ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 19 ਫਰਵਰੀ 2021 - ਅਮਰੀਕਾ ਵਿੱਚ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੇ ਮਕਸਦ ਨਾਲ ਟੀਕਾਕਰਨ ਪ੍ਰਕਿਰਿਆ ਜਾਰੀ ਹੈ। ਪਰ ਇਸਦੇ ਸੰਬੰਧ ਵਿੱਚ ਅਮਰੀਕੀ ਸੈਨਾ ਦੇ ਜ਼ਿਆਦਾਤਰ ਜਵਾਨ ਟੀਕਾ ਲਗਵਾਉਣ ਲਈ ਤਿਆਰ ਨਹੀ ਹਨ। ਸੈਨਿਕਾਂ ਦੀ ਟੀਕਾਕਰਨ ਪ੍ਰਕਿਰਿਆ ਬਾਰੇ ਪੈਂਟਾਗਨ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰੀਕਾ ਦੇ ਸੈਨਿਕ ਮੈਂਬਰਾਂ ਵਿਚੋਂ ਤਕਰੀਬਨ ਇੱਕ ਤਿਹਾਈ ਮੈਂਬਰਾਂ ਨੇ ਕੋਵਿਡ -19 ਲਈ ਟੀਕਾ ਲਗਵਾਉਣ ਤੋਂ ਇਨਕਾਰ ਕੀਤਾ ਹੈ। ਇਸ ਸੰਬੰਧ ਵਿੱਚ ਏਅਰ ਫੋਰਸ ਦੇ ਮੇਜਰ, ਜਨਰਲ ਜੇਫ ਟਾਲੀਆਫੈਰੋ, ਅਨੁਸਾਰ ਇਹ ਟੀਕਾ ਸੈਨਾ ਦੇ ਮੈਂਬਰਾਂ ਲਈ ਸੁਰੱਖਿਅਤ ਹੈ ਜਦਕਿ ਸਿਪਾਹੀਆਂ ਨੂੰ ਟੀਕੇ ਦੇ ਫਾਇਦਿਆਂ ਨੂੰ ਸਮਝਾਉਣ ਵਿੱਚ ਸਹਾਇਤਾ ਲਈ ਸਿੱਖਿਆ ਦੀ ਜ਼ਰੂਰਤ ਹੈ। ਪੈਂਟਾਗਨ ਅਧਿਕਾਰੀ ਰੌਬਰਟ ਸੇਲਸਿਸ ਅਨੁਸਾਰ ਕੁੱਲ ਮਿਲਾ ਕੇ, ਰੱਖਿਆ ਵਿਭਾਗ ਨੇ 147,000 ਸੇਵਾ ਮੈਂਬਰਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਹੈ ਅਤੇ ਤਕਰੀਬਨ 359,000 ਨੂੰ ਟੀਕੇ ਦੀ ਪਹਿਲੀ ਖੁਰਾਕ ਮਿਲੀ ਹੈ। ਦੇਸ਼ ਦੇ ਸੋਸ਼ਲ ਸਾਇੰਸ ਐਂਡ ਮੈਡੀਸਨ ਦੇ ਅਧਿਐਨ ਦੇ ਅਨੁਸਾਰ, ਟੀਕੇ ਦੀ ਫੌਜੀ ਸਵੀਕ੍ਰਿਤੀ ਦਰ ਅਮਰੀਕਾ ਦੀ ਆਮ ਆਬਾਦੀ ਦੇ ਬਰਾਬਰ ਹੈ, ਜਿਸ ਅਨੁਸਾਰ ਆਮ ਆਬਾਦੀ ਦਾ 31 ਪ੍ਰਤੀਸ਼ਤ ਹਿੱਸਾ ਵੀ ਟੀਕਾ ਲਗਵਾਉਣ ਦੀ ਯੋਜਨਾ ਵਿੱਚ ਸ਼ਾਮਿਲ ਨਹੀਂ ਹੈ ।