂਸੇਵਾਲਾ ਦਾ ਪਿੰਡ ਵਿੱਚ ਕਤਲ ਹੋਇਆ ਸੀ।